ਅੱਜ ਬੇਸ਼ੱਕ ਅਸੀਂ ਤਰੱਕੀ ਭਾਵੇਂ ਬਹੁਤ ਕਰ ਗਏ ਹਾਂ, ਆਪਣੇ ਅਸੂਲਾਂ ਤੋਂ, ਆਪਣੇ ਫ਼ਰਜ਼ਾਂ ਤੋਂ ਦਿਨੋ-ਦਿਨ ਕੋਹਾਂ ਦੂਰ ਹੁੰਦੇ ਜਾ ਰਹੇ ਹਾਂ। ਅੱਜ ਜਿੱਧਰ ਵੀ ਵੇਖੋ, ਪੈਸੇ ਦੀ ਦੌੜ ਪਿੱਛੇ ਆਪਣੇ ਅਸੂਲਾਂ ਨੂੰ, ਆਪਣੇ ਅਦਰਸ਼ਾਂ ਨੂੰ ਛਿੱਕੇ ਟੰਗ ਕੇ, ਬਸ ਪੈਸਾ ਹੀ ਪੈਸਾ ਕਰੀ ਜਾਂਦੇ ਹਾਂ। ਅੱਜ ਹਰ ਪਾਸੇ ਲੋਕਾਂ ਨੇ ਪੈਸਾ ਹੀ ਮੁੱਖ ਰੱਖ ਲਿਆ ਹੈ। ਪੈਸਾ ਕਮਾਉਣ ਦੀ ਖਾਤਰ ਰਾਤ ਨੂੰ ਚੋਰੀਆਂ ਹੋ ਰਹੀਆਂ ਹਨ, ਠੱਗੀਆਂ ਹੋ ਰਹੀਆਂ ਹਨ, ਦਿਨ-ਦਿਹਾੜੇ ਕਤਲ ਹੋ ਰਹੇ ਹਨ, ਇਨ੍ਹਾਂ ਸਭ ਕਾਰਨਾਂ ਦੇ ਪਿੱਛੇ ਇਕੋ ਹੀ ਮਕਸਦ ਹੈ ਸਿਰਫ ਪੈਸਾ।ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ, ਚੰਗੀ ਗੱਲ ਹੈ ਪਰ ਪੈਸਾ ਮਿਹਨਤ ਨਾਲ ਵੀ ਕਮਾਇਆ ਜਾ ਸਕਦਾ ਹੈ, ਈਮਾਨਦਾਰੀ ਨਾਲ ਕਮਾਇਆ ਹੋਇਆ ਪੈਸਾ ਕਿਸੇ ਚੰਗੇ ਕੰਮ ਲਈ ਖਰਚ ਹੁੰਦਾ ਹੈ ਪਰ ਧੋਖੇ ਨਾਲ ਅਤੇ ਵਲ਼ ਫਰੇਬ ਨਾਲ ਕਮਾਇਆ ਹੋਇਆ ਪੈਸਾ ਗ਼ਲਤ ਪਾਸੇ ਖਰਚ ਹੁੰਦਾ, ਤਾਂ ਹੈ ਹੀ ਘਰ ਦਾ ਸੁੱਖ-ਚੈਨ ਵੀ ਖੋਹ ਕੇ ਲੈ ਜਾਂਦਾ ਹੈ, ਇਸ ਲਈ ਆਪਣੇ ਅਸੂਲਾਂ ਨੂੰ ਦਾਅ ’ਤੇ ਲਾ ਕੇ ਕਮਾਇਆ ਗਿਆ ਪੈਸਾ ਸਕੂਨ ਦੀ ਜਗ੍ਹਾ ਤਕਲੀਫ ਹੀ ਦਿੰਦਾ ਹੈ, ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਕ੍ਰੋਧ ਨਾਲ ਭਰੀ ਪਈ ਹੈ, ਅੱਜਕੱਲ੍ਹ ਦੇ ਮੁੰਡੇ-ਕੁੜੀਆਂ ਜਦੋਂ ਵੀ ਵੇਖੋ ਕ੍ਰੋਧ ਨਾਲ ਭਰੇ ਹੀ ਨਜ਼ਰ ਆਉਂਦੇ ਹਨ, ਆਪਣੇ ਮਾਪਿਆਂ ਪ੍ਰਤੀ ਕੋਈ ਵੀ ਜ਼ਿੰਮੇਵਾਰੀ ਨਹੀਂ ਸਮਝਦੇ, ਹਰ ਵੇਲੇ ਬੱਚੇ ਖਿਝੇ-ਖਿਝੇ ਰਹਿੰਦੇ ਹਨ, ਅੱਧੀ ਅੱਧੀ ਰਾਤ ਤੱਕ ਮੋਬਾਇਲਾਂ ’ਤੇ ਲੱਗੇ ਰਹਿਣਾ, ਗੇਮਾਂ ਖੇਡਦੇ ਰਹਿਣਾ ਜਾਂ ਫਿਲਮਾਂ ਦੇਖਦੇ ਰਹਿਣਾ, ਜੇ ਕਿਤੇ ਭੁੱਲ ਕੇ ਮਾਂ ਜਾਂ ਬਾਪ ਇਹ ਆਖ ਦੇਣ ਕਿ ਪੁੱਤ ਰਾਤ ਬਹੁਤ ਹੋ ਗਈ ਹੈ, ਹੁਣ ਤਾਂ ਸੌਂ ਜਾਹ, ਤਾਂ ਝੱਟ ਅੱਗ ਬਬੂਲੇ ਹੋ ਉੱਠਣਗੇ, ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਹੀ ਭੁੱਲ ਗਈ ਹੈ, ਜਦੋਂ ਕੋਈ ਬਜ਼ੁਰਗ ਇਹ ਗੱਲ ਕਹਿੰਦਾ ਹੈ ਕਿ ਮੈਂ ਆਪਣੀ ਔਲਾਦ ਦੇ ਹੱਥੋਂ ਬਹੁਤ ਦੁਖੀ ਹਾਂ, ਜਾਂ ਕੋਈ ਬਜ਼ੁਰਗ ਮਾਂ ਆਪਣੇ ਨੂੰਹ ਪੁੱਤ ਦੇ ਹੱਥੋਂ ਦੁਖੀ ਹੁੰਦੀ ਹੈ ਜਾਂ ਪੁੱਤ ਆਪਣੀ ਮਾਂ ਨੂੰ ਘਰਵਾਲੀ ਦੇ ਆਖੇ ਲੱਗ ਕੇ ਘਰੋਂ ਕੱਢ ਦਿੰਦਾ ਹੈ, ਇਸ ਤੋਂ ਵੱਡਾ ਅਨਰਥ ਕੋਈ ਹੋਰ ਨਹੀਂ ਹੈ ਕਿਉਂਕਿ ਮਾਂ-ਬਾਪ ਆਪਣੇ ਬੱਚਿਆਂ ਦਾ ਕਦੇ ਵੀ ਮਾੜਾ ਨਹੀਂ ਸੋਚਦੇ, ਸਗੋਂ ਦਿਨ-ਰਾਤ ਇੱਕ ਕਰਕੇ ਆਪਣੇ ਬੱਚਿਆਂ ਨੂੰ ਆਪਣੇ ਪੈਰਾਂ ’ਤੇ ਖੜ੍ਹੇ ਵੇਖਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਮਿੱਟੀ ਦੀ ਜਾਤ (ਮਿੰਨੀ ਕਹਾਣੀ)
