ਪਾਕਿਸਤਾਨੀ ਪੰਜਾਬ ਦਾ ਧੁਰ ਉੱਤਰ ਪੱਛਮੀ, ਦਰਿਆ ਜੇਹਲਮ ਅਤੇ ਸਿੰਧ ਦੇ ਵਿਚਕਾਰ ਦਾ ਨੀਮ ਪਹਾੜੀ ਇਲਾਕਾ ਪੋਠੋਹਾਰ ਸਦੀਂਦਾ ਐ। ਇਹ ਇਲਾਕਾ ਖੇਤੀਬਾੜੀ ਦੇ ਤਾਂ ਇੰਨਾ ਲਾਈਕ ਨਹੀਂ ਐ ਪਰ ਇਲਮੋ ਹੁਸਨ ਕਰਕੇ ਇਸ ਦੀ ਆਪਣੀ ਵੱਖਰੀ ਪਛਾਣ ਐ। ਹੋਰ ਕੁਦਰਤੀ ਵਡੇਰੀ ਦਾਤ ਕਸ਼ਮੀਰੀ ਸਿਆਚਿਨ ਗਲੇਸ਼ੀਅਰ ਬਰਫ ਲੱਦੇ ਸਰਦ ਮਿਜ਼ਾਜ, ਚਿੱਟੇ ਪਹਾੜਾਂ ਵਾਂਗ ਇਥੇ ਉਲਟ, ਗਰਮ ਮਿਜ਼ਾਜ ਗੁਲਾਬੀ ਭਾਅ ਮਾਰਦੀਆਂ ਲੂਣ ਦੀਆਂ ਚਟਾਨਾਂ ਨੇ। ਇਸ ਲੂਣ ਨੂੰ ਪਾਕਿਸਤਾਨੀ,ਹਿਮਾਲਿਅਨ, ਚਟਾਨੀ, ਪੋਠੋਹਾਰੀ , ਲਾਹੌਰੀ ਤੇ ਸਾਡੀ ਨਵੀਂ ਪੀੜ੍ਹੀ ਸੇਂਧਾ ਨਮਕ ਸੱਦਦੀ ਹੈ। ਇਸ ਪੱਟੀ ਚ ਬੇਗਵਾਲ, ਕਾਲਾ ਬਾਗ ਤੇ ਖੇਵੜਾ ਖਾਣ ਜੋ ਕਿ ਇਸਲਾਮਾਬਾਦ ਤੋਂ 160 KM ਹੈ, ਤੋਂ ਲੂਣ ਕੱਢਿਆ ਜਾਂਦੈ। ਇਹ ਕੁੱਲ ਸੰਸਾਰ ਦੀ ਦੂਜੀ ਵੱਡੀ ਖਾਣ ਹੈ ਜਦ ਕਿ ਅੱਬਲ ਉਂਟਾਰੀਓ ਦੀ ਗੋਡਰਿਕ ਸਾਲਟ ਮਾਈਨ ਹੈ। ਇਹ ਸਾਰੀ ਪਹਾੜੀ ਪੱਟੀ, ਤਹਿਦਾਰ ਚਟਾਨਾਂ (Sedimentary Rocks) ਦੀ ਬਣੀ ਹੋਈ ਐ। ਤਹਿਦਾਰ ਚਟਾਨਾਂ ਨੀਵੀਆਂ ਥਾਵਾਂ 'ਤੇ, ਵਹਿੰਦੇ ਪਾਣੀ ਜਾਂ ਹਿਮ ਨਦੀਆਂ ਵਲੋਂ ਲਿਆਂਦੀ ਗਈ ਸਮੱਗਰੀ ਦੇ ਲਗਾਤਾਰ ਪਰਤ ਦਰ ਪਰਤ ਜਮ੍ਹਾਂ ਹੁੰਦੇ ਰਹਿਣ ਨਾਲ ਉਪਰੰਤ ਦਬਾਅ ਅਤੇ ਰਸਾਇਣਕ ਕਿਰਿਆ ਹੋਣ ਨਾਲ ਹੋਂਦ ਵਿੱਚ ਆਉਂਦੀਆਂ ਹਨ। ਧੀਮੀ ਗਤੀ ਕਾਰਣ ਅਜਿਹੀ ਪ੍ਰਕਿਰਿਆ ਸੰਪੂਰਨ ਹੋਣ ਨੂੰ ਲੱਖਾਂ ਸਾਲ ਲੱਗ ਜਾਂਦੇ ਨੇ।
