ਮੌਬ ਲਿੰਚਿੰਗ..........ਬੱਚਾ ਚੋਰੀ ਕਰਨ ਦੇ ਸ਼ੱਕ ਵਿਚ ,ਅਫਵਾਹਾਂ ਫੈਲਣ ਕਾਰਨ ਉਨਮਾਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤੇ ਦੋ ਬੇਗੁਨਾਹ..........।
'' ਇਹ ਪਾਗਲਖਾਨੇ ,ਇਸ ਵੱਡੇ ਪਾਗਲਖਾਨੇ'' (ਨਫਰਤ ਭਰਿਆ ਸਮਾਜ ) ਤੋਂ ਕਿਤੇ ਮਹਿਫੂਜ਼ ਤੇ ਸ਼ਾਤ ਥਾਵਾਂ ਨੇ । ਉੱਥੇ ਇੰਨੀਆਂ ਖਤਰਨਾਕ ਸੋਚਾਂ ਵਾਲੇ ਲੋਕ ਨਹੀਂ ਰਹਿੰਦੇ।ਉਹ ਬਹੁਤਾ ਦਿਮਾਗ ਨਹੀਂ ਚਲਾਉਂਦੇ ।''ਇਹ ਸ਼ਬਦ ਸਆਦਤ ਹਸਨ ਮੰਟੋ ਨੇ ਆਪਣੀ ਪਤਨੀ ਨੂੰ ਉਦੋਂ ਕਹੇ ਜਦੋਂ ਇਹ ਮਹਾਨ ਸਾਹਿਤਕਾਰ ਪਾਗਲਖਾਨੇ ਵਿਚ ਦਾਖਲ ਸੀ ਬਾਹਰ ਦੇਸ਼ ਦੀ ਵੰਡ ਕਾਰਨ ਮਨੁੱਖਤਾ ਲਹੂ-ਲੁਹਾਨ ਸੀ । ਸਆਦਤ ਹਸਨ ਮੰਟੋ ਦੇ ਕਹੇ ਸ਼ਬਦ ਉਦੋਂ ਵੀ ਸੱਚ ਸਨ ਤੇ ਅੱਜ ਵੀ ਸੱਚ ਹਨ । ਦੇਸ਼ ਦੀ ਵੰਡ ਕਾਰਨ ਸਮਾਜ ਵਿਚ ਘੁਲੀ ਨਫਰਤ , ਹੋਈ ਕਤਲੋ-ਗਾਰਤ ਦੇ ਹਾਲਾਤਾਂ ਨੇ ਉਰਦੂ ਦੇ ਇਸ ਮਹਾਨ ਲੇਖਕ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ ।ਮਾਨਸਿਕ ਤਵਾਜਨ ਡੋਲਿਆ ,ਮਾਨਸਿਕ ਟੁੱਟ-ਭੱਜ ਹੋਈ ਤੇ ਮੰਟੋ ਨੂੰ ਪਾਗਲਖਾਨੇ ਵਿਚ ਦਾਖਲ ਰਹਿਣਾ ਪਿਆ ਸੀ ।ਖੰਡਿਤ ਤੇ ਜ਼ਖਮੀ ਮਾਨਸਿਕ ਬਿਰਤੀ ਦੇ ਇਸੇ ਦੌਰ ਵਿਚੋਂ ਕਈ ਮਹਾਨ ਕਹਾਣੀਆਂ ਨੇ ਜਨਮ ਲਿਆ ਸੀ । ਵੰਡ ਵੇਲੇ ਲੋਕ ਕਿਵੇਂ ਧਰਮ ਦੀ ਆੜ੍ਹ ਵਿਚ ਇਨਸਾਨ ਤੋਂ ਹੈਵਾਨ ਬਣੇ ਤੇ ਆਪਣੇ-ਆਪ ਹੀ ਆਪਣੀ ਹੈਵਾਨੀਅਤ ਨੂੰ ਬਦਲੇ ਦੇ ਰੂਪ ਵਿਚ ਕੀਤੀ ਕਾਰਵਾਈ ਕਹਿ ਕੇ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਤਾਂ ਮੰਟੋ ਬੇਚੈਨ ਹੋ ਹੋ ਕੇ ਉਠਦੇ ,ਉਹ ਹੈਰਾਨ ਹੋ ਜਾਂਦੇ ਸਨ ਕਿ ਇਨਸਾਨ ਕਿਵੇਂ ਬਦਲ ਜਾਂਦਾ ਹੈ, ਕਿਵੇਂ ਇਨਸਾਨ ਵਿਚੋਂ ਇਨਸਾਨੀਅਤ ਮਨਫੀ ਹੋ ਜਾਂਦੀ ਹੈ ।
