ਦੁਆਬਾ ਖਿੱਤਾ ਵੱਡੇ ਕਵੀਆਂ ਦਾ ਖੇਤਰ ਹੈ। ਡਾ. ਜਗਤਾਰ ਦੀ ਗ਼ਜ਼ਲਕਾਰੀ ਤੋਂ ਕੁੱਲ ਪੰਜਾਬੀ ਸਾਹਿਤ ਮੁਤਾਸਿਰ ਹੈ। ਸਾਡਾ ਸਮਕਾਲੀ ਯੁੱਗ ਕਵੀ 'ਡਾ. ਸੁਰਜੀਤ ਪਾਤਰ' ਵੀ ਦੁਆਬੇ ਦੇ ਪਿੰਡ ਪੱਤੜ ਕਲਾਂ ਦਾ ਜੰਮਪਲ ਹੈ। ਮੁੱਕਦੀ ਗੱਲ ਜਲੰਧਰ ਕਵੀਆਂ ਦਾ ਗੜ੍ਹ ਰਿਹਾ ਹੈ। ਇਸੇ ਲੜ੍ਹੀ ਵਿੱਚ 'ਪ੍ਰੀਤ ਲੱਧੜ' ਦਾ ਨਾਮ (ਬੇਸ਼ੱਕ ਨਵਾਂ ਐਪਰ) ਵਿਚਾਰਨ-ਯੋਗ ਹੈ।
ਪ੍ਰੀਤ ਲੱਧੜ ਇਕ ਮੌਲਿਕ ਗੀਤਕਾਰ ਹੈ। ਮੇਰੀ ਜਾਣਕਾਰੀ ਅਨੁਸਾਰ ਪ੍ਰੀਤ ਲੱਧੜ ਦੇ (ਹੁਣ ਤੱਕ) ਕਰੀਬ 80 ਗੀਤ ਰਿਕਾਰਡ ਹੋ ਚੁੱਕੇ ਹਨ, ਜਿਨ੍ਹਾਂ ਨੂੰ ਕਈ ਮਕਬੂਲ ਗਾਇਕਾਂ ਨੇ ਆਪਣੇ ਬੋਲ ਦਿੱਤੇ ਹਨ ਪਰ ਹੁਣ ਉਸ ਦਾ ਰੁਝਾਨ 'ਕਵਿਤਾ ਤੇ ਗ਼ਜ਼ਲ' ਲਿਖਣ ਵੱਲ ਹੋਇਆ ਹੈ, ਜਿਸ ਦਾ ਸਿੱਟਾ ਹੈ - "ਕਲਮ ਨਾਦ" ।
ਜ਼ਿਲ੍ਹਾ ਜਲੰਧਰ ਦੀ ਬੁੱਕਲ ਵਿੱਚ 'ਨੇਕੀ ਦਾ ਦਰ' ਤੋਂ ਬਣੀ ਤਹਿਸੀਲ 'ਨਕੋਦਰ' ਅਧੀਨ ਪੈਂਦੇ ਪਿੰਡ 'ਲੱਧੜਾਂ' ਦਾ ਵਾਸੀ ਹੈ 'ਪ੍ਰੀਤ ਲੱਧੜ'। ਉਸ ਦੀ ਕਵਿਤਾ ਵਿੱਚ ਗੀਤਾਂ ਦਾ ਰੰਗ ਝਲਕਦਾ ਹੈ। ਮੈਨੂੰ ਕਦੀ ਸ਼ਿਵ ਬਟਾਲਵੀ ਤੋਂ ਮੁਤਾਸਿਰ ਜਾਪਦਾ ਹੈ। ਕਦੀ ਗੁਰਬਾਣੀ ਦੇ ਲੜ ਲਗਿਆ ; ਮੁਹੱਬਤੀ ਸ਼ਾਇਰ।