47 ਵਾਲੇ ਬਜ਼ੁਰਗ ਬੋਲਦੇ ਹਨ, " ਉਹੋ ਪਹਾੜੀ ਲੂਣ ਖਾਈਦਾ ਸੀ ਉਦੋਂ। ਉਦਾ ਤੇ ਜ਼ਾਇਕਾ ਹੀ ਵੱਖਰੈ। ਆਹ ਅੱਜ ਵਾਲਾ ਸਮੁੰਦਰੀ ਗਾਰ ਤੋਂ ਬਣਿਆ ਲੂਣ ਤਾਂ ਅਸੀਂ ਡਿੱਠਾ ਨਹੀਂ ਸੀ ਕਦੀ। ਵੰਡ ਉਪਰੰਤ ਪਹਾੜੀ ਲੂਣ ਬੰਦ ਹੋ ਗਿਆ ਤੇ ਉਹਦੀ ਜਗ੍ਹਾ ਇਹ ਸਮੁੰਦਰੀ ਲੂਣ ਤਾਂ ਕਈ ਵਰ੍ਹੇ ਸੁਆਦ ਈ ਨਈਂ ਲੱਗਾ ਸਾਨੂੰ। ਤੇ ਫਿਰ ਮਜ਼ਬੂਰੀ ਵੱਸ ਆਦੀ ਹੋਗੇ ਇਦੇ। " ਇਸ ਗੁਲਾਬੀ ਲੂਣ ਦੇ ਇਤਿਹਾਸ ਦੀ ਇਬਾਰਤ, ਖੇਵੜਾ ਖਾਣ ਦੇ ਪਰਵੇਸ਼ ਦੁਆਰ ਤੇ ਇੰਞ ਅੰਕਤ ਹੈ, " 326 BC ਵਿੱਚ ਜੇਹਲਮ ਦਰਿਆ ਦੇ ਕਿਨਾਰੇ ਸਿਕੰਦਰ ਮਹਾਨ ਅਤੇ ਰਾਜਾ ਪੋਰਸ ਵਿਚਕਾਰ ਯੁੱਧ ਦੇ ਆਰ ਪਾਰ, ਸਿਕੰਦਰੀ ਫ਼ੌਜ ਦੇ ਘੋੜਿਆਂ ਨੂੰ ਚਰਨ ਸਮੇਂ ਉਥੇ ਮੌਜੂਦ ਚਟਾਨਾਂ ਨੂੰ ਚੱਟਦਿਆਂ ਦੇਖਿਆ ਤਾਂ ਲੂਣ ਦੀਆਂ ਚਟਾਨਾਂ ਦਾ ਭੇਤ ਖੁੱਲ੍ਹਾ। ਉਦੋਂ ਤੋਂ ਹੀ ਇਹਦੀ ਵਰਤੋਂ ਹਲਕੇ ਪੱਧਰ 'ਤੇ ਜਾਰੀ ਸੀ ਪਰ ਜ਼ਿਆਦਾ ਕੰਮ ਪੰਜਾਬ ਦੇ ਅੰਗਰੇਜ਼ੀ ਕਬਜ਼ਾ ਉਪਰੰਤ ਸ਼ੁਰੂ ਹੋਇਆ। ਮੁਗ਼ਲਾਂ ਅਤੇ ਖ਼ਾਲਸਾ ਰਾਜ ਸਮੇਂ ਵੀ ਲੂਣ ਦਾ ਵਪਾਰ ਚਲਦਾ ਰਿਹਾ।1872 ਵਿੱਚ ਅੰਗਰੇਜ਼ ਖਾਣ ਇੰਜੀਨੀਅਰ ਡਾਕਟਰ ਵਾਰਥ ਵਲੋਂ ਇਕ ਵੱਡੀ ਖਾਣ ਦੀ ਖੁਦਾਈ ਉਪਰੰਤ ਲੂਣ ਦਾ ਉਤਪਾਦਨ ਵੱਡੇ ਪੱਧਰ ਤੇ ਸ਼ੁਰੂ ਹੋਇਆ। ਸੜਕਾਂ ਅਤੇ ਰੇਲ ਪਟੜੀ ਵੀ ਉਸਾਰੀ ਗਈ। ਖੇਵੜਾ ਖਾਣ ਜਿਸ ਦੀ ਧੁਰ ਅੰਦਰ ਤੱਕ ਲੰਬਾਈ 40Km ਹੈ। ਸੈਲਾਨੀਆਂ ਲਈ ਰੇਲ ਗੱਡੀ ਚਲਦੀ ਹੈ ਉਥੇ। ਉਸ ਖਾਣ ਦੀ ਡੂੰਘਾਈ 19 ਮੰਜ਼ਿਲਾ ਇਮਾਰਤ ਦੇ ਬਰਾਬਰ ਐ।
