22 ਅਗਸਤ ਦੀ ਸਵੇਰੇ ਜਿਵੇਂ ਹੀ ਕਰੀਬ ਨੌ ਕੁ ਵਜੇ ਸੋਸ਼ਲ ਮੀਡੀਆ 'ਤੇ ਨਜ਼ਰ ਮਾਰੀ ਤਾਂ ਜਸਵਿੰਦਰ ਭੱਲਾ ਦੇ ਦਿਹਾਂਤ ਦੀ ਖ਼ਬਰ ਵੇਖ ਮੈਂ ਜਿਵੇਂ ਇੱਕ ਦਮ ਸੁੰਨ ਹੋ ਗਿਆ। ਦਰਅਸਲ ਇਹ ਪੋਸਟ ਮੇਰੇ ਮਿੱਤਰ ਪਾਲੀ ਖਾਦਿਮ ਨੇ ਆਪਣੀ ਫੇਸਬੁੱਕ ਦੀ ਕੰਧ 'ਤੇ ਪਾਈ ਸੀ ਪਹਿਲਾਂ ਤਾਂ ਜਿਵੇਂ ਦਿਲ ਨੂੰ ਯਕੀਨ ਜਿਹਾ ਨਹੀਂ ਹੋਇਆ। ਮੈਂ ਪਾਲੀ ਖਾਦਿਮ ਨੂੰ ਫੋਨ ਲਾਇਆ ਤਾਂ ਉਸ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ '' ਹਾਂ ਅੱਬਾਸ ਜੀ! ਇਹ ਖ਼ਬਰ ਬਿਲਕੁਲ ਸੱਚੀ ਹੈ ਦਰਅਸਲ ਪਿਛਲੇ ਕੁੱਝ ਦਿਨਾਂ ਤੋਂ ਭੱਲਾ ਜੀ ਬੀਮਾਰ ਚੱਲ ਰਹੇ ਸਨ ਤੇ ਇੱਕ ਹਸਪਤਾਲ ਵਿੱਚ ਦਾਖਲ ਸਨ.!''
ਮੈਂ ਪਿਛਲੇ ਲੰਮੇ ਸਮੇਂ ਤੋਂ ਭੱਲਾ ਦੀ ਕਾਮੇਡੀ ਦਾ ਫੈਨ ਚਲਿਆ ਆ ਰਿਹਾ ਹਾਂ ਪਰ ਅੱਜ ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਸਦੀਵੀ ਵਿਛੋੜਾ ਦੇ ਜਾਣ 'ਤੇ ਦਿਲ ਨੂੰ ਸੱਟ ਵੱਜੀ। ਦਰਅਸਲ ਉਹਨਾਂ ਦੇ ਵਿਅੰਗ 'ਚ ਫੋਹੜਪਨ ਨਹੀਂ ਸੀ ਸਗੋਂ ਉਨ੍ਹਾਂ ਦੇ ਸਟਾਇਰ ਵਿੱਚ ਇੱਕ ਗਹਿਰੀ ਚੋਟ ਦੇ ਨਾਲ ਨਾਲ ਗੁੱਝਾ ਸੁਨੇਹਾ ਵੀ ਛੁਪਿਆ ਹੁੰਦਾ ਸੀ। ਉਨ੍ਹਾਂ ਨੇ ਆਪਣੇ ਚਾਚਾ ਚਤਰਾ ਦੇ ਕਿਰਦਾਰ ਨੂੰ ਹਮੇਸ਼ਾਂ ਲਈ ਜਿਵੇਂ ਸਜੀਵ ਕਰ ਦਿੱਤਾ। ਬਾਲ ਮੁਕੰਦ ਸ਼ਰਮਾ ਤੇ ਨੀਲੂ ਨਾਲ ਉਨ੍ਹਾਂ ਜੋ ਵੱਖ-ਵੱਖ ਛਣਕਾਟਿਆਂ ਦੀ ਪੇਸ਼ਕਾਰੀ ਕੀਤੀ, ਉਸ ਨੇ ਉਨ੍ਹਾਂ ਇੱਕ ਵੱਖਰੀ ਪਛਾਣ ਬਣਾਈ ਸੀ। ਪਾਕਿਸਤਾਨ ਦੇ ਉਮਰ ਸ਼ਰੀਫ ਤੋਂ ਬਾਅਦ ਜੇਕਰ ਮੈਨੂੰ ਕਿਸੇ ਕਾਮੇਡੀਅਨ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਤਾਂ ਉਹ ਜਸਵਿੰਦਰ ਭੱਲਾ ਸਨ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ ਜਦੋਂ ਮੈਂ ਉਨ੍ਹਾਂ ਬਾਰੇ ਸਰਚ ਕੀਤਾ ਤਾਂ ਬਹੁਤ ਸਾਰੀਆਂ ਜਾਣਕਾਰੀਆਂ ਮੇਰੇ ਸਾਹਮਣੇ ਆ ਗਈਆਂ।
ਪਾਲੀ ਖ਼ਾਦਿਮ ਆਪਣੀ ਫੇਸਬੁੱਕ ਦੀ ਕੰਧ ਤੇ ਭੱਲਾ ਸੰਬੰਧੀ ਜਾਣਕਾਰੀ ਫਰਾਹਮ ਕਰਦਿਆਂ ਲਿਖਦੇ ਹਨ, "ਜਸਵਿੰਦਰ ਭੱਲਾ (ਜਨਮ 4 ਮਈ 1960 ਪਿੰਡ ਕੱਦੋਂ, ਲੁਧਿਆਣਾ, ਪੰਜਾਬ) ਇੱਕ ਪੰਜਾਬੀ ਅਭਿਨੇਤਾ, ਕਾਮੇਡੀਅਨ ਅਤੇ ਲੇਖਕ ਸਨ, ਜੋ ਪੰਜਾਬੀ ਸਿਨੇਮਾ ਅਤੇ ਮਨੋਰੰਜਨ ਜਗਤ ਵਿੱਚ ਮਸ਼ਹੂਰ ਸਨ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿੱਚ "ਛਣਕਾਟਾ- 88" ਨਾਮਕ ਕਾਮੇਡੀ ਆਡੀਓ ਕੈਸੇਟ ਨਾਲ਼ ਕੀਤੀ, ਜੋ ਉਹਨਾਂ ਨੇ ਬਾਲ ਮੁਕੰਦ ਸ਼ਰਮਾ ਨਾਲ ਮਿਲ਼ ਕੇ ਬਣਾਈ। ਇਹ ਸੀਰੀਜ਼ ਬਹੁਤ ਪ੍ਰਸਿੱਧ ਹੋਈ ਅਤੇ ਉਹਨਾਂ ਨੇ 27 ਤੋਂ ਵੱਧ ਆਡੀਓ ਅਤੇ ਵੀਡੀਓ ਐਲਬਮਾਂ ਜਾਰੀ ਕੀਤੀਆਂ।''
ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਬਰਮਾਲੀਪੁਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਅਧਿਆਪਕ ਸਨ। ਉਹਨਾਂ ਦੀ ਪਤਨੀ ਪਰਮਿੰਦਰ ਭੱਲਾ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਇੱਕ ਪੁੱਤਰ ਪੁਖਰਾਜ ਭੱਲਾ ਅਤੇ ਇੱਕ ਧੀ ਅਸ਼ਪ੍ਰੀਤ ਕੌਰ ਹੈ। ਉਹਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ ਬੀ.ਐਸਸੀ. ਅਤੇ ਐਮ.ਐਸਸੀ. ਕੀਤੀ। ਉਹਨਾਂ ਨੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ, ਮੇਰਠ ਤੋਂ ਖੇਤੀਬਾੜੀ ਵਿਗਿਆਨ ਵਿੱਚ ਪੀਐਚ.ਡੀ. ਹਾਸਲ ਕੀਤੀ। ਉਹ ਕੁਝ ਸਮੇਂ ਲਈ PAU ਵਿੱਚ ਫੈਕਲਟੀ ਮੈਂਬਰ ਵੀ ਰਹੇ।
ਜਸਵਿੰਦਰ ਭੱਲਾ ਨੇ 1975 ਵਿੱਚ ਆਲ ਇੰਡੀਆ ਰੇਡੀਓ (AIR) ਲਈ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਉਹਨਾਂ ਦੀ ਪ੍ਰਸਿੱਧੀ "ਛਣਕਾਟਾ" ਸੀਰੀਜ਼ ਨਾਲ ਵਧੀ, ਜਿਸ ਵਿੱਚ ਉਹ ਚਾਚਾ ਚਤਰ ਸਿੰਘ, ਭਾਨਾ (ਐਨ.ਆਰ.ਆਈ.), ਜੇ.ਬੀ., ਅਤੇ ਤਾਇਆ ਫੁੰਮਣ ਸਿੰਘ ਵਰਗੇ ਕਿਰਦਾਰ ਨਿਭਾਉਂਦੇ ਹਨ। ਇਹ ਸੀਰੀਜ਼ ਪੰਜਾਬੀ ਸੱਭਿਆਚਾਰ, ਰਾਜਨੀਤੀ ਅਤੇ ਪੇਂਡੂ-ਸ਼ਹਿਰੀ ਜੀਵਨ ਦੇ ਅੰਤਰਾਂ 'ਤੇ ਹਾਸੇ-ਮਜ਼ਾਕ ਨੂੰ ਪੇਸ਼ ਕਰਦੀ ਹੈ। ਉਹਨਾਂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਫਿਲਮ "ਦੁੱਲਾ ਭੱਟੀ" ਨਾਲ ਕੀਤੀ। ਉਹਨਾਂ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਸ਼ਾਮਲ ਹਨ:
ਕੈਰੀ ਆਨ ਜੱਟਾ (2012, 2018, 2023)
ਜੱਟ ਐਂਡ ਜੂਲੀਅਟ (2012)
ਰੰਗੀਲੇ (2013)
ਸਰਦਾਰ ਜੀ (2015)
ਸ਼ਿੰਦਾ ਸ਼ਿੰਦਾ ਨੋ ਪਾਪਾ (2024)
ਫੇਰ ਮਾਮਲਾ ਗੜਬੜ ਹੈ (2024)
ਹੋਰ ਬਹੁਤ …
ਉਹਨਾਂ ਨੇ "ਨੌਟੀ ਬਾਬਾ ਇਨ ਟਾਊਨ" ਵਰਗੇ ਸਟੇਜ ਸ਼ੋਅ ਕੀਤੇ ਅਤੇ ਕੈਨੇਡਾ ਅਤੇ ਆਸਟ੍ਰੇਲੀਆ ਦੇ ਦੌਰੇ ਵੀ ਕੀਤੇ। ਜਸਵਿੰਦਰ ਭੱਲਾ ਦਾ ਵਿਆਹ ਪਰਮਿੰਦਰ ਭੱਲਾ ਨਾਲ਼ ਹੋਇਆ, ਜੋ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਪੁੱਤਰ ਪੁਖਰਾਜ ਭੱਲਾ ਵੀ ਕੁਝ "ਛਣਕਾਟਾ" ਕੈਸੇਟਾਂ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਉਹਨਾਂ ਦੀ ਧੀ ਅਸ਼ਪ੍ਰੀਤ ਕੌਰ ਦਾ ਵਿਆਹ ਨਾਰਵੇ ਵਿੱਚ ਹੋਇਆ ਹੈ। ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੀਆਂ ਹਾਸਰਸ ਭਰਪੂਰ ਭੂਮਿਕਾਵਾਂ ਅਤੇ ਕਾਮੇਡੀ ਸੀਰੀਜ਼ "ਛਣਕਾਟਾ" ਲਈ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ ਹੈ। ਉਹਨਾਂ ਨੇ ਪੰਜਾਬੀ ਮਨੋਰੰਜਨ ਨੂੰ ਨਵੀਂ ਪਛਾਣ ਦਿੱਤੀ ਅਤੇ ਆਪਣੀ ਵਿਲੱਖਣ ਸ਼ੈਲੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ।"
ਭੱਲਾ ਦੇ ਪਿਤਾ ਮਾਸਟਰ ਬਹਾਦੁਰ ਸਿੰਘ ਭੱਲਾ ਪਿੰਡ ਬਰਮਾਲੀਪੁਰ ਦੇ ਪ੍ਰਾਇਮਰੀ ਸਕੂਲ ਅਧਿਆਪਕ ਸਨ। ਭੱਲਾ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਹੀ ਆਪਣੀ ਮੁਢਲੀ ਸਿੱਖਿਆ ਪ੍ਰਾਪਤ ਕੀਤੀ।