ਜਦੋਂ ਮਾਪਿਆਂ ਦੇ ਘਰ ਪੁੱਤ ਜਨਮ ਲੈਂਦਾ ਹੈ ਤਾਂ, ਮਾਂ-ਬਾਪ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ, ਮਾਂ ਬਾਪ ਆਪਣੇ ਮਨ ਅੰਦਰ ਕਈ ਸੁਪਨੇ ਵੇਖਦੇ ਹਨ, ਸੋਚਦੇ ਹਨ ਕਿ ਆਉਣ ਵਾਲੇ ਕੱਲ੍ਹ ਨੂੰ ਸਾਡਾ ਪੁੱਤ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ, ਸਾਡੀ ਸੇਵਾ ਕਰੇਗਾ, ਹਰ ਦੁੱਖ-ਸੁੱਖ ਵੇਲੇ ਸਾਡੇ ਨਾਲ ਖੜ੍ਹੇਗਾ, ਕੀ ਵਾਕਿਆ ਈ ਅਸੀਂ ਆਪਣੇ ਮਾਪਿਆਂ ਦੇ ਵੇਖੇ ਹੋਏ ਸੁਪਨੇ ਪੂਰੇ ਕਰ ਰਹੇ ਹਾਂ ਜਾਂ ਕੱਲ੍ਹ ਨੂੰ ਕਰਾਂਗੇ ?ਕੀ ਅਸੀਂ ਆਪਣੇ ਬਜ਼ੁਰਗ ਮਾਪਿਆਂ ਦੀ ਸੇਵਾ ਕਰ ਰਹੇ ਹਾਂ ? ਸਾਨੂੰ ਤਾਂ ਬਜ਼ੁਰਗ ਮਾਂ ਦੀ ਗੱਲ ਚੰਗੀ ਨਹੀਂ ਲੱਗਦੀ, ਬਾਪੂ ਜੀ ਦਾ ਕਿਹਾ ਸਾਨੂੰ ਮਾੜਾ ਲੱਗਦਾ ਹੈ ,ਬਾਪੂ ਜੀ ਜਦੋਂ ਸਾਨੂੰ ਕੋਈ ਮੱਤ ਦੀ ਗੱਲ ਕਹਿੰਦੇ ਹਨ, ਅਸੀਂ ਸੁਣਨ ਨੂੰ ਤਿਆਰ ਈ ਨਹੀਂ, ਜੇ ਇੱਕ ਕੰਨ ਸੁਣ ਵੀ ਲਈਏ ਤਾਂ ਦੂਜੇ ਕੰਨੀ ਬਾਹਰ ਕੱਢ ਦਿੰਦੇ ਹਾਂ, ਇਹ ਗੱਲ ਜਰੂਰ ਹੈ ਕਿ ਬਜ਼ੁਰਗਾਂ ਦਾ ਸੁਭਾਅ ਬੱਚਿਆਂ ਵਰਗਾ ਹੋ ਜਾਂਦਾ ਹੈ, ਉਹ ਕਿਸੇ ਗੱਲ ਨੂੰ ਲੈ ਕੇ ਜਿੱਦ ਵੀ ਕਰਦੇ ਹਨ, ਇਹਦਾ ਮਤਲਬ ਇਹ ਨਹੀਂ ਕਿ ਅਸੀਂ ਕਹੀਏ ਕਿ ਇਹ ਤਾਂ ਐਵੇਂ ਈ ਰੌਲਾ ਪਾਈ ਜਾਂਦੇ ਹਨ ਜਾਂ ਘਰਵਾਲੀ ਆਖੇ, ਨਹੀਂ ਜੀ ਅਸੀਂ ਨਹੀਂ ਹੁਣ ਇਨ੍ਹਾਂ ਨੂੰ ਰੱਖ ਸਕਦੇ, ਬਿਨਾਂ ਸੋਚੇ-ਸਮਝੇ ਬਜ਼ੁਰਗਾਂ ਨਾਲ ਲੜਾਈ ਕਰ ਕੇ ਘਰੋਂ ਬਾਹਰ ਕੱਢ ਦਿੰਦੇ ਹਾਂ, ਜਿਹੜੇ ਲੋਕ ਬਜ਼ੁਰਗਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ, ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿ ਕੱਲ੍ਹ ਨੂੰ ਉਨ੍ਹਾਂ ਨੇ ਵੀ ਇਸੇ ਸਟੇਜ ’ਚੋਂ ਗੁਜ਼ਰਨਾ ਹੈ ।
