ਸੀਤੋ ਨੂੰ ਬੰਤ ਨਾਲ ਵਿਆਹੀ ਨੂੰ 20 ਸਾਲ ਹੋ ਗਏ ਸਨ ਜਦੋਂ ਦੀ ਉਹ ਸਹੁਰੇ ਆਈ ਸੀ ਤਾਂ ਘਰ ਭਾਵੇਂ ਕੱਚਾ ਸੀ ਪਰ ਦੋਵਾਂ ਦੇ ਰਿਸ਼ਤੇ 'ਚ ਬਹੁਤ ਪਕਿਆਈ ਸੀ। ਜਿਸ ਦੇ ਚਲਦਿਆਂ ਪਹਿਲੇ ਤਿੰਨ ਕੁ ਸਾਲ ਤਾਂ ਸੀਤੋ ਨੂੰ ਪਤਾ ਹੀ ਨਾ ਲੱਗਾ ਕਿ ਸਮਾਂ ਕਿਵੇਂ ਬੀਤ ਗਿਆ । ਇਸੇ ਦੌਰਾਨ ਦੋਵਾਂ ਦੇ ਘਰ ਪਹਿਲੇ ਬੱਚੇ ਵਜੋਂ ਕੁੜੀ ਤੇ ਇੱਕ ਸਾਲ ਬਾਅਦ ਹੀ ਮੁੰਡੇ ਨੇ ਜਨਮ ਲਿਆ। ਇਸ ਪ੍ਰਕਾਰ ਮਿਲਿਆ ਜੁਲਿਆ ਟੱਬਰ ਬਣ ਗਿਆ ਸੀ।
ਬੰਤ ਬਿਜਲੀ ਮਹਿਕਮੇ 'ਚ ਇੱਕ ਲਾਈਨਮੈਨ ਸੀ। ਇਸੇ ਦੌਰਾਨ ਬੰਤ ਦੀ ਉੱਠਣੀ ਬੈਠਣੀ ਕੁੱਝ ਅਜਿਹੇ ਲੋਕਾਂ ਨਾਲ ਹੋ ਗਈ ਸੀ ਜੋ ਸ਼ਰਾਬ ਪੀਣ ਦੇ ਗਾੜੂ ਸਨ। ਨਤੀਜੇ ਵਜੋਂ ਬੰਤ ਦੀ ਸ਼ਰਾਬ ਪੀਣ ਦੀ ਆਦਤ 'ਚ ਵੀ ਚੋਖਾ ਵਾਧਾ ਹੋ ਗਿਆ ਸੀ।
ਹੁਣ ਸੀਤੋ ਤੇ ਬੰਤ ਦੋਵਾਂ ਵਿਚਕਾਰ ਅਕਸਰ ਕਲੇਸ਼ ਰਹਿਣ ਲੱਗਾ ਸੀ । ਜਦੋਂ ਵੀ ਬੰਤ ਦੇਰ ਰਾਤ ਸ਼ਰਾਬ ਨਾਲ ਡੱਕਿਆ ਘਰ ਆਉਂਦਾ ਤਾਂ ਸੀਤੋ ਨਾਲ ਬਧੋ-ਬਧੀ ਲੜਦਾ ਝਗੜਾ ਗਾਲ੍ਹਾਂ ਕੱਢਦਾ। ਗਾਲ੍ਹਾਂ ਤੇ ਚੀਕ ਚਿਹਾੜਾ ਸੁਣ ਪਹਿਲਾਂ ਪਹਿਲ ਤਾਂ ਗੁਆਂਢੀ ਆ ਕੇ ਲੜਾਈ ਖ਼ਤਮ ਕਰਵਾ ਜਾਂਦੇ। ਪਰ ਜਦੋਂ ਲੜਨਾ ਉਨ੍ਹਾਂ ਦਾ ਰੋਜ਼ਾਨਾ ਦਾ ਮਾਮੂਲ ਹੀ ਬਣ ਗਿਆ ਤਾਂ ਗੁਆਂਢੀਆਂ ਨੇ ਵੀ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ।