ਇਸ ਉਪਰੰਤ ਭੱਲਾ ਨੇ ਬੀ.ਐਸ.ਸੀ. ਖੇਤੀਬਾੜੀ (ਆਨਰਜ਼) ਅਤੇ ਐਮ.ਐਸ.ਸੀ (ਐਕਸਟੈਂਸ਼ਨ ਐਜੂਕੇਸ਼ਨ) ਦੀ ਡਿਗਰੀ 1982 ਅਤੇ 1985 ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਤੋਂ ਹਾਸਲ ਕੀਤੀ। ਜ਼ਿਕਰਯੋਗ ਹੈ ਕਿ ਪੀ ਏ ਯੂ ਵਿੱਚ ਦਾਖਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਖੇਤੀਬਾੜੀ ਵਿਭਾਗ, ਪੰਜਾਬ ਵਿੱਚ ਪੰਜ ਸਾਲ ਤੱਕ ਏ.ਆਈ/ਏ.ਡੀ.ੳ ਵਜੋਂ ਸੇਵਾ ਨਿਭਾਈ। ਉਹ ਸਾਲ 1989 ਵਿਚ ਪੀ.ਏ.ਯੂ ਦੇ ਡਿਪਾਰਟਮੈਂਟ ਆਫ ਐਕਸਟੈਂਸ਼ਨ ਐਜੂਕੇਸ਼ਨ ਵਿਚ ਸਹਾਇਕ ਪ੍ਰੋਫੈਸਰ ਦੇ ਤੌਰ 'ਤੇ ਸ਼ਾਮਲ ਹੋਏ ਤੇ ਆਪਣੀ ਪੀ.ਐਚ.ਡੀ. (ਐਗਰੀ. ਐਕਸਟੈਂਸ਼ਨ) ਸਾਲ 2000 ਦੌਰਾਨ ਸੀਸੀਐਸਯੂ, ਮੇਰਠ ਤੋਂ ਇਕ ਸੇਵਾ-ਦੋਰਾਨ ਵਿਦਿਆਰਥੀ ਦੇ ਤੌਰ 'ਤੇ ਪੂਰੀ ਕੀਤੀ। ਜਸਵਿੰਦਰ ਭੱਲਾ 2020 ਵਿੱਚ ਵਿਭਾਗ ਦੇ ਮੁਖੀ ਵਜੋਂ ਸੇਵਾਮੁਕਤ ਹੋਇਆ ਹੋਏ।
ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਕਿ ਭੱਲਾ ਨੂੰ ਮੁੱਖ ਤੌਰ 'ਤੇ ਆਪਣੇ ਪ੍ਰੋਗਰਾਮ ਛਣਕਾਟਾ ਅਤੇ ਕਿਰਦਾਰ ਚਾਚਾ ਚਤਰਾ ਕਰਕੇ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੀ ਪਹਿਲੀ ਵਾਰੀ 1988 ਵਿਚ ਚਾਚਾ ਚਤਰਾ ਦੇ ਕਿਰਦਾਰ ਵਜੋਂ ਛਣਕਾਟਾ ਨਾਲ ਆਪਣਾ ਕਲਾਕਾਰ ਜੀਵਨ ਸ਼ੁਰੂ ਕੀਤਾ ਸੀ, ਜਿਸ ਵਿੱਚ ਇਹਨਾਂ ਦੇ ਮੁੱਖ ਸਾਥੀ ਕਲਾਕਾਰ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਸਨ। ਪੰਜਾਬੀ ਫਿਲਮਾਂ ਵਿੱਚ ਇਹਨਾਂ ਨੇ ਆਪਣੀ ਸ਼ੁਰੂਆਤ ਫ਼ਿਲਮ "ਦੁੱਲਾ ਭੱਟੀ" ਤੋਂ ਕੀਤੀ। ਇਸ ਤੋਂ ਬਾਅਦ ਇਹਨਾਂ ਨੇ ਕਈ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਜਿੰਨਾਂ ਵਿੱਚ ਚੱਕ ਦੇ ਫੱਟੇ, ਕੈਰੀ ਆਨ ਜੱਟਾ, ਡੈਡੀ ਕੂਲ ਮੁੰਡੇ ਫ਼ੂਲ ਆਦਿ ਫ਼ਿਲਮਾਂ ਬਹੁਤ ਮਕਬੂਲ ਹੋਈਆਂ ਹਨ।
ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਬਤੌਰ ਕਲਾਕਾਰ ਜੀਵਨ ਤੇ ਨਜ਼ਰ ਮਾਰਦੇ ਹਾਂ ਤਾਂ ਭੱਲਾ ਨੇ ਆਜ਼ਾਦੀ ਦਿਹਾੜੇ ਅਤੇ ਗਣਤੰਤਰ ਦਿਵਸ ਪ੍ਰਦਰਸ਼ਨਾਂ 'ਤੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਆਪਣੇ ਸੰਘਰਸ਼ ਦੇ ਦਿਨਾਂ ਦੀ ਵਿਥਿੱਆ ਬਿਆਨ ਕਰਦਿਆਂ ਉਹਨਾਂ ਇੱਕ ਵਾਰ ਖੁਦ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਦੂਰ ਦਰਸ਼ਨ ਤੇ ਆਪਣੀਆਂ ਸਕਿੱਟਾਂ ਦੀ ਪੇਸ਼ਕਾਰੀ ਕਰਨ ਲਈ ਉਨ੍ਹਾਂ ਨੂੰ ਪਹਿਲਾਂ ਪਹਿਲ ਬਹੁਤ ਸੰਘਰਸ਼ ਕਰਨਾ ਪਿਆ ਸੀ ਤੇ ਉਹ ਦੱਸਦੇ ਨੇ ਕਿ ਉਨ੍ਹਾਂ ਦਿਨਾਂ ਲੁਧਿਆਣਾ ਤੋਂ ਜਲੰਧਰ ਦਾ ਕਿਰਾਇਆ ਦੱਸ ਗਿਆਰਾਂ ਰੁਪਏ ਹੋਇਆ ਕਰਦਾ ਸੀ। ਇਨ੍ਹਾਂ ਦੱਸ ਗਿਆਰਾਂ ਰੁਪਏ ਜੁਟਾਉਣ ਲਈ ਮੈਨੂੰ ਤੇ ਬਾਲ ਮੁਕੰਦ ਸ਼ਰਮਾ, ਜੋ ਯੂਨੀਵਰਸਿਟੀ ਚ ਸਹਿਪਾਠੀ ਸਨ, ਨੂੰ ਇੱਕ-ਇੱਕ ਦੋ ਰੁਪਏ ਜੋੜ ਕੇ ਕਿਰਾਇਆ ਇੱਕਠਾ ਕਰਨਾ ਪੈਂਦਾ ਸੀ। ਇੱਥੇ ਜ਼ਿਕਰਯੋਗ ਹੈ ਕਿ ਜਸਵਿੰਦਰ ਭੱਲਾ ਅਤੇ ਦੋ ਸਹਿਪਾਠੀਆਂ ਨੂੰ 1975 ਵਿਚ ਆਲ ਇੰਡੀਆ ਰੇਡੀਓ ਲਈ ਚੁਣਿਆ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇਕ ਵਿਦਿਆਰਥੀ ਦੇ ਰੂਪ ਵਿਚ ਜਸਵਿੰਦਰ ਭੱਲਾ ਨੇ ਯੂਨੀਵਰਸਿਟੀ ਦੇ ਪ੍ਰੋਗਰਾਮਾਂ ਵਿਚ ਕਾਮੇਡੀ ਪ੍ਰਦਰਸ਼ਨ ਕੀਤਾ ਸੀ। ਉਸਨੇ 1988 ਵਿੱਚ ਆਪਣੇ ਪੇਸ਼ੇਵਰ ਕਰੀਅਰ ਨੂੰ ਸਹਿਕਾਰਤਾ ਬਾਲ ਮੁਕੰਦ ਸ਼ਰਮਾ ਦੇ ਨਾਲ ਆਡੀਓ ਕੈਸੇਟ ਛਣਕਾਟਾ 1988 ਨਾਲ ਆਰੰਭ ਕੀਤਾ। ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਹਿਪਾਠੀ ਸਨ। ਸ਼ਬਦ ਛਣਕਾਟਾ ਪੀਏਯੂ ਦੇ ਭੱਲਾ ਅਤੇ ਸ਼ਰਮਾ ਦੁਆਰਾ ਕੀਤੇ ਗਏ ਕਾਲਜ ਪੱਧਰ ਦੇ ਸਾਲਾਨਾ ਸ਼ੋਅ ਤੋਂ ਪੈਦਾ ਹੋਇਆ ਹੈ। ਪੰਜਾਬੀ ਦੇ ਲੇਖਕ ਜਗਦੇਵ ਸਿੰਘ ਜੱਸੋਵਾਲ ਦੀ ਨਿੱਜੀ ਸਹਾਇਤਾ 'ਤੇ ਪ੍ਰੋਫੈਸਰ ਮੋਹਨ ਸਿੰਘ ਮੇਲਾ (ਸੱਭਿਆਚਾਰਕ ਤਿਉਹਾਰ) 'ਚ ਪ੍ਰਦਰਸ਼ਨ ਕਰਦੇ ਹੋਏ ਦੂਰਦਰਸ਼ਨ ਕੇਂਦਰ ਜਲੰਧਰ ਨੇ ਉਨ੍ਹਾਂ ਨੂੰ ਦੇਖਿਆ। ਉਸਨੇ ਛਣਕਾਟਾ ਸੀਰੀਜ਼ ਦੇ 27 ਆਡੀਓ ਅਤੇ ਵੀਡੀਓ ਐਲਬਮਾਂ ਨੂੰ ਜਾਰੀ ਕੀਤਾ ਹੈ। ਬਾਲ ਮੁਕੰਦ ਸ਼ਰਮਾ ਤੋਂ ਇਲਾਵਾ ਨੀਲੂ ਸ਼ਰਮਾ ਵੀ ਛਣਕਾਟਾ ਸੀਰੀਜ਼ ਦਾ ਹਿੱਸਾ ਹੈ। ਛਣਕਾਟਾ 2002 ਨਾਲ ਸ਼ੁਰੂ ਲੜੀ ਨੂੰ ਵੀ ਵਿਡਿਓ ਕੈਸੇਟ ਵੀ ਰਿਲੀਜ਼ ਕੀਤਾ ਗਿਆ।
ਜੇਕਰ ਉਨ੍ਹਾਂ ਦੇ ਪੰਜਾਬੀ ਫਿਲਮ ਦੇ ਕੈਰੀਅਰ ਤੇ ਨਜ਼ਰ ਮਾਰੀਏ ਤਾਂ ਮੈਂ ਸਮਝਦਾ ਹਾਂ ਕਿ ਮਿਹਰ ਮਿੱਤਲ ਤੋਂ ਬਾਅਦ ਜਸਵਿੰਦਰ ਭੱਲਾ ਇੱਕ ਅਜਿਹੇ ਪੰਜਾਬੀ ਕਾਮੇਡੀਅਨ ਸੁਪਰ ਸਟਾਰ ਹਨ, ਜਿਨ੍ਹਾਂ ਨੂੰ ਸਕਰੀਨ 'ਤੇ ਵੇਖਣ ਸਾਰ ਦਰਸ਼ਕ ਹੱਸਣਾ ਸ਼ੁਰੂ ਕਰ ਦਿੰਦੇ ਹਨ। ਜਸਵਿੰਦਰ ਨੇ ਪੰਜਾਬੀ ਫਿਲਮਾਂ ਜਿਵੇਂ ਮਾਹੌਲ ਠੀਕ ਹੈ, ਜੀਜਾ ਜੀ, ਜਿਹਨੇ ਮੇਰ ਦਿਲ ਲੁੱਟਿਆ, ਪਾਵਰ ਕੱਟ, ਕਬੱਡੀ ਇਕ ਵਾਰ ਫਿਰ, ਆਪਾਂ ਫਿਰ ਮਿਲਾਂਗੇ, ਮੇਲ ਕਰਾ ਦੇ ਰੱਬਾ, ਕੈਰੀ ਆਨ ਜੱਟਾ, ਜੱਟ ਐਂਡ ਜੂਲੀਟ, ਜੱਟ ਏਅਰਵੇਜ਼, ਆਦਿ ਵਿਚ ਕੰਮ ਕੀਤਾ ਹੈ। ਕੁਝ ਪੰਜਾਬੀ ਫਿਲਮਾਂ ਵਿਚ ਉਹ ਹਮੇਸ਼ਾਂ ਵੱਖ-ਵੱਖ ਤਕੀਆ ਕਲਾਮਜ਼ ਨਾਲ ਗੱਲ ਕਰਦੇ ਹਨ। ਜਿਵੇਂ ਮੈਂ ਤਾਂ ਭੰਨ ਦੂ ਬੁੱਲਾਂ ਨਾਲ ਅਖਰੋਟ, ਉਹ ਜੇ ਚੰਡੀਗੜ੍ਹ ਢਹਿਜੂ ਪਿੰਡਾਂ ਵਰਗਾ ਤਾਂ ਰਹਿਜੂ ਜਾਂ ਢਿੱਲੋਂ ਨੇ ਕਾਲਾ ਕੋਟ ਐਂਵੇ ਨੀ ਪਾਇਆ। ਉਨ੍ਹਾਂ ਨੇ ਆਪਣੀ ਕਲਾ ਦੇ ਜ਼ਰੀਏ ਕਿਹਾ ਕਿ ਉਹਨਾਂ ਦੀਆਂ ਫ਼ਿਲਮਾਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਦੀਆਂ ਹਨ, ਜਿਵੇਂ ਕੰਨਿਆ ਭਰੂਣ ਹੱਤਿਆ, ਨਸ਼ੀਲੀਆਂ ਦਵਾਈਆਂ ਅਤੇ ਬੇਰੁਜ਼ਗਾਰੀ। ਭੱਲਾ, ਬੀ.ਐਨ. ਸ਼ਰਮਾ ਦੇ ਨਾਲ ਪੰਜਾਬ ਦੇ ਸਭ ਤੋਂ ਪ੍ਰਸਿੱਧ ਅਤੇ ਪ੍ਰਸੰਸਾਯੋਗ ਪੰਜਾਬੀ ਕਾਮੇਡੀਅਨ ਹੈ। ਪੰਜਾਬੀ ਸਿਨੇਮਾ ਦੀ ਕਾਮੇਡੀ ਵਿਚ ਉਨ੍ਹਾਂ ਦੇ ਯੋਗਦਾਨ ਲਈ ਉਨ੍ਹਾਂ ਨੂੰ ਬੇਹਤਰੀਨ ਪੰਜਾਬੀ ਕਾਮੇਡੀਅਨ ਪੁਰਸਕਾਰਾਂ ਦਾ ਮਾਣ ਹਾਸਿਲ ਹੈ। ਉਨ੍ਹਾਂ ਦੇ ਡਾਇਲਾਗ ਡਲਿਵਰੀ ਨੂੰ ਪੰਜਾਬੀ ਕਾਮੇਡਿਅਨਾ ਵਿਚ ਸਭ ਤੋਂ ਤੇਜ਼ ਮੰਨਿਆ ਗਿਆ ਹੈ। 