ਜੇ ਅੱਜ ਅਸੀਂ ਆਪਣੇ ਵੱਡਿਆਂ ਦਾ ਸਤਿਕਾਰ ਕਰਾਂਗੇ, ਉਨ੍ਹਾਂ ਦੀ ਪਿਆਰ ਨਾਲ ਸੇਵਾ ਕਰਾਂਗੇ ਤਾਂ ਸਾਡੇ ਬੱਚੇ ਜਦ ਸਾਡੇ ਵੱਲ ਵੇਖਣਗੇ ਤਾਂ ਉਨ੍ਹਾਂ ਵਿੱਚ ਵੀ ਪਿਆਰ ਦੇ ਨਾਲ ਬਜ਼ੁਰਗਾਂ ਦੀ ਸੇਵਾ ਕਰਨ ਦਾ ਸ਼ੌਕ ਪੈਦਾ ਹੋਵੇਗਾ। ਆਪਸ ਵਿੱਚ ਪ੍ਰੇਮ ਨਾਲ ਰਹਿਣ ਦੀ ਸਦਭਾਵਨਾ ਪੈਦਾ ਹੋਵੇਗੀ, ਮਾਪਿਆਂ ਦੀ ਸੇਵਾ ਕਰਨ ਦਾ ਸੁਭਾਗ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ, ਜਿਹੜੇ ਲੋਕ ਬਜ਼ੁਰਗਾਂ ਦਾ ਸਤਿਕਾਰ ਤੇ ਸੇਵਾ ਕਰਦੇ ਹਨ, ਉਹ ਕਰਮਾਂ ਭਾਗਾਂ ਵਾਲੇ ਹੁੰਦੇ ਹਨ, ਜਿਵੇਂ ਬਜ਼ੁਰਗਾਂ ਵਲੋਂ ਮਿਲੀਆਂ ਹੋਈਆਂ ਅਸੀਸਾਂ ਕਦੇ ਵਿਅਰਥ ਨਹੀਂ ਜਾਂਦੀਆਂ, ਉਸੇ ਤਰ੍ਹਾਂ ਬਜ਼ੁਰਗਾਂ ਵਲੋਂ ਦਿੱਤਾ ਹੋਇਆ ਸਰਾਪ ਵੀ ਕਦੇ ਖਾਲੀ ਨਹੀਂ ਮੁੜਦਾ, ਸੋ ਮੈਂ ਅਖੀਰ ਵਿਚ ਇਹੋ ਹੀ ਨੌਜਵਾਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਹਾਂ, ਬਜ਼ੁਰਗ ਮਾਪੇ ਘਰ ਦਾ ਜਿੰਦਰਾ ਅਤੇ ਘਰ ਦਾ ਗਹਿਣਾ ਹੁੰਦੇ ਹਨ, ਇਨ੍ਹਾਂ ਦੀ ਸੇਵਾ ਕਰ ਕੇ ਹੀ ਸਾਖਸ਼ਾਤ ਰੱਬ ਨੂੰ ਪਾ ਸਕਦੇ ਹਾਂ ਕਿਉਂਕਿ ਮਾਪਿਆਂ ਦੀ ਕੀਤੀ ਹੋਈ ਸੇਵਾ ਕਦੇ ਵਿਅਰਥ ਨਹੀਂ ਜਾਂਦੀ (ਸਮਾਪਤ)
ਵੀਰ ਸਿੰਘ ਵੀਰਾ
ਪੰਜਾਬੀ ਲਿਖਾਰੀ ਸਾਹਿਤ ਸਭਾ ਪੀਰ ਮੁਹੰਮਦ
ਮੋ. 9855069972, 9780253156
'ਚੜ੍ਹਦੀ ਕਲਾ ਦਾ ਜਜ਼ਬਾ'
NEXT STORY