ਮੁੰਡਾ:-ਦੇਸ਼ 'ਤੇ ਪੈ ਗਈ ਬਿਪਤਾ ਭਾਰੀ, ਨਾਗਾਂ ਨਾਲ ਪਈ ਭਰੀ ਪਟਾਰੀ,
ਸੱਚਿਆਂ ਦੇ ਨੇੜੇ ਨਾ ਢੁੱਕਦੇ, ਚੋਰ-ਉਚੱਕਿਆਂ ਦੇ ਨਾਲ ਯਾਰੀ,
ਲੁੱਟ ਖਾ ਲਿਆ ਮੁਲਕ ਅਸਾਡਾ, ਦੇਸ਼ ਦੇ ਕਾਲੇ ਕਾਗਾਂ ਨੇ..
ਮਾਨਵਤਾ ਤਾਂਈ ਡੱਸਿਆ, ਜ਼ਹਿਰੀਲੇ ਨਾਗਾਂ ਨੇ..
ਕੁੜੀ:-ਮੱਖਣਾ ਗੱਲ ਅਵੱਲੀ ਹੋਈ, ਦੁਨੀਆ ਵੀ ਤਾਂ ਝੱਲੀ ਹੋਈ,
ਸ਼ੈਤਾਨੀ ਦਾ ਬਾਗ਼ ਉਗਾਇਆ, ਫਸਲ ਵੀ ਉੱਪਰੋਂ ਥੱਲੀ ਹੋਈ,
ਸ਼ੈਤਾਨਾਂ ਨੂੰ ਫਲ ਖੁਆਏ, ਇਨ੍ਹਾਂ ਸ਼ੈਤਾਨੀ ਬਾਗਾ ਨੇ..।
ਮਾਨਵਤਾ ਤਾਂਈਂ ਡੱਸਿਆ, ਜ਼ਹਿਰੀਲੇ ਨਾਗਾ ਨੇ..
ਮੁੰਡਾ :-ਕੀ ਗੱਲ ਕਰੀਏ, ਕੀ ਨਾ ਕਰੀਏ, ਰੋਗ ਏ ਵਧਦਾ ਜਾਵੇ,
ਦੇਸ਼ ਮੇਰੇ ਦਾ ਫ਼ੁਕਰਾ ਨੇਤਾ, ਨਵਾਂ ਈ ਚੰਦ ਚੜਾਵੇ..
ਮੈਂ ਮਾਲਕ ਦੀ ਕਾਂਵਾਂ-ਰੌਲ਼ੀ, ਪਾਈ ਘੋਗੜ ਘਾਗਾਂ ਨੇ..।
ਮਾਨਵਤਾ ਤਾਂਈਂ ਡੱਸਿਆ, ਜ਼ਹਿਰੀਲੇ ਨਾਗਾ ਨੇ..
ਕੁੜੀ:-ਸੇਵਕ ਬਣਕੇ ਰਹਿਣਾ ਤੁਹਾਡੇ, ਨੇਤਾ ਇਹ ਗੱਲ ਕਹਿੰਦੇ,
ਮਾਲਕੀ ਵਾਲਾ ਢੋਂਗ ਰਚਾਉਂਦੇ, ਬੇਸ਼ਰਮੀ ਵਿਚ ਪੈਂਦੇ,
ਮਾਤ-ਭੂਮੀ ਨੂੰ ਮੈਲ਼ਾ ਕੀਤਾ, ਲੱਗੇ ਇਹੋ ਜਿਹੇ ਦਾਗਾਂ ਨੇ..।
ਮਾਨਵਤਾ ਤਾਂਈਂ ਡੱਸਿਆ, ਜ਼ਹਿਰੀਲੇ ਨਾਗਾ ਨੇ..
ਮੁੰਡਾ :-ਹਵਾ ਈ ਸਾਰੀ ਗੰਧਲੀ ਹੋਈ, ਸ਼ੁੱਧਤਾ ਕੌਣ ਲਿਆਊ,
ਬੰਦੇ ਬਣਨ ਦਾ ਗੁਣ ਬੰਦੇ ਨੂੰ, ਆ ਕੇ ਕੌਣ ਸਿਆਊ,
ਵਾਤਾਵਰਣ ਵੀ ਗੰਧਲਾ ਕੀਤਾ, ਝੂਠ ਦੇ ਬਣੇ ਨਵਾਬਾਂ ਨੇ..।
ਮਾਨਵਤਾ ਤਾਂਈਂ ਡੱਸਿਆ, ਜ਼ਹਿਰੀਲੇ ਨਾਗਾ ਨੇ..
ਕੁੜੀ :-ਵੋਟਾਂ ਜਦ ਇਹ ਮੰਗਣ ਆਉਂਦੇ, ਸੇਵਕੀ ਵਾਲਾ ਢੋਂਗ ਰਚਾਉਂਦੇ,
ਕਈ ਤਰ੍ਹਾਂ ਦੇ ਲਾਲਚ ਦਿੰਦੇ, ਵੋਟਰਾਂ ਤਾਂਈਂ ਨਸ਼ਾ ਪਿਲਾਉਂਦੇ,
ਮਾਲਕ-ਨੌਕਰ ਦੀ ਕਾਂਵਾਂ ਰੌਲ਼ੀ, ਪਾਈ ਇਹੋ ਜਿਹੇ ਕਾਗਾਂ ਨੇ..।
ਮਾਨਵਤਾ ਤਾਂਈਂ ਡੱਸਿਆ, ਜ਼ਹਿਰੀਲੇ ਨਾਗਾ ਨੇ..
ਮੁੰਡਾ :- ਵੋਟਰ ਹੋ ਜਾਣ ਐਜੂਕੇਟਿਡ, ਕੋਈ ਨਾ ਡੰਗ ਚਲਾਉਂ,
ਸਾਰੇ ਹੱਥੀਂ ਕਿਰਤ ਕਰਨਗੇ, ਕੌਣ ਵਿਹਲਾ ਬਹਿ ਖਾਊ,
ਰੋਗੀ ਕੀਤਾ ਬੰਦੇ ਤਾਂਈਂ, ਮੈਂ ਦੇ ਗਾਏ ਰਾਗਾਂ ਨੇ..।
ਮਾਨਵਤਾ ਤਾਂਈਂ ਡੱਸਿਆ, ਜ਼ਹਿਰੀਲੇ ਨਾਗਾਂ ਨੇ..
ਕੁੜੀ:-ਵੇ ਪਰਸ਼ੋਤਮ ਸੱਚ ਹਮੇਸ਼ਾ, ਮੂੰਹ ਦੇ ਉੱਤੇ ਕਹਿੰਦਾ,
ਤੇਰੇ ਨਾਲ ਵੇ ਤਾਂਹੀਂ ਤਾਂ, ਹਰ ਲੁੱਚਾ-ਲੰਡਾ ਖਹਿੰਦਾ,
ਸਰੋਏ ਅਵਾਜ਼ਾਂ ਮਾਰ ਜਗਾਵੇ, ਖੁੱਲ੍ਹੀਆਂ ਨਾਹੀਂ ਜਾਗਾਂ ਨੇ..।
ਮਾਨਵਤਾ ਤਾਂਈਂ ਡੱਸਿਆ, ਜ਼ਹਿਰੀਲੇ ਨਾਗਾਂ ਨੇ..
ਪਰਸ਼ੋਤਮ ਲਾਲ ਸਰੋਏ,
92175-44348
ਉਡੀਕਾਂ ਰੱਖਾਂ ਸੱਜਣਾ, ਮੁੜ ਫੇਰਾ ਪਾਵਾਂਗੇ,
NEXT STORY