ਬੱਚੇ ਦੀਆਂ ਕਿਲਕਾਰੀਆਂ ਘਰ 'ਚ ਖੁਸ਼ੀ ਦਾ ਮਾਹੌਲ ਸਿਰਜ ਦਿੰਦੀਆਂ ਹਨ ਅਤੇ ਇਸ ਤੋਂ ਉਲਟ ਕਿਸੇ ਮੁਸੀਬਤ ਕਾਰਨ ਉਪਜੇ ਰੋਸ ਨਾਲ ਹੱਸਦੇ ਵੱਸਦੇ ਘਰ 'ਚ ਸਨਾਟਾ ਛਾ ਜਾਂਦਾ ਹੈ। ਆਧੁਨਿਕ ਸਮਾਜ 'ਚ ਵਧੀਆਂ ਜੁੰਮੇਵਾਰੀਆਂ ਨੇ ਹਾਸੇ ਅਤੇ ਠਹਾਕੇ ਬੀਤ ਚੁੱਕੇ ਸਮੇਂ ਦੀ ਗੱਲ ਬਣਾ ਦਿੱਤੇ ਹਨ। ਅਜੋਕੇ ਸਮੇਂ 'ਚ ਬੱਚੇ ਦੀਆਂ ਕਿਲਕਾਰੀਆਂ ਅਤੇ ਹਾਸਾ ਮੋਬਾਇਲ ਦੇ ਹਰ ਸਮੇਂ ਚਲਦੀਆਂ ਗੇਮਾਂ ਨੇ ਖੋਹ ਲਿਆ ਅਤੇ ਮਾਂ ਬਾਪ ਦੀ ਖੁਸ਼ੀ ਉਹਨਾਂ ਸਿਰ ਪਈਆਂ ਜਿੰਮੇਵਾਰੀਆਂ ਨੇ ਫਨਾਹ ਕਰ ਦਿੱਤੀ ਹੈ। ਆਪਣੇ ਰੋਜ਼ ਮਰਾ ਦੇ ਕੰਮ ਧੰਦੇ ਨਿਪਟਾਉਂਦਿਆਂ ਇਨਸਾਨ ਹੱਸਣਾਂ ਹੀ ਭੁੱਲ ਗਿਐ। ਉਸ ਕੋਲ ਜੇ ਕੁੱਝ ਬਚਿਆ ਹੈ ਤਾਂ ਉਹ ਹੈ ਚਿੰਤਾ, ਫਿਕਰ ਅਤੇ ਘਬਰਾਹਟ। ਹੌਲ਼ੀ ਹੌਲ਼ੀ ਇਹਨਾਂ ਅਲਾਮਤਾਂ ਨੇ ਅੱਜ ਸਮਾਜ ਨੂੰ ਹਾਸੇ ਠੱਠੇ ਤੋਂ ਵਿਹੂਣਾਂ ਕਰ ਦਿੱਤੈ।
ਸਵੇਰ ਤੋਂ ਲੈ ਕੇ ਸ਼ਾਮ ਤੱਕ ਹੱਡ ਭੰਨਵੀਂ ਮਿਹਨਤ ਕਰਨ ਵਾਲਾ ਮਜ਼ਦੂਰ ਆਥਣ ਨੂੰ ਜਦੋਂ ਦਿਹਾੜੀ ਦੇ ਕੁੱਝ ਪੈਸਿਆਂ ਨਾਲ ਘਰ ਦਾ ਸੌਦਾ ਲਿਜਾਣ ਲਈ ਸੋਚਦਾ ਹੈ ਤਾਂ ਆਖਿਰ ਮਹਿੰਗਾਈ ਅੱਗੇ ਬੇਵੱਸ ਹੋਇਆ ਉਹ ਖਾਲੀ ਹੱਥ ਘਰ ਪਰਤਦਾ ਹੈ। ਰਸੋਈ 'ਚ ਮੁੱਕਿਆ ਅੰਨ ਪਾਣੀ ਉਸ ਦੇ ਪਰਿਵਾਰ ਨੂੰ ਮਜਬੂਰ ਹੋ ਕੇ ਭੁੱਖਾ ਸੌਣ ਲਈ ਮਜਬੂਰ ਕਰਦਾ ਹੈ। ਅਜਿਹੇ ਮਾਯੂਸ ਮਨਾਂ ਜਾਂ ਵਿਹੜਿਆਂ 'ਚ ਕਿਸੇ ਠਹਾਕੇ ਜਾਂ ਖੁਸ਼ੀ ਨੇ ਕੀ ਬਹੁੜਨਾ ਹੈ, ਇਹ ਸਹਿਜੇ ਹੀ ਸਮਝਿਆ ਜਾ ਸਕਦਾ ਹੈ। ਸਮੇਂ ਨਾਲ ਸਿਰ 'ਤੇ ਵੱਧਦੀਆਂ ਜੁੰਮੇਵਾਰੀਆਂ ਆਰਥਿਕ ਤੌਰ 'ਤੇ ਹੌਲ਼ੇ ਹੋਏ ਇਨਸਾਨ ਨੂੰ ਐਨਾ ਦੱਬ ਲੈਂਦੀਆਂ ਹਨ ਕਿ ਉਹ ਇੱਕ ਦਿਨ ਇਸ ਜਹਾਨ ਨੂੰ ਛੱਡ ਜਾਂਦਾ ਹੈ। ਉਮਰ ਦੇ ਤਿੰਨ ਦਹਾਕੇ ਟੱਪ ਚੁੱਕੇ ਉਸ ਵਿਦਿਆਰਥੀ ਨੂੰ ਕਦੋਂ ਖੁਸ਼ੀ ਮਿਲੇਗੀ ਜੋ ਡਿਗਰੀਆਂ ਡਿਪਲੋਮੇ ਕਰਕੇ ਕਈ ਸਾਲਾਂ ਤੋਂ ਨੌਕਰੀ ਦੀ ਆਸ 'ਚ ਬੇਰੁਜ਼ਗਾਰ ਬੈਠਾ ਹੋਵੇ। ਮਾਂ ਬਾਪ ਦੇ ਸੁਪਨਿਆਂ 'ਤੇ ਖਰਾ ਨਾ ਉਤਰਨ ਦਾ ਡਰ ਉਸ ਬੇਰੁਜ਼ਗਾਰ ਨੁੰ ਹਰ ਵਕਤ ਸਤਾਉਂਦਾ ਹੈ, ਪਰ ਉਹ ਮਜ਼ਬੂਰ ਹੈ। ਮਜਬੂਰੀ ਦੀ ਅਵਸਥਾ ਇਨਸਾਨ ਨੂੰ ਬਹੁਤਾ ਚਿਰ ਖੁਸ਼ ਨਹੀਂ ਰਹਿਣ ਦਿੰਦੀ। ਅਜਿਹੇ 'ਚ ਨੌਜਵਾਨ ਆਪਣੇ ਆਪ ਨੂੰ ਹਰ ਪਾਸਿਉਂ ਹਨੇਰੇ 'ਚ ਘਿਰਿਆ ਹੋਇਆ ਮਹਿਸੂਸ ਕਰਦਾ ਹੋਇਆ ਆਪਣੇ ਹੌਲ਼ੇ ਪੈ ਚੁੱਕੇ ਮਨ ਨੂੰ ਠੱਲਣ ਲਈ ਜਾਂ ਤਾਂ ਨਸ਼ਿਆ ਦਾ ਸਹਾਰਾ ਲੈਂਦਾ ਅਤੇ ਜਾਂ ਫਿਰ ਆਤਮਹੱਤਿਆ ਕਰ ਇਸ ਜਹਾਨ ਤੋਂ ਕੂਚ ਕਰਦਾ ਹੈ। ਬੇਵਸੀ ਦੇ ਆਲਮ 'ਚ ਘਿਰੇ ਅਜਿਹੇ ਬੇਵਸ ਨੌਜਵਾਨਾਂ ਦੇ ਘਰ ਫਿਰ ਸੱਥਰ ਵਿੱਛਦੇ ਹਨ ਜੋ ਅਜੋਕੇ ਰਾਜਨੀਤਿਕ ਅਤੇ ਸਮਾਜਿਕ ਢਾਂਚੇ ਦੀ ਖਿੱਲੀ ਉਡਉਂਦੇ ਹਨ।
