ਸਤਿਗੁਰੂ ਰਵਿਦਾਸ ਜੀ ਦੀ ਆਨੰਦਮਈ ਬਾਣੀ ਬਹੁਤ ਮਹਾਨ ਹੈ। ਇਹ ਅਗੰਮੀ ਤੇ ਅਦੁੱਤੀ ਅੰਮ੍ਰਿਤ ਬਾਣੀ ਵਿਸ਼ਵ ਵਿਚ ਸਾਂਝੀਵਾਲਤਾ, ਏਕਤਾ, ਅਖੰਡਤਾ, ਸੁਤੰਤਰਤਾ ਅਤੇ ਵਿਸ਼ਵ ਸ਼ਾਂਤੀ ਦਾ ਇਕ ਮਹੱਤਵਪੂਰਨ ਦਸਤਾਵੇਜ਼ ਹੈ। ਇਹ ਪਾਵਨ ਬਾਣੀ ਮਨੁੱਖ ਨੂੰ ਪਰਮਪਿਤਾ ਪ੍ਰਮਾਤਮਾ ਨਾਲ ਤਾਂ ਜੋੜਦੀ ਹੀ ਹੈ, ਨਾਲ ਹੀ ਨਾਲ ਮਨੁੱਖ ਨੂੰ ਸਮਾਜਿਕ ਚੇਤਨਾ ਵੀ ਪ੍ਰਦਾਨ ਕਰਦੀ ਹੈ।
ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਵਿਚੋਂ ਉਪਜੇ ਸਿਧਾਂਤ ਸਾਰੇ ਵਿਸ਼ਵ ਦੇ ਲੋਕਾਂ ਨੂੰ ਆਪਣਾ ਧਾਰਮਿਕ, ਸਮਾਜਿਕ ਅਤੇ ਆਰਥਿਕ ਜੀਵਨ ਪੱਧਰ ਉੱਚਾ ਕਰਨ ਦੀ ਜੁਗਤੀ ਪ੍ਰਦਾਨ ਕਰਦੇ ਹਨ। ਇਸ ਗੱਲ ਵਿਚ ਰਤਾ ਵੀ ਸ਼ੰਕਾ ਨਹੀਂ ਹੈ ਕਿ ਜੋ ਮਨੁੱਖ ਸ੍ਰੀ ਗੁਰੂ ਰਵਿਦਾਸ ਜੀ ਦੀ ਵਿਚਾਰਧਾਰਾ, ਬਾਣੀ ਅਤੇ ਇਨ੍ਹਾਂ ਸਿਧਾਂਤਾਂ ਨੂੰ ਆਪਣੇ ਜੀਵਨ ਵਿਚ ਅਪਣਾ ਲੈਂਦਾ ਹੈ, ਉਸ ਦਾ ਜੀਵਨ ਆਨੰਦ ਨਾਲ ਭਰਪੂਰ ਹੋ ਜਾਂਦਾ ਹੈ। ਉਹ ਸੰਸਾਰ ਵੱਲੋਂ ਕੀਤੇ ਜਾਂਦੇ ਧਾਰਮਿਕ ਅਡੰਬਰਾਂ, ਬਾਹਰਮੁਖੀ ਕਰਮ-ਕਾਂਡਾਂ ਦੀ ਅਸਲੀਅਤ ਨੂੰ ਜਾਣ ਲੈਂਦਾ ਹੈ।
ਸਮੁੱਚੇ ਸੰਸਾਰ ਵਿਚ ਏਕਤਾ, ਸਮਾਨਤਾ, ਸੁਤੰਤਰਤਾ ਅਤੇ ਸਾਂਝੀਵਾਲਤਾ ਦਾ ਉਪਦੇਸ਼ ਦੇਣ ਵਾਲੇ ਮਹਾਨ ਰਹਿਬਰ ਦਾ ਆਗਮਨ ਮਾਘ ਦੀ ਪੂਰਨਮਾਸ਼ੀ ਸੰਮਤ 1433 ਬਿਕ੍ਰਮੀ ਨੂੰ ਵਾਰਾਣਸੀ ਦੀ ਮਹਾਨ ਧਰਤੀ ਸੀਰ ਗੋਵਰਧਨਪੁਰ ਸਾਹਿਬ ਵਿਖੇ ਪਿਤਾ ਸ੍ਰੀ ਸੰਤੋਖ ਦਾਸ ਜੀ ਦੇ ਘਰ ਮਾਤਾ ਕਲਸਾਂ ਜੀ ਦੀ ਕੁੱਖੋਂ ਹੋਇਆ।
ਸਤਿਗੁਰੂ ਰਵਿਦਾਸ ਜੀ ਨੇ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ, ਜਿਸ ਨੂੰ ਪੜ੍ਹ ਕੇ ਮਨੁੱਖ ਨੂੰ ਸਹੀ ਜੀਵਨ ਜਾਚ ਆਉਂਦੀ ਹੈ। ਪਾਰਬ੍ਰਹਮ ਪ੍ਰਮਾਤਮਾ ਦੇ ਮਿਲਾਪ ਲਈ ਸੱਚ ਦੇ ਮਾਰਗ ਦਾ ਗਿਆਨ ਪ੍ਰਾਪਤ ਹੁੰਦਾ ਹੈ। ਸਤਿਗੁਰਾਂ ਦੀ ਆਨੰਦਮਈ ਅੰਮ੍ਰਿਤ ਬਾਣੀ ਸਾਨੂੰ ਕਰਮ-ਕਾਂਡਾਂ, ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਤੋਂ ਉੱਪਰ ਉੱਠ ਕੇ ਇਕ ਸੁਚੱਜਾ ਜੀਵਨ ਜਿਉਣ ਦੀ ਸੇਧ ਦਿੰਦੀ ਹੈ। ਗੁਰੂ ਸਾਹਿਬ ਜੀ ਸਿਰਫ਼ ਪਾਰਬ੍ਰਹਮ ਪ੍ਰਮਾਤਮਾ ਦੇ ਨਾਂ ਦਾ ਹੀ ਸਿਮਰਨ ਕਰਦੇ ਸਨ ਅਤੇ ਮਨੁੱਖਤਾ ਨੂੰ ਵੀ ਉਸੇ ਪਾਰਬ੍ਰਹਮ ਨਾਲ ਜੁੜਨ ਦਾ ਸੰਦੇਸ਼ ਦਿੰਦੇ ਹਨ।
ਸਤਿਗੁਰੂ ਰਵਿਦਾਸ ਜੀ ਫੁਰਮਾਉਂਦੇ ਹਨ ਕਿ ਜਿਹੜਾ ਵੀ ਮਨੁੱਖ ਆਪਣੇ ਅਸਲ ਪਿਤਾ ਪ੍ਰਮਾਤਮਾ ਦੇ ਸਿਮਰਨ ਅਤੇ ਉਸ ਦੀ ਵਿਚਾਰਧਾਰਾ ਨੂੰ ਛੱਡ ਕੇ ਕਿਸੇ ਹੋਰ ਦੀ ਪੂਜਾ-ਸੇਵਾ ਵਿਚ ਲੱਗ ਕੇ ਮੁਕਤ ਹੋਣ ਦੀ ਆਸ ਲਾਈ ਬੈਠਾ ਹੈ, ਉਹ ਜੀਵ ਨਰਕਾਂ ਨੂੰ ਜਾਵੇਗਾ ਭਾਵ ਮੁਕਤ ਨਹੀਂ ਹੋਵੇਗਾ।
‘‘ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ॥
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ॥’’
ਸਤਿਗੁਰ ਰਵਿਦਾਸ ਜੀ ਨੇ ਆਪਣੀ ਮਹਾਨ ਵਿਚਾਰਧਾਰਾ ਦਾ ਪ੍ਰਚਾਰ ਇਕੱਲਾ ਛੂਤ-ਛਾਤ, ਊਚ-ਨੀਚ ਦੇ ਗੜ੍ਹ ਸਿਰਫ਼ ਬਨਾਰਸ ਵਿਚ ਨਹੀਂ ਕੀਤਾ ਸਗੋਂ ਗੁਰੂ ਸਾਹਿਬ ਨੇ ਰਾਜਸਥਾਨ, ਮੱਧ ਪ੍ਰਦੇਸ਼, ਬਿਹਾਰ, ਜੰਮੂ-ਕਸ਼ਮੀਰ, ਪਾਕਿਸਤਾਨ, ਅਫਗਾਨਿਸਤਾਨ, ਪੰਜਾਬ ਆਦਿ ਦੇ ਕਈ ਇਲਾਕਿਆਂ ਦੀਆਂ ਉਦਾਸੀਆਂ ਕਰਕੇ ਆਪਣੀ ਵਿਚਾਰਧਾਰਾ ਦਾ ਸਫਲਤਾਪੂਰਵਕ ਪ੍ਰਚਾਰ ਕੀਤਾ। ਇਨ੍ਹਾਂ ਉਦਾਸੀਆਂ ਦੌਰਾਨ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਦਾ ਕ੍ਰਿਸ਼ਮਾ ਹੀ ਸੀ ਕਿ ਰਾਣਾ ਸਾਂਗਾ ਸਮੇਤ ਕਈ ਰਾਜੇ-ਰਾਣੀਆਂ ਨੇ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਅਪਣਾਇਆ।
ਵੱਡੀਆਂ-ਵੱਡੀਆਂ ਜਾਤਾਂ ਤੇ ਅਹੁਦਿਆਂ ’ਤੇ ਹੋਣ ਦੇ ਬਾਵਜੂਦ ਉਨ੍ਹਾਂ ਨੇ ਲੋਕਾਂ ਦੀ ਪਰਵਾਹ ਨਹੀਂ ਕੀਤੀ। ਮੀਰਾ ਬਾਈ ਵੀ ਉਨ੍ਹਾਂ ਦੀ ਅਨਿਨ ਸ਼ਿਸ਼ ਸੀ। ਗੁਰੂ ਰਵਿਦਾਸ ਜੀ ਦੇ ਸਮੇਂ ਔਰਤਾਂ ਨੂੰ ਨਾਮ ਜਪਣ ਦੀ ਮਨਾਹੀ ਸੀ, ਨਾ ਹੀ ਉਹ ਸਿਰ ਉੱਚਾ ਚੁੱਕ ਕੇ ਚੱਲ ਸਕਦੀਆਂ ਸਨ। ਗੁਰੂ ਰਵਿਦਾਸ ਜੀ ਨੇ ਅਨੇਕ ਇਸਤਰੀਆਂ ਨੂੰ ਆਪਣੀ ਸੰਗਤ ਵਿਚ ਸ਼ਾਮਲ ਕਰਕੇ ਉਨ੍ਹਾਂ ਨੂੰ ਮਰਦਾਂ ਦੇ ਬਰਾਬਰ ਸਤਿਕਾਰ ਦੇ ਕੇ ਨਿਵਾਜਿਆ ਅਤੇ ਸਤਿਗੁਰੂ ਰਵਿਦਾਸ ਜੀ ਨੇ ਐਸੇ ਸ਼ਹਿਰ ਦੀ ਸਥਾਪਨਾ ਕਰਨ ਦਾ ਨਾਅਰਾ ਲਗਾਇਆ, ਜਿਥੇ ਸਭ ਨੂੰ ਬਰਾਬਰਤਾ ਮਿਲੇ ਅਤੇ ਸਭ ਦਾ ਜੀਵਨ ਆਨੰਦਮਈ ਹੋਵੇ।
‘‘ਬੇਗਮ ਪੁਰਾ ਸਹਰ ਕੋ ਨਾਉ॥
ਦੂਖੁ ਅੰਦੋਹੁ ਨਹੀ ਤਿਹਿ ਠਾਉ॥’’
ਗੁਰੂ ਰਵਿਦਾਸ ਜੀ ਕਿਸੇ ਨੂੰ ਵੀ ਗੁਲਾਮ ਰੱਖਣ ਦੇ ਹੱਕ ਵਿਚ ਨਹੀਂ ਹਨ। ਗੁਲਾਮੀ ਬਹੁਤ ਵੱਡਾ ਪਾਪ ਹੈ। ਗੁਲਾਮ ਨਾਲ ਕੋਈ ਪਿਆਰ ਨਹੀਂ ਕਰਦਾ। ਗੁਲਾਮ ਦਾ ਕੋਈ ਧਰਮ ਨਹੀਂ ਹੁੰਦਾ। ਗੁਲਾਮ ਨੂੰ ਸਭ ਭੈੜਾ ਸਮਝਦੇ ਹਨ। ਗੁਰੂ ਸਾਹਿਬ ਜੀ ਗੁਲਾਮਾਂ ਨੂੰ ਝੰਜੋੜਦੇ ਹੋਏ ਆਜ਼ਾਦ ਹੋਣ ਦੇ ਲਈ ਪ੍ਰੇਰਿਤ ਕਰਦੇ ਹਨ। ਗੁਰੂ ਸਾਹਿਬ ਨੇ ਕਿਸੇ ਵੀ ਦੇਸ਼ ਦੇ ਧਰਮ ਦੇ ਰੱਬ ਦੀ ਪੂਜਾ ਨਹੀਂ ਕੀਤੀ ਸਗੋਂ ਗੁਰੂ ਸਾਹਿਬ ਜੀ ਨੇ ਤਾਂ ਪੂਰੇ ਵਿਸ਼ਵ ਦੇ ਧਰਮ ਦੇ ਰੱਬ ਦੀ ਪੂਜਾ ਕੀਤੀ ਹੈ। ਗੁਰੂ ਸਾਹਿਬ ਜੀ ਨੇ ਫੁਰਮਾਇਆ ਕਿ ਪੂਰੀ ਸਿ੍ਰਸ਼ਟੀ ਦੇ ਧਰਮ ਦਾ ਰੱਬ ਸਾਰੀ ਸ੍ਰਿਸ਼ਟੀ ਦੇ ਕਣ-ਕਣ ਵਿਚ ਵਸਦਾ ਹੈ। ਗੁਰੂ ਜੀ ਸਮਝਾਉਂਦੇ ਹਨ ਕਿ ਪਾਰਬ੍ਰਹਮ ਪ੍ਰਮਾਤਮਾ ਤੇ ਜੀਵ ਵਿਚ ਕੋਈ ਅੰਤਰ ਨਹੀਂ।
‘‘ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ॥
ਕਨਕ ਕਟਕਿ ਜਲ ਤਰੰਗ ਜੈਸਾ॥’’
—ਮਹਿੰਦਰ ਸੰਧੂ ‘ਮਹੇੜੂ’
ਕੌਮਾਂਤਰੀ ਮਾਂ ਬੋਲੀ ਦਿਵਸ : ਰੱਬੀ ਤੇ ਕੁਦਰਤੀ ਦਾਤ ‘ਮਾਂ-ਬੋਲੀ’, ਜਿਸ ਦੇ ਸ਼ੀਸ਼ੇ ’ਚੋਂ ਪੈਂਦੇ ਨੇ ਵਿਰਸੇ ਦੇ ਝਲਕਾਰੇ
NEXT STORY