2015 ਵਿਚ ਉਹਨਾਂ ਦੇ ਸਟੇਜ ਪਾਰਟਨਰ, ਬਾਲ ਮੁਕੰਦ ਸ਼ਰਮਾ ਅਤੇ ਜਸਵਿੰਦਰ ਭੱਲਾ ਨੂੰ ਆਪਣੇ ਸਹਿਪਾਠੀ ਅਤੇ ਪ੍ਰਭਾਵਸ਼ਾਲੀ ਮਿੱਤਰ ਮਨੀ ਗਰੇਵਾਲ ਦੇ ਇਸ਼ਾਰੇ 'ਤੇ ਲੈਫਟੀਨੈਂਟ ਗਵਰਨਰ ਸਪੈਂਸਰ ਕੌਕਸ ਨੇ ਯੂਟਾ ਰਾਜ ਵਿਚ ਸਨਮਾਨਿਤ ਕੀਤਾ। ਭੱਲਾ ਨੂੰ ਉਨ੍ਹਾਂ ਦੀ ਲਿਆਕਤ ਤੇ ਕਾਬਲੀਅਤ ਸਦਕਾ ਵੱਖ ਵੱਖ ਸਮਿਆਂ ਦੌਰਾਨ ਵੱਖ ਵੱਖਸੰਸਥਾਵਾਂ ਵੱਲੋਂ ਬਹੁਤ ਸਾਰੇ ਸਨਮਾਨਾਂ ਤੇ ਐਵਾਰਡਾਂ ਨਾਲ ਨਿਵਾਜਿਆ ਗਿਆ।
ਪ੍ਰਸਿੱਧ ਪੱਤਰਕਾਰ ਤੇ ਵਿਸ਼ਲੇਸ਼ਕ ਸਵਰਨ ਸਿੰਘ ਟਹਿਣਾ ਭੱਲਾ ਨੂੰ ਯਾਦ ਕਰਦਿਆਂ ਆਪਣੀ ਵਾਲ ਤੇ ਲਿਖਦੇ ਹਨ ਕਿ ''
‘ਛਣਕਾਟਾ’ ਪਿੱਛੋਂ ਪੰਜਾਬੀ ਫਿਲਮਾਂ ਨੂੰ ਹੁਲਾਰਾ ਦੇਣ ਵਾਲੇ ਜਸਵਿੰਦਰ ਭੱਲਾ ਜੀ 65 ਸਾਲ ਦੀ ਉਮਰ ‘ਚ ਦੁਨੀਆ ਤੋਂ ਚਲੇ ਗਏl ਜਾਣਾ ਸਭ ਨੇ ਹੈ, ਪਰ ਕੋਈ ਭੁੱਲ ਨਹੀਂ ਸਕੇਗਾ ਕਿ ਇਹਨਾਂ ਬਿਨਾਂ ਫਿਲਮਾਂ ਚੱਲਣੋਂ ਹਟ ਗਈਆਂ ਸਨl ਗੱਲ ਦਾ ਅੰਦਾਜ਼ ਨਿੱਜੀ ਜ਼ਿੰਦਗੀ ‘ਚ ਵੀ ਐਸਾ ਕਿ ਬੰਦਾ ਹੱਸ ਹੱਸ ਦੂਹਰਾ ਹੋ ਜਾਂਦਾl
ਇਹਨਾਂ ਦੇ ਲੁਧਿਆਣੇ ਵਾਲੇ ਫਾਰਮ ਹਾਊਸ ‘ਚ ਅਸੀ ‘ਚੱਜ ਦਾ ਵਿਚਾਰ’ ਦੀਆਂ ਦੋ ਕਿਸ਼ਤਾਂ ਕੀਤੀਆਂ ਸੀl ਨਾਲ ਬਾਲ ਮੁਕੰਦ ਸ਼ਰਮਾ ਨੇ ਨੀਲੂ ਸੀl ਓਸ ਦਿਨ ਭੱਲਾ ਸਾਹਿਬ ਨੇ ਕੈਮਰੇ ਤੋਂ ਪਰ੍ਹੇ ਵੀ ਕਮਾਲ ਦੀਆਂ ਗੱਲਾਂ ਦੱਸੀਆਂ ਸੀl
ਭੱਲਾ ਸਾਹਿਬ ਅਲਵਿਦਾl ਤੁਸੀਂ ਕਈ ਸਾਲਾਂ ਤੋਂ ਚੁੱਪ ਸੀl ਸਾਨੂੰ ਆਸ ਸੀ ਤੁਸੀਂ ਨਾਮੁਰਾਦ ਰੋਗ ਨੂੰ ਹਰਾ ਦਿਓਗੇ, ਪਰ ਉਸਨੇ ਤੁਹਾਨੂੰ ਸਭ ਕੋਲੋਂ ਖੋਹ ਲਿਆl
ਤੁਸੀਂ ਵੱਡੇ ਕਲਾਕਾਰ ਤੇ ਇਨਸਾਨ ਸੀ, ਅਲਵਿਦਾl"
