ਜਲੰਧਰ - ਸਿੱਖ ਹੋਣ ਦਾ ਮਤਲਬ ਕੀ ਹੈ, ਉਸ ਨੂੰ ਸਮਝਣ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫਲਸਫ਼ਾ ਸਮਝਣ ਦੀ ਲੋੜ ਹੈ। 15ਵੀਂ ਸਦੀ ਵਿਚ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਹੋਏ, ਉਦੋਂ ਧਾਰਮਿਕ ਪਾਖੰਡ ਤੇ ਰਾਜ ਕਰਨ ਵਾਲਿਆਂ ਦੀ ਜ਼ਿਆਦਤੀ ਸਿਖ਼ਰਾਂ 'ਤੇ ਸੀ। ਜ਼ੁਲਮ ਦੇ ਸ਼ਿਕਾਰ ਆਮ ਲੋਕ, ਰੁਜ਼ਗਾਰ ਵਿਹੂਣੇ ਆਪਣੀ ਹੱਕ ਹਲਾਲ ਦੀ ਕਮਾਈ ਵਿੱਚੋਂ ਢਿੱਡ ਕੱਟ ਕੇ ਸਭ ਕੁੱਝ ਰਾਜ ਕਰਨ ਵਾਲਿਆਂ ਨੂੰ ਟੈਕਸਾਂ ਰਾਹੀਂ ਦੇ ਰਹੇ ਸਨ। ਉਨ੍ਹਾਂ ਦੇ ਮਨਾਂ ਵਿਚ ਇਹ ਬਿਠਾ ਦਿੱਤਾ ਗਿਆ ਸੀ ਕਿ ਉਹ ਰੱਬ ਵਲੋਂ ਇਸ ਧਰਤੀ ਉੱਤੇ ਸਜ਼ਾ ਕੱਟਣ ਆਏ ਹਨ ਤੇ ਜ਼ੁਲਮ ਸਹਿਣਾ ਅਤੇ ਸੀ ਤਕ ਨਾ ਕਰਨਾ ਹੀ ਉਨ੍ਹਾਂ ਦਾ ਨਸੀਬ ਹੈ। ਇਸ ਵਿਚਾਰਧਾਰਾ ਅਧੀਨ ਅਤਿ ਦੇ ਜ਼ੁਲਮ ਢਾਹੇ ਜਾ ਰਹੇ ਸਨ। ਔਰਤਾਂ ਦੀ ਜ਼ਿੰਦਗੀ ਜਾਨਵਰਾਂ ਤੋਂ ਵੀ ਬਦਤਰ ਸੀ। ਉਨ੍ਹਾਂ ਨੂੰ ਕਿਸੇ ਕਿਸਮ ਦਾ ਕੋਈ ਹੱਕ ਨਹੀਂ ਸੀ ਦਿੱਤਾ ਗਿਆ। ਬੰਧੂਆ ਮਜਦੂਰਾਂ ਤੋਂ ਵੀ ਮਾੜੇ ਹਾਲਾਤ ਵਿਚ ਰੱਖ ਕੇ ਔਰਤਾਂ ਦਾ ਜਬਰਜ਼ਨਾਹ ਵੀ ਕੀਤਾ ਜਾਂਦਾ ਸੀ ਤੇ ਕਸੂਰਵਾਰ ਵੀ ਔਰਤ ਨੂੰ ਹੀ ਠਹਿਰਾ ਕੇ ਉਨ੍ਹਾਂ'ਤੇ ਜ਼ੁਲਮ ਦੀ ਅਤਿ ਕੀਤੀ ਜਾਂਦੀ ਸੀ। ਔਰਤਾਂ ਨੂੰ ਨਿਆਂ ਨਹੀਂ ਸੀ ਮਿਲਦਾ। ਉਦੋਂ ਦੁਨੀਆ ਦੇ ਹਰ ਕੋਨੇ ਵਿਚ ਔਰਤਾਂ ਉੱਤੇ ਜ਼ੁਲਮ ਹੋ ਰਹੇ ਸਨ।
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥੧॥ (ਅੰਗ 360)