ਪਿਛਲੇ ਸਮੇਂ ਤੋਂ ਆਮ ਲੋਕਾਂ 'ਤੇ ਸਰਕਾਰ ਬਣਾ ਕੇ ਰਾਜ ਕਰਨ ਵਾਲਿਆਂ ਦੀ ਨੀਅਤ ਅਤੇ ਨੀਤੀ 'ਚ ਵੱਡਾ ਫਰਕ ਆਇਐ, ਜੋ ਕਿਹਾ ਜਾਂਦਾ ਹੈ ਉਹ ਅਪਣਾਇਆ ਨਹੀ ਜਾਂਦਾ ਅਤੇ ਜੋ ਨਹੀ ਕਿਹਾ ਹੁੰਦਾ ਉਹ ਲਾਗੂ ਕੀਤਾ ਜਾਂਦਾ ਹੈ। ਇਸ ਵਿਸ਼ਵਾਸ਼ਘਾਤ ਦਾ ਆਮ ਜਨਤਾ ਹਰ ਪੰਜ ਸਾਲ ਬਾਅਦ ਦਿਨ ਦਿਹਾੜੇ ਸ਼ਿਕਾਰ ਹੁੰਦੀ ਹੈ। ਸਖ਼ਤ ਮਿਹਨਤ ਕਰਕੇ ਦੇਸ਼ ਦਾ ਢਿੱਡ ਭਰਨ ਵਾਲਾ ਕਿਸਾਨ ਆਪਣੇ ਗੱਲ਼ 'ਚ ਆਪ ਰੱਸਾ ਪਾ ਕੇ ਖੁਦਕਸ਼ੀ ਕਰ ਰਿਹੈ ਕਿਉਂਕਿ ਸਿਰ ਚੜੇ ਕਰਜ਼ੇ ਕਾਰਨ ਕੰਡੇ ਬਣ ਚੁੱਕੀ ਜਿੰਦਗੀ ਤੋਂ ਛੁਟਕਾਰਾ ਪਾਉਣ ਲਈ ਉਸ ਕੋਲ਼ ਹੋਰ ਕੋਈ ਰਸਤਾ ਨਹੀ ਬਚਿਆ। ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਬੇਵਸ ਲੋਕਾਂ ਦੇ ਘਰ ਖੁਦਕਸ਼ੀਆਂ ਕਾਰਨ ਰੋਜ਼ਾਨਾਂ ਮਾਤਮ ਛਾਉਂਦਾ ਹੈ। ਖੁਸ਼ੀ ਨੂੰ ਸਾਂਭਣ ਲਈ ਜੇਬ 'ਚ ਜਰੂਰਤ ਜੋਗਾ ਪੈਸਾ ਹੋਣਾ ਲਾਜਮੀ ਹੈ। ਪੈਸੇ ਦੀ ਕਿੱਲਤ ਕਾਰਨ ਛਾਈ ਉਦਾਸੀ ਨੂੰ ਬਹੁਤਾ ਚਿਰ ਸਹਿਣਾ ਮੁਸ਼ਕਿਲ ਹੈ ਜੋ ਬਾਅਦ 'ਚ ਗੰਭੀਰ ਨਤੀਜਿਆਂ ਦੇ ਰੂਪ 'ਚ ਸਾਹਮਣੇ ਆਉਂਦੀ ਹੈ।