ਜੇਹਲਮ ਦਰਿਆ ਦੀ ਸੱਜੀ ਬਾਹੀ ਬੇਗਵਾਲ ਕਸਬੇ ਤੋਂ ਦਰਿਆ ਸਿੰਧ ਦੀ ਖੱਬੀ ਬਾਹੀ ਕਸਬਾ ਕਾਲਾ ਬਾਗ ਤੱਕ, ਕਰੀਬ 300 km ਲੰਬਾਈ ਅਤੇ 8-30 km ਚੌੜਾਈ ਤੱਕ ਇਹ ਲੂਣ ਪਹਾੜੀ ਫੈਲੀ ਹੋਈ ਐ। ਇਸ ਦੀ ਉਚਾਈ 2200-4990 ਫੁੱਟ ਤੱਕ ਹੈ। ਇਸ ਵਕਤ 17 ਮੰਜ਼ਿਲਾਂ ਤੋਂ ਲੂਣ ਕੱਢਣ ਦਾ ਕੰਮ ਜਾਰੀ ਆ। ਖਾਣਾ ਚੋਂ 50% ਲੂਣ ਕੱਢਿਆ ਜਾਂਦੈ ਤੇ 50% ਖਾਣਾ ਦੀ ਸਪੋਰਟ ਵਾਸਤੇ ਛੱਡ ਦਿੱਤਾ ਜਾਂਦੈ।
"ਤਿੰਨ ਰੰਗਾਂ 'ਚ ਲੂਣ ਦੀਆਂ ਚਟਾਨਾਂ ਮਿਲਦੀਆਂ ਹਨ ਉਥੇ । ਲਾਲ ਚਟਾਨਾਂ ਪੋਟਾਸ਼ੀਅਮ, ਗੁਲਾਬੀ ਚ ਮੈਗਨੀਸ਼ੀਅਮ ਅਤੇ ਚਿੱਟੀਆਂ 'ਚ ਸੋਡੀਅਮ ਦੀ ਜ਼ਿਆਦਾ ਮਾਤਰਾ ਪਾਈ ਜਾਂਦੀ ਆ। ਵੈਸੇ ਕੱਚਾ ਲੂਣ ਸੋਧਣ ਉਪਰੰਤ 99 % ਸੋਡੀਅਮ ਕਲੋਰਾਈਡ ਤੇ ਕੇਵਲ 1% ਬਾਕੀ ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਸਲਫਰ,ਆਇਰਨ ਹੁੰਦੈ। ਇਸ ਦੀ ਗੁਲਾਬੀ ਰੰਗਤ ਇਸ ਨੂੰ ਆਕਰਸ਼ਿਤ ਬਣਾਉਂਦੀ ਹੈ। ਫਿਰ ਵੀ ਇਸ ਵਿੱਚ ਆਇਓਡੀਨ ਨਹੀਂ ਹੁੰਦਾ। ਇਹ ਵੀ ਅਨੁਮਾਨ ਹੈ ਕਿ ਸੋਧਣ ਉਪਰੰਤ ਇਸ ਦੀ ਲਾਲ/ਗੁਲਾਬੀ ਰੰਗਤ ਵੀ ਕਾਫ਼ੀ ਫਿੱਕੀ ਪੈ ਜਾਂਦੀ ਆ। ਇਹਦੀ ਵਰਤੋਂ ਰਸੋਈ ਦੇ ਨਾਲ ਨਾਲ ਰੰਗਾਈ,ਬਲੀਚਿੰਗ, ਚਮੜਾ ਸੋਧਣ,ਭਾਂਡੇ, ਸਾਬਣ ਬਣਾਉਣ ਅਤੇ ਕੈਮੀਕਲ ਉਦਯੋਗ ਵਿਚ ਵੀ ਕੀਤੀ ਜਾਂਦੀ ਹੈ। ਸਮੁੰਦਰੀ ਲੂਣ ਤੋਂ ਪੋਠੋਹਾਰੀ ਲੂਣ ਕਾਫ਼ੀ ਮਹਿੰਗਾ ਪਰ ਗੁਣਕਾਰੀ ਮੰਨਿਆ ਜਾਂਦੈ। ਭਲੇ ਵਿਗਿਆਨ ਇਸ ਤਰਕ ਨੂੰ ਨਹੀਂ ਮੰਨਦਾ । ਇਸ ਚਟਾਨੀ ਲੂਣ ਵਿਚ ਖ਼ਾਸ ਗੱਲ ਇਹ ਵੀ ਕਿ ਇਸ ਦਾ ਸਜਾਵਟੀ ਸਮਾਨ ਵੀ ਤਿਆਰ ਕੀਤਾ ਜਾਂਦੈ।ਖ਼ਾਸ ਕਰ ਇਸ ਦੇ ਬਣੇ ਹੋਏ ਲੈਂਪ/ਲਾਟੂ ਬੇਹੱਦ ਆਕਰਸ਼ਕ ਹੁੰਦੇ ਹਨ। ਲੂਣ ਦੇ ਢੇਲਿਆਂ ਤੋਂ ਵੱਖ ਵੱਖ ਤਰ੍ਹਾਂ ਦੇ ਤਿਆਰ ਕੀਤੇ ਦਿਲਕਸ਼ ਮਾਡਲਾਂ ਦਾ ਆਜ਼ਾਇਬ ਘਰ ਵੀ ਤਾਮੀਰ ਆ ਉਥੇ। ਇਸ ਲੂਣ ਪੱਟੀ ਵਿਚ ਬਹੁ ਵਸੋਂ ਮੁਸਲਿਮ ਜੰਜੂਆ ਜਮਾਤ ਦੀ ਐ। ਸੋ ਉਥੇ ਕਾਮਿਆਂ ਅਤੇ ਰੁਜ਼ਗਾਰ/ਵਪਾਰ 'ਚ ਇਜਾਰੇਦਾਰੀ ਵੀ ਬਹੁਤੀ ਉਹਨਾ ਦੀ ਈ ਐ। ਵੈਸੇ ਇਸ ਦਾ ਸਮੁੱਚਾ ਕੰਟਰੋਲ Pakistan Mineral Development Corporation ਪਾਸ ਐ। ਜੋ ਕਿ 40 ਲੱਖ ਟਨ ਲੂਣ ਪ੍ਰਤੀ ਸਾਲ ਐਕਸਪੋਰਟ ਕਰਦੀ ਹੈ। ਜਿਸ ਨੇ ਆਮਦਨ ਵਧਾਉਣ ਹਿੱਤ ਕਰੀਬ ਪਿਛਲੇ 10 ਸਾਲ ਤੋਂ ਇਨ੍ਹਾਂ ਖਾਣਾਂ ਨੂੰ ਸੈਲਾਨੀਆਂ ਲਈ ਵੀ ਖੋਲ੍ਹ ਦਿੱਤੈ। ਪ੍ਰਤੀ ਸਾਲ ਢਾਈ ਲੱਖ ਦੇ ਕਰੀਬ ਸੈਲਾਨੀ ਵਿਜ਼ਿਟ ਕਰਦੇ ਨੇ ਉਥੇ।