ਰਾਜਨੀਤੀ ਵਲੋਂ ਪੈਦਾ ਕੀਤੇ ਗਏ ਹਾਲਾਤ ਸਿੱਧੇ ਤੌਰ ਤੇ ਸਮਾਜਿਕ ਤਾਣੇ-ਬਾਣੇ ਤੇ ਅਸਰ ਪਾਉਂਦੇ ਰਹੇ ਹਨ ਤੇ ਇਹਦੇ ਸਿੱਟੇ ਕਦੇ ਵੀ ਚੰਗੇ ਨਹੀਂ ਨਿਕਲੇ ।ਦੇਸ਼ ਦੀ ਵੰਡ ਵੀ ਇਕ ਅਜਿਹਾ ਹੀ ਨਤੀਜਾ ਸੀ । ਇਹ ਕੋਈ ਅਚਾਨਕ ਵਾਪਰਿਆ ਘਟਨਾਕ੍ਰਮ ਨਹੀਂ ਸੀ ਰਾਜਨੀਤੀ ਨੇ ਕਈ ਦਹਾਕੇ ਪਹਿਲਾਂ ਇਸ ਦੀ ਬਿਸਾਤ ਵਿਛਾ ਦਿੱਤੀ ਸੀ ਤੇ ਹੌਲੀ-ਹੌਲੀ ਅਜਿਹੇ ਹਾਲਾਤ ਪੈਦਾ ਕੀਤੇ ਗਏ ਸਨ ਕਿ ਇਹ ਅਣਮਨੁੱਖੀ ਵਰਤਾਰਾ ਬਹੁਤ ਹੀ ਭਿਆਨਕ ਰੂਪ ਵਿਚ ਸਭ ਦੇ ਸਾਹਮਣੇ ਆਇਆ ਸੀ । ਸਆਦਤ ਹਸਨ ਮੰਟੋ ਨੇ ਆਪਣੀ ਕਹਾਣੀ ''ਟੋਬਾ ਟੇਕ ਸਿੰਘ ''ਵਿਚ ਇਸ ਅਣਮਨੁੱਖੀ ਵੰਡ ਤੇ ਗਹਿਰਾ ਵਿਅੰਗ ਕੀਤਾ ਹੈ ।ਉਹ ਕਹਿੰਦੇ ਹਨ ਕਿ ਆਮ ਲੋਕਾਂ ਨੇ ਵੰਡ ਨੂੰ ਤਸਲੀਮ ਕਰ ਲਿਆ ਪਰ ਪਾਗਲਖਾਨੇ ਵਿਚ ਬੰਦ ਪਾਗਲ ਇਸ ਵੰਡ ਨੂੰ ਤਸਲੀਮ ਕਰਨ ਤੋਂ ਮੁਨਕਰ ਸਨ ਉਹ ਇਸ ਵੰਡ ਨੂੰ ਸਮਝ ਹੀ ਨਹੀਂ ਪਾ ਰਹੇ ਸਨ ।ਉਹ ਨਹੀਂ ਸਨ ਸਮਝ ਪਾ ਰਹੇ ਕਿ ਅਜਿਹਾ ਵੀ ਹੋ ਸਕਦਾ ਹੈ , ਕਿਵੇਂ ਹੋ ਸਕਦਾ ਹੈ ?
ਅੱਜ ਦੇਸ਼ ਵਿਚ ਮੌਬ ਲਿੰਚਿੰਗ ਦਾ ਬੋਲ-ਬਾਲਾ ਹੈ ।ਭੀੜ ਫੈਲੀਆਂ ਅਫਵਾਹਾਂ ਨੂੰ ਸੁਣ ਕੇ ਮੌਕੇ ਤੇ ਹੀ ਇਨਸਾਫ ਕਰ ਦਿੰਦੀ ਹੈ । ਇਨਸਾਨਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਜਿੱਥੇ ਮੌਬ ਲਿੰਚਿੰਗ ਚਿੰਤਾਂ ਦਾ ਵਿਸ਼ਾ ਹੈ ,ਉੱਥੇ ਹੀ ਧਾਰਮਿਕ ਫਿਕਰਮੰਦੀਆਂ ਦਾ ਵੀ ਆਪਣਾ ਵਜੂਦ ਹੈ ।ਇਉਂ ਲੱਗਦਾ ਹੈ ਹਰ ਧਰਮ ਨੂੰ ਆਪਣੀ ਹੋਂਦ ਤੇ ਖਤਰਾ ਹੈ ,ਹਰ ਫਿਰਕਾ ਦੂਸਕੇ ਫਿਰਕੇ ਤੋਂ ਦੂਰ ਹੈ ,ਧਾਰਮਿਕ ਸਦਭਾਵਨਾ ਅਜਿਹੀ ਸ਼ਕਲ ਵਿਚ ਨਹੀਂ ਹੈ ਜੋ ਸੋਚੀ ਜਾਂਦੀ ਰਹੀ ਹੈ ਤੇ ਜੋ ਹੋਣੀ ਚਾਹੀਦੀ ਹੈ ।