ਬੇਸ਼ੱਕ ਮਹਾਬਲੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਮਾਜ ਦਾ ਐਨਾ ਆਧੁਨੀਕਰਣ ਨਹੀ ਸੀ ਹੋਇਆ ਪਰ ਉਹਨਾਂ ਦਾ ਰਾਜ ਇੱਕ ਆਮ ਇਨਸਾਨ ਲਈ ਮਿਸਾਲੀ ਹੋ ਨਿਬੜਿਆ। ਸਭ ਨੂੰ ਬਰਾਰਬਰ ਮਿਲਦਾ ਹੱਕ ਅਤੇ ਇਨਸਾਫ ਸ਼ੇਰੇ ਏ ਪੰਜਾਬ ਦੇ ਰਾਜ ਨੂੰ ਇੱਤਿਹਾਸ ਦੇ ਪੰਨਿਆ ਦਾ ਸ਼ਿਗਾਰ ਬਣਾ ਗਿਆ। ਗੱਲ ਇਨ ਨਹੀਂ ਹੁੰਦੀ ਕਿ ਰਾਜ ਕਰ ਰਹੀ ਰਾਜਸੀ ਤਾਕਤ ਕੋਲ ਪੈਸਾ ਹੈ ਜਾਂ ਨਹੀਂ ਗੱਲ ਮਨ ਤੋਂ ਕੋਈ ਕੰਮ ਕਰਨ ਦੀ ਹੁੰਦੀ ਹੈ ਫਿਰ ਚਣੌਤੀਆਂ ਬਣ ਚੁੱਕੇ ਕੰਮ ਵੀ ਆਸਾਨ ਹੋ ਜਾਂਦੇ ਹਨ। ਆਰਥਿਕ ਤੰਗੀਆਂ ਅਤੇ ਮਜਬੂਰੀਆਂ ਕਾਰਨ ਰੋਜਾਨਾਂ ਖੁਦਕਸ਼ੀਆਂ ਕਰਕੇ ਜਹਾਨ ਛੱਡਦੇ ਲੋਕ ਮੌਜ਼ੂਦਾ ਸਮਾਜਿਕ ਹਾਲਾਤਾਂ ਦੀ ਭਿਆਨਕ ਤਸਵੀਰ ਪੇਸ਼ ਕਰਦੇ ਹਨ। ਬਿਨਾਂ ਸਮਾਂ ਗਵਾਏ ਸਮੇਂ ਦੇ ਹੁਕਮਰਾਨਾਂ ਨੂੰ ਆਮ ਲੋਕਾਂ ਦੀਆਂ ਜਰੂਰਤਾਂ ਨੂੰ ਦੇਖ ਕੇ ਭਲਾਈ ਕਾਰਜ ਆਰੰਭਣੇ ਹੋਣਗੇ ਜੋ ਆਰਥਿਕ ਪੁੜਾਂ ਦਰਮਿਆਨ ਪਿਸ ਰਹੀ ਆਮ ਜਨਤਾ ਨੂੰ ਕੁੱਝ ਸਕੂਨ ਦੇ ਸਕਣ, ਫਿਰ ਸ਼ਾਇਦ ਇਹ ਯਤਨ ਹੱਸਦੇ ਵਿਹੜਿਆਂ ਦੀਆਂ ਖੁਸ਼ੀਆਂ ਵਾਪਿਸ ਲੈ ਆਉਣ।
ਪ੍ਰੋ:ਡਾ: ਧਰਮਜੀਤ ਸਿੰਘ ਮਾਨ (ਜਲਵੇੜਾ),
ਜਵਾਹਰਲਾਲ ਨਹਿਰੂ ਸਰਕਾਰੀ ਕਾਲਜ,
ਜਿਲਾ – ਸ਼੍ਰੀ ਫਤਹਿਗੜ ਸਾਹਿਬ।
ਵਿਕਾਸ ਦੀ ਦੌੜ 'ਚ ਕੁਦਰਤ ਦਾ ਵਿਨਾਸ਼
NEXT STORY