ਦੋਵਾਂ ਵਿਚਾਲੇ ਝਗੜੇ ਦਾ ਮੁੱਖ ਕਾਰਨ ਸ਼ਰਾਬ ਸੀ ਕਿਉਂਕਿ ਬੰਤ ਸ਼ਰਾਬ 'ਚ ਆਪਣੀ ਅੱਧੀ ਤੋਂ ਵਧ ਤਨਖ਼ਾਹ ਵਹਾਅ ਦਿੰਦਾ ।ਉਨ੍ਹਾਂ ਦਿਨਾਂ ਵਿਚ ਤਨਖ਼ਾਹਾਂ ਵੀ ਕੋਈ ਜ਼ਿਆਦਾ ਨਹੀਂ ਸੀ ਹੁੰਦੀਆਂ।
ਘਰ ਦਾ ਖ਼ਰਚ ਚਲਾਉਣ ਲਈ ਉਹ ਸੀਤੋ ਨੂੰ ਘੱਟ ਵੱਧ ਪੈਸੇ ਦਿੰਦਾ ਤੇ ਕਦੇ ਨਾ ਦਿੰਦਾ। ਇਨ੍ਹਾਂ ਹਾਲਾਤ ਵਿੱਚ ਜਦੋਂ ਸੀਤੋ ਨੂੰ ਬੱਚਿਆਂ ਤੇ ਘਰ ਦਾ ਖ਼ਰਚਾ ਚੁੱਕਣਾ ਮੁਸ਼ਕਿਲ ਹੋ ਗਿਆ ਤਾਂ ਆਖਰਕਾਰ ਉਸ ਨੇ ਅਣਸਰਦੇ ਨੂੰ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਕਰਨਾ ਸ਼ੁਰੂ ਕਰ ਦਿੱਤਾ।
ਇਧਰ ਬੰਤ ਦੀ ਸ਼ਰਾਬ ਪੀਣ ਦੀ ਲਤ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਸੀ। ਸ਼ਰਾਬ 'ਚ ਟੁੰਨ ਹੋਇਆ ਜਦੋਂ ਉਹ ਸੀਤੋ ਨਾਲ ਹੱਥੋਪਾਈ ਕਰਦਾ ਤਾਂ ਬੱਚਿਆਂ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ। ਕਈ ਵਾਰੀ ਬੱਚੇ ਲੜਾਈ ਛੁਡਾਉਣ ਲਈ ਅੱਗੇ ਆਉਂਦੇ ਤਾਂ ਬੰਤ ਉਨ੍ਹਾਂ ਦੀ ਵੀ ਕੁੱਟਮਾਰ ਕਰਨ ਤੋਂ ਗੁਰੇਜ਼ ਨਹੀਂ ਸੀ ਕਰਦਾ। ਜਿਸ ਦੇ ਨਤੀਜੇ ਵਜੋਂ ਇਹ ਸਭ ਕੁੱਝ ਬਰਦਾਸ਼ਤ ਕਰਦਿਆਂ ਬੱਚੇ ਆਪਣੇ ਹੀ ਘਰ ਵਿਚ ਸਹਿਮੇ ਸਹਿਮੇ ਰਹਿਣ ਲੱਗ ਪਏ ਸਨ। ਮੰਨੋ ਬੰਤ ਦੀ ਸ਼ਰਾਬ ਨੋਸ਼ੀ ਨੇ ਇੱਕ ਚੰਗਾ ਭਲਾ ਹੱਸਦਾ-ਵੱਸਦਾ ਘਰ ਨਰਕ ਬਣਾ ਰੱਖਿਆ ਸੀ।