ਅੱਜ ਵੀ ,ਕੋਈ ਵੀ ਛੋਟੀ ਜਿਹੀ ਘਟਨਾ ਸਮਾਜ ਲਈ ਘਾਤਕ ਸਿੱਧ ਹੋ ਜਾਂਦੀ ਹੈ ਤੇ ਕਈ ਵਾਰ ਮਨੁੱਖੀ ਏਕਤਾ ਦੀ ਹਿੱਕ ਤੇ ਲਹੂ ਦੀ ਲਕੀਰ ਵੀ ਖਿੱਚ ਜਾਂਦੀ ਹੈ ।
ਕਦੇ-ਕਦੇ ਸੋਚਦਾ ਹਾਂ ਕਿ ਇਹਨਾਂ ਖਬਰਾਂ ਦਾ। ਜੇਕਰ ਸਆਦਤ ਹਸਨ ਮੰਟੋ ਜਿੰਦਾ ਹੁੰਦੇ ਤਾਂ ਉਹਨਾਂ ਤੇ ਕਿਸ ਤਰ੍ਹਾਂ ਦਾ ਅਸਰ ਹੁੰਦਾ ।ਉਹ ਮਨੁੱਖੀ ਫਿਤਰਤ ਨੂੰ ਪੜ੍ਹਣ ਵਾਲੇ ਦਾਨੇਸ਼ਵਰ ਸਨ । ਇਕ ਅਫਵਾਹ ਦੇ ਆਧਾਰ ਤੇ ਹੀ ਲੋਕਾਂ ਨੇ ਕਿਸੇ ਮਨੁੱਖ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ,ਅਜਿਹੀਆਂ ਖਬਰਾ ਪੜ੍ਹ ਕੇ ਬੇਸ਼ੱਕ ਉਹ ਬਹੁਤ ਬੇਚੈਨ ਹੋ ਜਾਂਦੇ ।ਉਹ ਕਾਰਨ ਲੱਭਣ ਦੀ ਕੋਸ਼ਿਸ ਕਰਦੇ ਕਿ ਕਿਉਂ ਭੀੜ ਨਾਲ ਜੁੜੇ ਇਨਸਾਨ ਕੁੱਝ ਪਲਾਂ ਵਿਚ ਹੀ ਅਜਿਹੇ ਹੋ ਜਾਂਦੇ ਹਨ ।ਸ਼ਾਇਦ ਜਲਦੀ ਹੀ ਉਹ ਕਿਸੇ ਸਿੱਟੇ 'ਤੇ ਵੀ ਪਹੁੰਚ ਜਾਂਦੇ ।ਜ਼ਰੂਰ ਕੋਈ ਮਹਾਨ ਕਹਾਣੀ ਜਨਮ ਲੈਂਦੀ । ਕਹਾਣੀ ਰਾਹੀਂ ਉਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਕਿ ਲੋਕ ਜਾਗਰੂਕ ਰਹਿਣ ,ਅਜਿਹੀ ਸੋਚ ਨੇ ਕਿਸੇ ਦਾ ਕੁੱਝ ਨਹੀਂ ਸਵਾਰਿਆ ।
ਜਿੰਨਾਂ ਦਿਨਾਂ ਵਿਚ ਭੀੜ ਨੇ ਇਖਲਾਕ ਨੂੰ ਮਾਰਿਆ, ਉਹਨਾਂ ਦਿਨਾਂ ਵਿਚ ਮੈਂ ਸਆਦਤ ਹਸਨ ਮੰਟੋ ਨੂੰ ਯਾਦ ਕੀਤਾ ਸੀ ।ਜੇ ਉਹ ਹੁੰਦੇ ਤਾਂ ਜ਼ਰੂਰ ਕੋਈ ਅਫਸਾਨਾ ਲਿਖਦੇ ਜਾਂ ਫਿਰ ਲਿਖਦੇ ਕਿ ਇਖਲਾਕ ਨਹੀਂ ਸੀ ਮਰਨਾ ਚਾਹੀਦਾ । ਨਾ ਤਾਂ ਇਨਸਾਨ ਦੇ ਰੂਪ ਵਿਚ ਤੇ ਨਾ ਹੀ ਇਨਸਾਨ ਦਾ ਵਿਅਕਤੀਗਤ ਇਖਲਾਕ ।ਅੱਜ ਇਖਲਾਕ ਹੀ ਨਹੀਂ ਮਰਿਆ ,ਦੋਵੇਂ ਮਰੇ ਨੇ ।
ਤਰਸੇਮ ਬਸ਼ਰ
99156-20944
.