ਉਦੋਂ ਬਹੁਤੇ ਧਾਰਮਿਕ ਮੋਢੀ ਮਰਦ ਨੂੰ ਔਰਤ ਤੋਂ ਉਤਾਂਹ ਮੰਨਦੇ ਸਨ ਤੇ ਔਰਤਾਂ ਉੱਤੇ ਬੇਮਤਲਬ ਦੀਆਂ ਬੰਦਸ਼ਾਂ ਲਾਈਆਂ ਜਾਂਦੀਆਂ ਸਨ। ਅੱਜ ਦੇ ਦਿਨ ਵੀ ਧਰਮ ਨੂੰ ਕੱਟੜ ਢੰਗ ਨਾਲ ਮੰਨਣ ਵਾਲਿਆਂ ਨੇ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਦਿੱਤਾ ਹੋਇਆ। ਧਰਮ ਵਿਚਲੀਆਂ ਬੇਮਤਲਬ ਦੀਆਂ ਬੰਦਸ਼ਾਂ ਨੂੰ ਸੰਪੂਰਨ ਰੂਪ ਵਿਚ ਮੰਨ ਕੇ ਔਰਤ ਨੂੰ ਹਾਲੇ ਵੀ ਮਰਦ ਦੀ ਅਧੀਨਗੀ ਵਿਚ ਰਹਿਣ ਦੀ ਤਾਕੀਦ ਕੀਤੀ ਜਾ ਰਹੀ ਹੈ। ਬਹੁਤੇ ਤਿਉਹਾਰਾਂ ਵਿਚ ਵੀ ਔਰਤ ਮਰਦ ਨੂੰ ਪੂਜਦੀ ਹੈ ਤੇ ਆਪ ਹੀ ਉਸ ਦੇ ਅਧੀਨ ਰਹਿਣ ਤੇ ਆਸ਼ਰਿਤ ਰਹਿਣ ਦੀ ਅਰਦਾਸ ਵੀ ਕਰਦੀ ਹੈ। 15ਵੀਂ ਸਦੀ ਵਿਚ ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪਹਿਲੀ ਵਾਰ ਔਰਤ ਦੇ ਹੱਕ ਵਿਚ ਆਵਾਜ਼ ਚੁੱਕੀ ਤਾਂ ਉਹ ਇਕ ਕ੍ਰਾਂਤੀਕਾਰੀ ਕਦਮ ਸੀ।
ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ॥੨॥ {ਪੰਨਾ 473}
ਜਿਸ ਢੰਗ ਨਾਲ ਉਨ੍ਹਾਂ ਨੇ ਧਰਮ ਦੇ ਮੋਢੀਆਂ ਨੂੰ ਹਲੂਣਾ ਦਿੱਤਾ ਉਹ ਬੇਮਿਸਾਲ ਸੀ। ਉਨ੍ਹਾਂ ਦੇ ਤਰਕ ਅੱਗੇ ਸਭ ਨਿਰੁੱਤਰ ਹੋ ਗਏ ਸਨ ਕਿ ਜਿਸ ਔਰਤ ਨੂੰ ਲਤਾੜਿਆ ਜਾ ਰਿਹਾ ਹੈ ਉਸ ਦੇ ਕੁੱਖੋਂ ਤੁਸੀਂ ਜੰਮੇ ਹੋ ਤੇ ਉਸ ਦੇ ਸਰੀਰ ਅੰਦਰ ਤੁਹਾਡੇ ਅੰਗ ਬਣੇ ਹਨ। ਉਸੇ ਔਰਤ ਦੇ ਕੁੱਖੋਂ ਰਾਜੇ ਤੇ ਮਹਾਰਾਜੇ ਜੰਮਦੇ ਹਨ। ਇਸ ਲਈ ਔਰਤ ਤਾਂ ਪੂਜਣਯੋਗ ਹਸਤੀ ਮੰਨੀ ਜਾਣੀ ਹੈ। ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਗੁਰੂ ਜੀ ਨੇ ਏਨੀ ਜ਼ੋਰਦਾਰ ਆਵਾਜ਼ ਚੁੱਕ ਕੇ ਔਰਤ ਨੂੰ ਮਰਦ ਤੋਂ ਇਕ ਕਦਮ ਉਤਾਂਹ ਰੱਖ ਦਿੱਤਾ ਸੀ। ਅੱਜ ਵੀ ਝਾਤ ਮਾਰੀਏ ਤਾਂ ਪੰਜ ਸਦੀਆਂ ਬਾਅਦ ਵੀ ਔਰਤ ਨੂੰ ਉਹ ਦਰਜਾ ਪ੍ਰਾਪਤ ਨਹੀਂ ਹੋਇਆ। ਪੂਰੀ ਦੁਨੀਆ ਵਿਚ ਔਰਤ ਹਾਲੇ ਵੀ ਬਰਾਬਰੀ ਲਈ ਜੰਗ ਜਾਰੀ ਰੱਖ ਰਹੀ ਹੈ। 'ਯੂਨਾਈਟਿਡ ਨੇਸ਼ਨਜ਼ ਦੀ ਬੀਜਿੰਗ ਡੈਕਲੇਰੇਸ਼ਨ ਫਾਰ ਵੂਮੈਨ' ਅਨੁਸਾਰ ਪੂਰੀ ਦੁਨੀਆ ਵਿਚ ਕਿਤੇ ਵੀ ਔਰਤ ਸੁਰੱਖਿਅਤ ਨਹੀਂ ਹੈ, ਨਾ ਆਪਣੇ ਹੀ ਘਰ ਦੇ ਪਿਛਵਾੜੇ ਵਿਚ। ਕੋਈ ਮੁਲਕ ਅੱਜ ਇਹ ਦਾਅਵਾ ਨਹੀਂ ਕਰ ਸਕਦਾ ਕਿ ਉੱਥੇ ਔਰਤ ਪੂਰੀ ਤਰ੍ਹਾਂ ਸੁਰੱਖਿਅਤ ਹੈ। ਨਾ ਹੀ ਕੋਈ ਧਰਮ ਅਜਿਹਾ ਦਾਅਵਾ ਕਰ ਸਕਦਾ ਹੈ ਕਿ ਉਸ ਵਿਚ ਔਰਤ ਨੂੰ ਪੂਰੀ ਆਜ਼ਾਦੀ ਹੈ। ਹਾਲੇ ਵੀ ਔਰਤਾਂ ਕੋਲੋਂ ਵੱਧ ਕੰਮ ਕਰਵਾ ਕੇ ਘੱਟ ਤਨਖ਼ਾਹ ਦਿੱਤੀ ਜਾਂਦੀ ਹੈ ਤੇ ਜ਼ੁਲਮ ਸਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਇਹ ਸਭ ਪੜ੍ਹ ਕੇ ਸਮਝ ਆ ਸਕਦੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਚੁੱਕੀ ਆਵਾਜ਼ ਅੱਜ ਦੇ ਦਿਨ ਕੀ ਮਾਅਨੇ ਰੱਖਦੀ ਹੈ।
ਧਿਆਨ ਰਹੇ 18ਵੀਂ ਸਦੀ ਵਿਚ ਵੀ ਯੂਰਪ ਵਿਚ ਚੁੜੇਲਾਂ ਕਹਿ ਕੇ ਔਰਤਾਂ ਮਾਰੀਆਂ ਜਾ ਰਹੀਆਂ ਸਨ ਪਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਔਰਤ ਦੇ ਬਿੰਬ ਨੂੰ ਉਚੇਰਾ ਚੁੱਕਣ ਦੇ ਤਰਕ ਸਕਦਾ 18ਵੀਂ ਸਦੀ ਵਿਚ ਵੀ ਸਿੱਖ ਔਰਤਾਂ ਜੰਗ ਜਿੱਤ ਰਹੀਆਂ ਸਨ ਤੇ ਘੋੜਸਵਾਰੀ, ਤਲਵਾਰਬਾਜ਼ੀ ਅਤੇ ਨੇਜ਼ਾ ਚਲਾਉਣਾ ਜਾਣਦੀਆਂ ਸਨ। ਕਿਸੇ ਹੋਰ ਦੀਆਂ ਧੀਆਂ ਭੈਣਾਂ ਦੀ ਪੱਤ ਉੱਤੇ ਹੱਲੇ ਲਈ ਵੀ ਸਿੱਖ ਉਨ੍ਹਾਂ ਔਰਤਾਂ ਨੂੰ ਬਚਾਉਣ ਲਈ ਆਪਣੀ ਜਾਨ ਵਾਰ ਦਿਆ ਕਰਦੇ ਸਨ। ਔਰਤ ਨੂੰ ਮੋਢੀ ਬਣਾ ਕੇ ਉਨ੍ਹਾਂ ਹੱਥ ਕਮਾਨ ਫੜਾ ਕੇ, ਲੀਡਰਸ਼ਿਪ ਦੀ ਭਾਵਨਾ ਉਜਾਗਰ ਕਰ ਦਿੱਤੀ ਗਈ ਸੀ। ਸਾਂਝੀਵਾਲਤਾ, ਊਚ-ਨੀਚ ਦਾ ਭੇਦਭਾਵ ਖ਼ਤਮ ਕਰਨਾ, ਵੰਡ ਛਕਣਾ, ਪਰਉਪਕਾਰ ਕਰਨਾ, ਹੱਥੀਂ ਕਿਰਤ ਕਰਨਾ, ਅਣਖ ਨਾਲ ਜ਼ਿਉਣਾ, ਰੁਜ਼ਗਾਰ ਲਈ ਆਸ਼ਰਿਤ ਨਾ ਹੋਣਾ, ਮਨੁੱਖੀ ਹੱਕਾਂ ਦੀ ਰਾਖੀ ਕਰਨਾ ਆਦਿ ਵਰਗੇ ਨੁਕਤੇ ਬਹੁਤ ਖ਼ੂਬਸੂਰਤ ਤਰੀਕੇ ਕਵਿਤਾ ਤੇ ਸਾਜ਼ ਰਾਹੀਂ ਮਨੁੱਖੀ ਮਨਾਂ ਅੰਦਰ ਡੂੰਘੇ ਬਿਠਾ ਦਿੱਤੇ। ਅਨਿਆ ਵਿਰੁੱਧ ਆਵਾਜ਼ ਚੁੱਕਣਾ ਵੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਿਖਾਇਆ।
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ॥
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ॥
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ॥੩॥
ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥੪॥੩॥ {ਪੰਨਾ 15}
ਦੂਜਿਆਂ ਦੇ ਹੱਕਾਂ ਦੀ ਰਾਖੀ ਕਰਦਿਆਂ ਮੌਤ ਨੂੰ ਹੱਸਦੇ ਹੋਏ ਕਬੂਲ ਕਰਨ ਦਾ ਢੰਗ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਿਖਾਇਆ ਸੀ। ਇਹੀ ਕਾਰਨ ਸੀ ਕਿ ਵਿਸ਼ਵ ਜੰਗਾਂ ਤੇ ਭਾਰਤ ਦੀ ਆਜ਼ਾਦੀ ਦੀ ਜੰਗ ਵਿਚ ਵੀ ਬਹਾਦਰ ਕੌਮ ਦੀ ਮੋਢੀ ਭੂਮਿਕਾ ਸਿੱਖਾਂ ਨੇ ਨਿਭਾਈ। ਸਾਰਾਗੜ੍ਹੀ ਦੀ ਲੜਾਈ ਅੱਜ ਮਿਸਾਲੀ ਬਣ ਚੁੱਕੀ ਹੈ ਜਿੱਥੇ 21 ਸਿੰਘਾਂ ਨੇ 10,000 ਕਬਾਈਲੀਆਂ ਨਾਲ ਜਾਂਬਾਜ਼ ਤਰੀਕੇ ਨਾਲ ਟੱਕਰ ਲੈ ਕੇ ਦੁਨੀਆ ਨੂੰ ਵਿਖਾ ਦਿੱਤਾ ਕਿ ਸੱਚ ਤੇ ਹੱਕ ਲਈ ਜਾਨ ਵਾਰਨ ਵਾਲੇ ਸਿੱਖ ਕਿਸੇ ਵੀ ਔਖੇ ਸਮੇਂ ਦੂਜਿਆਂ ਦੀ ਮਦਦ ਵਾਸਤੇ ਸਭ ਕੁੱਝ ਕੁਰਬਾਨ ਕਰ ਸਕਦੇ ਹਨ।