ਉਧਰ ਸੀਤੋ ਨੇ ਕੁੜੀ ਨੂੰ ਦਸਵੀਂ ਪਾਸ ਕਰਨ ਉਪਰੰਤ ਹਟਾ ਲਿਆ ਸੀ। ਭਾਵੇਂ ਕੁੜੀ ਅੱਗੇ ਪੜ੍ਹਨਾ ਲੋਚਦੀ ਸੀ ਪਰ ਸੀਤੋ ਸੋਚਦੀ ਸੀ ਕਿ ਉਹ ਕਿਹੜੀ ਘੜੀ ਹੋਵੇ ਕਿ ਉਹ ਜਲਦੀ ਤੋਂ ਜਲਦੀ ਉਸ ਨੂੰ ਇੱਜ਼ਤ ਨਾਲ ਘਰੋਂ ਰੁਖਸਤ ਕਰ ਆਪਣੀ ਜ਼ਿੰਮੇਵਾਰੀ ਤੋਂ ਸੁਰਖਰੂ ਹੋਵੇ । ਇਸ ਸੰਦਰਭ ਵਿੱਚ ਉਸ ਨੇ ਪੇਕਿਆਂ 'ਚ ਵੀ ਕਹਿ ਛੱਡਿਆ ਸੀ ਕਿ ਜੇਕਰ ਕੋਈ ਨਸ਼ੇ-ਪੱਤੇ ਤੋਂ ਮੁਕਤ ਚਾਹੇ ਉਹ ਗ਼ਰੀਬ ਘਰ ਦਾ ਹੀ ਮੁੰਡਾ ਕਿਉਂ ਨਾ ਹੋਵੇ ਮਿਲੇ ਤਾਂ ਜਰੂਰ ਦੱਸ ਪਾਉਣ ।
ਇਸ ਤੋਂ ਪਹਿਲਾਂ ਕਿ ਕੁੜੀ ਲਈ ਕੋਈ ਰਿਸ਼ਤਾ ਮਿਲਦਾ। ਇੱਕ ਭਾਣਾ ਵਾਪਰ ਗਿਆ, ਬੰਤ ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਬੰਤ ਦੇ ਅਕਾਲ ਚਲਾਣੇ ਤੋਂ ਬਾਅਦ ਸਰਕਾਰ ਨੇ ਤਰਸ ਦੇ ਆਧਾਰ 'ਤੇ ਉਸ ਦੇ +2 ਵਿੱਚ ਪੜ੍ਹਦੇ ਮੁੰਡੇ ਨੂੰ ਨੌਕਰੀ ਦੇ ਕੇ ਮਹਿਕਮੇ ਵਿੱਚ ਹੀ ਐਡਜਸਟ ਕਰ ਲਿਆ ਸੀ । ਬੰਤ ਦੀ ਮੌਤ ਤੋਂ ਬਾਅਦ ਸਰਕਾਰ ਵਲੋਂ ਜੋ ਇਕੱਠੀ ਰਕਮ ਮਿਲੀ ਉਸ ਨਾਲ ਸੀਤੋ ਨੇ ਪੁਰਾਣੇ ਮਕਾਨ ਨੂੰ ਢਾਹ ਕੇ ਨਵੇਂ ਰਿਵਾਜ ਦਾ ਘਰ ਬਣਾ ਲਿਆ ਸੀ ।
ਘਰ ਦੀ ਉਸਾਰੀ ਤੋਂ ਬਾਅਦ ਭੱਜ-ਨੱਠ ਕਰਕੇ ਸੀਤੋ ਨੇ ਕੁੜੀ ਦੇ ਲਈ ਵੀ ਇਕ ਵਧੀਆ ਟਿਕਾਣਾ ਲੱਭ ਉਸ ਦੇ ਹੱਥ ਪੀਲੇ ਕਰ ਦਿੱਤੇ ਸਨ। ਹੁਣ ਕੁੜੀ ਨੂੰ ਵੀ ਸੁੱਖ ਨਾਲ ਆਪਣੇ ਘਰ ਘੁੱਗ ਵਸਦਿਆਂ ਸਾਲ ਹੋਣ ਆਲਾ ਸੀ।