ਕਲਮ-ਨਾਦ ਕਾਵਿ-ਕਿਤਾਬ ਵਿੱਚ ਕਵਿਤਾਵਾਂ ਤੇ ਗ਼ਜ਼ਲਾਂ ਸ਼ਾਮਲ ਹਨ। ਉਸ ਦੀ ਕਵਿਤਾ ਲੈਅ-ਬੰਧ ਤੇ ਦਿਲ-ਟੁੰਬਦੀ ਹੈ। ਕਿਧਰੇ ਜਾਪਦਾ ਹੈ ਉਸ ਲੰਮੀ ਕਵਿਤਾ ਲਿਖਣ ਦੀ ਇੱਛਾ ਰੱਖਦਾ ਹੈ, ਜਿਸ ਦੀ ਕੁੱਖ 'ਚੋਂ 'ਬੇਗੋ ਬਾਣੀਆਂ' 'ਸੱਸੀ ਪੁੰਨੂੰ' ਤੇ 'ਲੂਣਾਂ' ਆਦਿ ਕਮਾਲ ਦੀਆਂ ਰਚਨਾਵਾਂ ਜਨਮ ਲੈਂਦੀਆਂ ਹਨ। ਪ੍ਰੀਤ ਲੱਧੜ ਨੂੰ ਕੁਦਰਤ ਨੂੰ ਤੱਕਣਾ, ਨਿਜ਼ਾਮ ਨੂੰ ਸਮਝਣਾ, ਆਵਾਮ ਦੀ ਆਵਾਜ਼ ਬਣਨਾ ਤੇ ਪਿਆਰ ਵਿੱਚ ਡੁੱਬਣਾ ਵੀ ਆਉਂਦਾ ਹੈ ਤੇ ਉਸ ਨੂੰ ਕਵਿਤਾ ਵਿੱਚ ਕਹਿਣਾ ਵੀ ਆਉਂਦਾ ਹੈ ਇਹੀ ਉਸ ਦੀ ਸਿਫ਼ਤ ਹੈ।
ਪ੍ਰੀਤ ਲੱਧੜ ਰਚਿਤ ਕਲਮ ਨਾਦ ਵਿੱਚ 'ਅੱਖਰ, ਸੂਰਜਾ ਵੇ, ਪੌਣਾਂ ਨੂੰ ਅੱਗ, ਬੇਗੋ-ਬਾਣੀਆਂ, ਮੀਲ ਪੱਥਰ, ਮਨਸੂਰ ਦੇ ਵਾਂਗੂੰ, ਸੱਸੀ-ਪੁੰਨੂੰ, ਲੂਣਾਂ, ਕਲਮ ਨਾਦ, ਸਪਤਰਿਸ਼ੀ ਦੇ ਤਾਰੇ ’ਤੇ ਕਿਸੇ ਹੱਥ ਸੋਟੀ ਏ ਆਦਿ ਸ਼ਾਮਲ ਰਚਨਾਵਾਂ ਪੜ੍ਹਨ ਤੇ ਸਾਂਭਣਯੋਗ ਹਨ। ਉਹ ਲਿਖਦਾ ਹੈ -
"ਮੈਂ ਕਵਿਤਾ ਨੂੰ ਨਹੀਂ ਲਿਖਦਾ
ਕਵਿਤਾ ਮੈਨੂੰ ਲਿਖਦੀ ਏ।" (ਪੰਨਾ- 63)
ਪ੍ਰੀਤ ਲੱਧੜ ਨੂੰ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਸਾਬਤ ਕਦਮੀਂ ਆਉਂਣ 'ਤੇ ਸਵਾਗਤ ਕਹਿੰਦਾ ਹਾਂ। ਕੋਈ ਇੱਕਾ-ਦੁੱਕਾ ਖ਼ਾਮੀਆਂ ਨੂੰ ਅੱਖੋਂ ਪਰੋਖੇ ਵੀ ਕੀਤਾ ਜਾ ਸਕਦਾ ਹੈ, ਕਿਉਂ ਜੋ ਹੁਣ ਅਜਿਹੇ ਉਮੀਦਾਂ ਜਾਏ 'ਕਵੀ' ਘੱਟ ਹੀ ਨਹੀਂ ਸਗੋਂ ਲੱਭਿਆਂ ਵੀ ਨਹੀਂ ਲੱਭ ਰਹੇ।
ਦੀਪ ਸਿੱਧੂ ਪ੍ਰਤੀ ਸ਼ੰਕੇ ਬਰਕਰਾਰ, ਜਾਣੋ ਕਿਉਂ ਭਾਜਪਾ ਨਾਲ ਸਬੰਧਾਂ ਨੂੰ ਲੈ ਕੇ ਉੱਠ ਰਹੇ ਨੇ ਸਵਾਲ
NEXT STORY