ਜਦੋਂ ਕਿ ਉਨ੍ਹਾਂ ਦੇ ਇੱਕ ਹੋਰ ਸਹਿ ਕਲਾਕਾਰ ਬਿੰਨੂ ਢਿੱਲੋਂ ਨੇ ਆਪਣੀ ਵਾਲ 'ਤੇ ਲਿਖਿਆ ਹੈ '' “ਅੱਜ ਮੈਂ ਸਿਰਫ਼ ਇਕ ਵੱਡੇ ਕਲਾਕਾਰ ਨੂੰ ਹੀ ਨਹੀਂ, ਇਕ ਪਿਆਰੇ ਦੋਸਤ, ਇਕ ਵੱਡੇ ਭਰਾ, ਇਕ ਰਹਨੁਮਾ ਨੂੰ ਖੋ ਬੈਠਿਆ ਹਾਂ। ਮੇਰੇ ਫਿਲਮੀ ਪਰਦੇ ਦਾ ਬਾਪੂ ਵੀ ਅੱਜ ਸਾਨੂੰ ਛੱਡ ਕੇ ਚਲਾ ਗਿਆ। ਜਸਵਿੰਦਰ ਭੱਲਾ ਜੀ ਨੇ ਸਾਨੂੰ ਸਿਰਫ਼ ਹਸਾਇਆ ਨਹੀਂ, ਸਾਨੂੰ ਜੀਵਨ ਦੀਆਂ ਸੱਚਾਈਆਂ ਹੱਸ ਕੇ ਜਿਉਣੀ ਵੀ ਸਿਖਾਈਆਂ। ਸੈੱਟਾਂ ‘ਤੇ ਬਿਤਾਈਆਂ ਗੱਲਾਂ, ਉਨ੍ਹਾਂ ਦੀਆਂ ਖਿੜੀਆਂ ਮੁਸਕਾਨਾਂ ਤੇ ਪਿਆਰ ਭਰੀਆਂ ਝਿੜਕਾਂ ਹਮੇਸ਼ਾਂ ਮੇਰੇ ਦਿਲ ਵਿੱਚ ਜਿਉਂਦੀਆਂ ਰਹਿਣਗੀਆਂ। ਅੱਜ ਹਾਸਾ ਰੋਣ ਵਿਚ ਬਦਲ ਗਿਆ ਹੈ, ਪਰ ਭੱਲਾ ਸਾਹਿਬ ਦੀ ਯਾਦ ਸਾਡੇ ਦਿਲਾਂ ਤੋਂ ਕਦੇ ਨਹੀਂ ਮਿਟ ਸਕਦੀ। ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਤੇ ਸਾਨੂੰ ਇਹ ਵੱਡਾ ਘਾਟਾ ਸਹਿਣ ਦੀ ਤਾਕਤ ਬਖ਼ਸ਼ਣ।”
ਜਦੋਂ ਕਿ ਪ੍ਰੋਫੈਸਰ ਭੁਪਿੰਦਰ ਸਿੰਘ ਪਾਲੀ ਆਪਣੀ ਵਾਲ ਭੱਲਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਲਿਖਦੇ ਹਨ, ''ਤੁਸੀਂ ਗੂਗਲ 'ਤੇ ਜਾ ਕੇ ਭੱਲਾ ਸਾਹਬ ਦੀਆਂ ਤਸਵੀਰਾਂ ਵੇਖੋ, ਸ਼ਾਇਦ ਹੀ ਤੁਹਾਨੂੰ ਕੋਈ ਅਜਿਹੀ ਤਸਵੀਰ ਮਿਲੇ, ਜਿਸ ਵਿੱਚ ਉਹ ਮੁਸਕਰਾ ਨਾ ਰਹੇ ਹੋਣ। ਅੱਜ ਉਹ ਮੁਸਕਰਾਉਂਦਾ ਚਿਹਰਾ ਆਪਣੇ ਪਿੱਛੇ ਢੇਰ ਸਾਰੀਆਂ ਫਿਲਮਾਂ, ਛਣਕਾਟੇ ਅਤੇ ਯਾਦਾਂ ਛੱਡ ਕੇ ਰੁਖਸਤ ਹੋ ਗਿਆ। ਅਲਵਿਦਾ ਭੱਲਾ ਸਾਹਬ! "
ਅੰਤ ਵਿੱਚ ਇਹੋ ਕਹਾਂਗਾ ਕਿ ਜਸਵਿੰਦਰ ਭੱਲਾ ਦੇ ਅਕਾਲ ਚਲਾਣੇ ਤੋਂ ਬਾਅਦ ਜੋ ਪੰਜਾਬੀ ਕਾਮੇਡੀ ਦੇ ਖੇਤਰ ਵਿੱਚ ਖਲਾਅ ਪੈਦਾ ਹੋਇਆ ਉਸ ਦੀ ਪੂਰਤੀ ਹੋਣਾ ਮੇਰੇ ਖਿਆਲ ਸੰਭਵ ਨਹੀਂ ਹੈ... ਭੱਲਾ ਸਾਹਿਬ ਨੂੰ ਮੈਂ ਉਰਦੂ ਦੇ ਇਸ ਸ਼ੇਅਰ ਨਾਲ ਹੀ ਸ਼ਰਧਾਂਜਲੀ ਦੇਣਾ ਚਾਹਾਂਗਾ ਕਿ :
ਦੇਤਾ ਰਹੂੰਗਾ ਰੋਸ਼ਨੀ ਬੁਝਨੇ ਕੇ ਬਾਅਦ ਭੀ....!
ਮੈਂ ਬਜ਼ਮ-ਏ-ਫਿਕਰ ਫ਼ਿਕਰ-ਓ-ਫ਼ਨ ਕਾ ਵੋਹ ਤਨਹਾ ਚਿਰਾਗ਼ ਹੂੰ।

ਮੁਹੰਮਦ ਅੱਬਾਸ ਧਾਲੀਵਾਲ
ਮਲੇਰਕੋਟਲਾ।
ਸੰਪਰਕ :9855259650
ਭਾਜਪਾ ਆਗੂ ਰਣਜੀਤ ਸਿੰਘ ਗਿੱਲ ਨੂੰ ਹਾਈ ਕੋਰਟ ਤੋਂ ਮਿਲੀ ਰਾਹਤ
NEXT STORY