ਹੱਕ ਹਲਾਲ ਦੀ ਕਮਾਈ ਵਿਚੋਂ ਦਸਵੰਧ ਕੱਢ ਕੇ ਹਰ ਭੁੱਖੇ ਨੂੰ ਰਜਾਉਣਾ, ਔਖੇ ਸਮੇਂ ਨੂੰ ਖਿੜੇ ਮੱਥੇ ਜਰਨਾ ਤੇ ਜਿਸ ਮੁਲਕ ਵਿਚ ਹੋਣ, ਉਸ ਦੀ ਤਰੱਕੀ ਵਾਸਤੇ ਦਿਨ-ਰਾਤ ਇੱਕ ਕਰਨਾ ਅਤੇ ਲੋੜ ਪੈਣ ਉੱਤੇ ਉਸੇ ਮੁਲਕ ਦੀ ਸਰਹੱਦ 'ਤੇ ਛਾਤੀ ਉੱਤੇ ਗੋਲੀ ਤੱਕ ਖਾ ਲੈਣੀ ਹਰ ਉਸ ਸਿੱਖ ਦਾ ਧਰਮ ਹੈ ਜੋ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਨਾਮਲੇਵਾ ਹੈ। ਇਹੀ ਕ੍ਰਾਂਤੀਕਾਰੀ ਤੇ ਯੁਗ ਪਲਟਾਊ ਸੋਚ ਹੀ ਉਨ੍ਹਾਂ ਸਮਿਆਂ ਵਿਚ ਸਮਾਜਿਕ ਤੇ ਰਾਜਨੀਤਕ ਕ੍ਰਾਂਤੀ ਲਿਆ ਸਕੀ ਸੀ ਤੇ ਅੱਜ ਵੀ ਹਰ ਸਿੱਖ ਨੂੰ ਔਕੜਾਂ ਨਾਲ ਨਜਿੱਠਣ ਦੀ ਤਾਕਤ ਦਿੰਦੀ ਹੈ। ਸਭ ਨਾਲ ਮਿਲਵਰਤਣ ਨਾਲ ਰਹਿਣ ਦਾ ਢੰਗ ਵੀ ਇਹੀ ਸੋਚ ਸਿਖਾਉਂਦੀ ਹੈ। ਇਹ ਜਾਣ ਲੈਣ ਤੋਂ ਬਾਅਦ ਸੌਖਿਆਂ ਹੀ ਸਮਝ ਆ ਸਕਦੀ ਹੈ ਕਿ ਇਕ ਸਿੱਖ ਦਾ ਕਿਸੇ ਵੀ ਮੁਲਕ ਵਿਚ ਹੋਣਾ ਉਸ ਮੁਲਕ ਲਈ ਕਿੰਨੇ ਮਾਣ ਦੀ ਗੱਲ ਹੈ। ਇਹ ਜਾਂਬਾਜ਼ ਕੌਮ ਸੇਵਾ ਤੇ ਸਿਮਰਨ ਨੂੰ ਪਹਿਲ ਦਿੰਦੀ ਹੈ ਤੇ ਦੁਸ਼ਮਨ ਨੂੰ ਪਹਿਲਾ ਵਾਰ ਕਰਨ ਦੀ ਵੀ ਖੁੱਲ ਦਿੰਦੀ ਹੈ। ਕਦੇ ਵੀ ਆਪ ਕਿਸੇ ਨਿਮਾਣੇ ਉੱਤੇ ਜਬਰ ਨਹੀਂ ਕਰਦੀ।
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ॥
ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥
ਰਾਜਿ ਰੰਗੁ ਮਾਲਿ ਰੰਗੁ॥ ਰੰਗਿ ਰਤਾ ਨਚੈ ਨੰਗੁ॥
ਨਾਨਕ ਠਗਿਆ ਮੁਠਾ ਜਾਇ॥ ਵਿਣੁ ਨਾਵੈ ਪਤਿ ਗਇਆ ਗਵਾਇ॥੧॥ {ਪੰਨਾ 142}
ਡਾ. ਹਰਸ਼ਿੰਦਰ ਕੌਰ, ਐੱਮ. ਡੀ.,
ਬਾਬਾ ਨਾਨਕ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਗਿਆ ਅਲੌਕਿਕ ਨਗਰ ਕੀਰਤਨ
NEXT STORY