ਭਾਰਤ-ਪਾਕਿ ਮਾਹੌਲ ਸਾਜ਼ਗਾਰ ਰਹਿਣ ਤੇ ਜਿੱਥੇ ਹਰ ਸਾਲ ਔਸਤਨ ਤਿੰਨ ਹਜ਼ਾਰ ਮੀਟਰਕ ਟਨ ਪਾਕਿਸਤਾਨੀ ਲੂਣ ਆਯਾਤ ਕਰਦਾ ਹੈ ਉਥੇ 1.8 ਕਰੋੜ ਟਨ ਸਮੁੰਦਰੀ ਲੂਣ ਪੂਰਬੀ ਮੁਲਕਾਂ ਬੰਗਲਾ, ਇੰਡੋਨੇਸ਼ੀਆ, ਕੋਰੀਆ, ਜਾਪਾਨ ਵਗੈਰਾ ਨੂੰ ਨਿਰਯਾਤ ਵੀ ਕਰਦੈ। ਕਸ਼ਮੀਰ ਮਾਮਲੇ ਕਰਕੇ ਭਾਰਤ -ਪਾਕਿ ਦੇ ਸਬੰਧ ਬਹੁਤੇ ਨਾਸਾਜ ਹੀ ਰਹੇ ਹਨ ਜਿਸ ਵਜਾਹਤ ਵਿਓਪਾਰਕ ਪੱਖ ਤੋਂ ਦੋਹੇਂ ਮੁਲਕ ਲਗਾਤਾਰ ਘਾਟਾ ਖਾ ਰਹੇ ਨੇ। ਇਸ ਘਾਟੇ ਦਾ ਬੋਝ ਆਮ ਵਰਗ 'ਤੇ ਹੀ ਪੈਂਦੈ। ਜਿਵੇਂ ਕਿ ਇਸ ਵਕਤ ਪਾਕਿਸਤਾਨੀ ਲੂਣ ਦੇ ਭਾਅ ਇਧਰ ਕਰੀਬ ਤਿੰਨ ਗੁਣਾ ਵੱਧ ਹਨ। ਇੰਞੇ ਓਧਰ ਤਾਜਾ ਸਬਜ਼ੀਆਂ ਤੇ ਚਾਹਪੱਤੀ ਦੇ ਨੇ। ਪੰਜਾਬ ਦੇ ਵਪਾਰੀਆਂ/ਕਿਸਾਨਾ ਨੂੰ ਦਿੱਲੀ ਤੋਂ ਲਾਹੌਰ ਨਜ਼ਦੀਕ ਐ ਤੇ ਲਾਭਦਾਇਕ ਵੀ। ਇਵੇਂ ਹੀ ਲਾਹੌਰੀਆਂ ਨੂੰ ਕਰਾਚੀ ਤੋਂ ਅੰਬਰਸਰ। ਦੋਹੇਂ ਮੁਲਕਾਂ ਦੀ ਤਰੱਕੀ ਅਤੇ ਖੁਸ਼ਹਾਲੀ ਇਸੇ ਵਿੱਚ ਛੁਪੀ ਐ ਕਿ ਆਪਸੀ ਸਬੰਧ ਸੁਖਾਵੇਂ ਰਹਿਣ ਤੇ ਆਪਸੀ ਵਪਾਰ ਵਧਦਾ ਫੁੱਲਦਾ ਰਹੇ।
ਡਾਕਟਰ ਨਿਤੀਸ਼ ਮਹਾਜਨ ਨਕੋਦਰ ਤੋਂ ਬੋਲਦੇ ਹਨ,
"ਡਾਕਟਰੀ ਸਾਇੰਸ ਦੇ ਮੁਤਾਬਕ ਲਾਹੌਰੀ ਲੂਣ ਆਪਣੇ ਕੁਦਰਤੀ ਗੁਣਾਂ ਕਰਕੇ ਸਾਡੇ ਸਮੁੰਦਰੀ ਲੂਣ ਤੋਂ ਵਧੇਰੇ ਲਾਭਦਾਇਕ ਐ,ਖ਼ਾਸ ਕਰ BP ਅਤੇ ਦਿਲ ਦੇ ਮਰੀਜਾਂ ਲਈ। ਵੈਸੇ ਵੀ -
'ਜ਼ਾਇਕਾ ਲਾਜਵਾਬ ਇਸਕਾ-ਸੋਂਹਦੀ ਰੰਗਤ ਗੁਲਾਬ ਸੀ ਹੈ'।"
ਲੇਖਕ :ਸਤਵੀਰ ਸਿੰਘ ਚਾਨੀਆਂ
92569-73526
ਗੁਲਾਮ ਭਾਰਤ ਦੀ ਅਜ਼ਾਦੀ ਲਈ ਜੂਝਣ ਵਾਲੀ ਸੂਰਬੀਰ ਤੇ ਨਿਰਭੈ ਬੀਬੀ ਗੁਲਾਬ ਕੌਰ ਜੀ
NEXT STORY