ਅੱਜ ਗਲੀ 'ਚ ਰਹਿੰਦੀ ਤਾਈ ਬਿਸ਼ਨ ਕੌਰ ਆਪਣੀ ਸੋਟੀ ਦੇ ਸਹਾਰੇ ਹੌਲੀ-ਹੌਲੀ ਉਸ ਦੇ ਘਰ ਦੇ ਮੂਹਰੋਂ ਦੀ ਲੰਘੀ ਜਾ ਰਹੀ ਸੀ ਤਾਂ ਸੀਤੋ ਆਪਣੇ ਗੇਟ ਮੂਹਰੇ ਝਾੜੂ ਲਗਾ ਰਹੀ ਸੀ। ਤਾਈ ਨੂੰ ਵੇਖ ਉਸ ਨੇ ਫਤਿਹ ਬੁਲਾਈ ਅਤੇ ਉਸ ਦੀ ਰਸਮਨ ਸੁੱਖ ਸਾਂਦ ਪੁੱਛੀ। ਇਸ ਤੋਂ ਬਾਅਦ ਬਿਸ਼ਨੀ ਨੇ ਜਿਵੇਂ ਇਕ ਕੌੜੀ ਸੱਚਾਈ ਬਿਆਨ ਕਰਦਿਆਂ ਆਖਿਆ " ਸੀਤੋ ਉਂਝ ਬੰਤ ਦੇ ਮੁੱਕਣ ਬਾਅਦ ਇੰਝ ਲੱਗਦਾ ਹੈ ਕਿ ਜਿਵੇਂ ਤੁਹਾਡੇ ਘਰ ਦੇ ਦਿਨ ਹੀ ਫਿਰ ਗਏ ਹੋਣ ! "
ਤਾਈ ਦੀ ਗੱਲ ਦਾ ਜੁਆਬ ਦਿੰਦਿਆਂ ਇੱਕ ਲੰਮਾ ਹੌਕਾ ਭਰਦਿਆਂ ਤੇ ਕੂੜੇ ਨੂੰ ਨਾਲੀ ਵਿੱਚ ਕਰਦਿਆਂ ਸੀਤੋ ਨੇ ਆਖਿਆ " ਤਾਈ ਮਰਨਾ ਤਾਂ ਇਕ ਦਿਨ ਸੀ ਹੀ ਉਸ ਨੇ, ਜੇ ਕਿਤੇ ਦਸ ਬਾਰਾਂ ਸਾਲ ਪਹਿਲਾਂ ਮੁੱਕ ਜਾਂਦਾ ਤਾਂ ਸਾਡੀ ਜਿੰਦ ਪਹਿਲਾਂ ਸੁਖਾਲੀ ਕਰ ਜਾਂਦਾ.!" ਸੀਤੋ ਦੀ ਆਵਾਜ਼ ਵਿਚ ਜਿਵੇਂ ਬੀਤੇ ਸਮੇਂ 'ਚ ਸਹੇ ਦਰਦ ਦੀ ਇਕ ਅਣਕਹੀ ਪੀੜਾ ਸੀ ਤੇ ਇਕ ਮਾਯੂਸੀ ਵੀ...
ਅੱਬਾਸ ਧਾਲੀਵਾਲ
ਮਲੇਰਕੋਟਲਾ ।
ਸੰਪਰਕ :9855259650
Abbasdhaliwal72@gmail.com
ਨੋਟ : ਇਹ ਲੇਖਕ ਦੇ ਨਿੱਜੀ ਵਿਚਾਰ ਹਨ।
ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ? ਕੁਮੈਂਟ ਕਰਕੇ ਦਿਓ ਆਪਣੀ ਰਾਏ
ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਵਿਸ਼ੇਸ਼ : ‘ਲਹੂ ਭਿੱਜੀ ਮਿੱਟੀ ਤੋਂ ਇਨਕਲਾਬ-ਜ਼ਿੰਦਾਬਾਦ ਤੱਕ ਦਾ ਸਫ਼ਰ’
NEXT STORY