ਕਣਕ ਪੰਜਾਬ 'ਚ ਸਾਡਾ ਸੁਨਹਿਰੀ ਅੰਨ ਭੋਜਨ ਹੈ। ਮੱਕੀ ਤੋਂ ਬਾਅਦ ਇਹ ਦੁਨੀਆਂ ਭਰ ਵਿੱਚ ਦੂਸਰੀ ਵੱਡੀ ਅਨਾਜ ਫਸਲ ਗਿਣੀ ਜਾਂਦੀ ਹੈ। ਤੀਸਰੇ ਪੱਧਰ 'ਤੇ ਚੌਲ ਦੀ ਫ਼ਸਲ ਆਉਂਦੀ ਹੈ। ਕਣਕ ਅਨਾਜ ਆਟਾ ਬਣਾਉਣ ਲਈ ਵਰਤੀ ਜਾਂਦੀ ਹੈ ਜੋ ਇੱਕ ਮਨਭਾਉਂਦਾ ਖਾਣਾ ਹੈ, ਜਾਨਵਰ ਖੁਰਾਕ ਲਈ ਵਰਤੀ ਜਾਂਦੀ ਹੈ ਅਤੇ ਬੀਅਰ ਕੱਢਣ ਵਿੱਚ ਇੱਕ ਜ਼ਰੂਰੀ ਅੰਗ ਦੇ ਤੌਰ 'ਤੇ ਵਰਤੀ ਜਾਂਦੀ ਹੈ। ਛਿਲਕਾ ਵਖਰਾ ਕਰਕੇ ਛਾਣਬੂਰਾ ਪੀਹ ਕੇ ਵੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਕਣਕ ਦੀ ਬਿਜਾਈ ਹਰੇ ਜਾਂ ਸੁੱਕੇ ਚਾਰੇ ਦੇ ਤੌਰ 'ਤੇ ਵਰਤੋਂ ਲਈ ਵੀ ਕੀਤੀ ਜਾਂਦੀ ਹੈ। ਅੱਜ ਕੱਲ ਕਣਕ ਹਾੜ੍ਹੀ ਦੀ ਮੁੱਖ ਫ਼ਸਲ ਬੀਜੀ ਜਾ ਰਹੀ ਹੈ ਤੇ ਕਈਆਂ ਨੇ ਵਕਤ ਸਿਰ ਇਹ ਕੰਮ ਨੇਪਰੇ ਚਾੜ ਵੀ ਦਿਤਾ ਹੈ। ਦੇਸ਼ ਦੀ ਆਰਥਿਕ ਤਰੱਕੀ ਵਿੱਚ ਕਣਕ ਦੀ ਫ਼ਸਲ ਬਹੁਤ ਅਹਿਮ ਯੋਗਦਾਨ ਪਾਉਂਦੀ ਹੈ। ਇਹ ਹਰ ਭੁੱਖੇ ਪੇਟ ਨੂੰ ਭਰਦੀ ਹੈ। ਕੀੜਿਆਂ ਦੀ ਕੋਈ ਗੰਭੀਰ ਸਮੱਸਿਆ ਪਹਿਲਾਂ ਕਣਕ ਵਿੱਚ ਨਹੀਂ ਸੀ। ਕਾਸ਼ਤ ਅਤੇ ਰੱਖ-ਰਖਾਵ ਕਰਨ ਦੀਆਂ ਤਕਨੀਕਾਂ ਦੇ ਬਦਲਣ ਨਾਲ ਕੁਝ ਸਾਲਾਂ ਦੌਰਾਨ ਕਣਕ ਉੱਪਰ ਹਮਲਾ ਕਰਨ ਵਾਲੇ ਕੀੜਿਆਂ ਦੀ ਗਿਣਤੀ ਵੀ ਵਧੀ ਹੈ। ਕਿਸਾਨ ਆਪਣੀ ਫ਼ਸਲ ਉੱਪਰ ਹਮਲਾ ਕਰਨ ਵਾਲੇ ਕੀੜਿਆਂ ਦੀ ਸਹੀ ਪਛਾਣ ਕਰ ਲੈਣ ਇਹ ਜ਼ਰੂਰੀ ਹੈ। ਕੀੜਿਆਂ ਤੋਂ ਹੋਣ ਵਾਲੇ ਨੁਕਸਾਨ ਦਾ ਅਨੁਮਾਨ ਲਗਾ ਸਕਣ, ਫ਼ਸਲ 'ਤੇ ਘੱਟ ਤੋਂ ਘੱਟ ਕੀਟਨਾਸ਼ਕਾਂ ਦਾ ਛਿੜਕਾਅ ਕਰਕੇ ਚੰਗਾ ਝਾੜ ਲਿਆ ਜਾ ਸਕੇ ਇਹ ਸਾਰੀ ਜਾਣਕਾਰੀ ਪਹਿਲਾਂ ਹੀ ਲਾਹੇਵੰਦ ਰਹੇਗੀ। ਕਣਕ ਨੂੰ ਲੱਗਣ ਵਾਲੇ ਮੁੱਖ ਕੀੜੇ ਕਣਕ ਦੀਆਂ ਜੜ੍ਹਾਂ ਤੇ ਸਿਉਂਕ ਦਾ ਹਮਲਾ : ਸਿਉਂਕ ਦਾ ਹਮਲਾ ਫ਼ਸਲ ਉੱਗਣ ਤੋਂ 3-5 ਹਫ਼ਤੇ ਬਾਅਦ ਅਤੇ ਫਿਰ ਆਮ ਤੌਰ 'ਤੇ ਪੱਕਣ ਦੇ ਨੇੜੇ ਦਿਖਾਈ ਦਿੰਦਾ ਹੈ। ਇਹ ਜੜ੍ਹਾਂ ਅਤੇ ਜ਼ਮੀਨ ਹੇਠਲੇ ਹਿੱਸੇ ਨੂੰ ਖਾਂਦੀ ਹੈ। ਬੂਟਾ ਮੁਰਝਾ ਕੇ ਸੁੱਕ ਜਾਂਦਾ ਹੈ। ਜਿੱਥੇ ਬੂਟੇ ਮਰ ਜਾਂਦੇ ਹਨ, ਉੱਥੋਂ ਜ਼ਮੀਨ ਖਾਲੀ ਹੋ ਜਾਂਦੀ ਹੈ। ਖੇਤ ਵਿੱਚ ਬੂਟਿਆਂ ਦੀ ਗਿਣਤੀ ਘਟ ਜਾਂਦੀ ਹੈ ਜਿਸ ਕਾਰਨ ਝਾੜ ਘਟ ਜਾਂਦਾ ਹੈ। ਹਮਲਾ ਹੋਏ ਬੂਟੇ ਦੇ ਥੱਲੇ ਤੇ ਆਲੇ-ਦੁਆਲੇ ਸਿਉਂਕ ਦੇਖੀ ਜਾ ਸਕਦੀ ਹੈ। ਪੱਕਣ ਸਮੇਂ ਹਮਲੇ ਨਾਲ ਬੂਟੇ ਦਾ ਸਿੱਟਾ ਵੀ ਸੁੱਕ ਜਾਂਦਾ ਹੈ। ਬੂਟੇ ਨੂੰ ਖਿੱਚਣ 'ਤੇ ਸਾਰਾ ਬੂਟਾ ਹੀ ਉੱਖੜ ਜਾਂਦਾ ਹੈ।
ਸਿਉਂਕ ਦੀ ਰੋਕਥਾਮ: ਖੇਤੀ ਬਾੜੀ ਯੂਨੀਵਰਸਿਟੀ ਦੀਆਂ ਸਿਫਾਰਸਾਂ ਮੁਤਾਬਿਕ ਬੀਜ ਨੂੰ ਬੀਜਣ ਤੋਂ ਪਹਿਲਾਂ 6 ਮਿਲੀਲਿਟਰ ਰੀਜੈਂਟ 5 ਐਸਸੀ (ਫਿਪਰੋਨਿਲ) ਜਾਂ 4 ਮਿਲੀਲਿਟਰ ਰੂਬਾਨ/ਡਰਮਟ/ਡਰਸਬਾਨ 20 ਈਸੀ (ਕਲੋਰਪਾਇਰੀਫਾਸ) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਫਿਰ 240 ਮਿਲੀਲਿਟਰ ਰੀਜੈਂਟ ਜਾਂ 160 ਮਿਲੀਲਿਟਰ ਡਰਸਬਾਨ, ਡਰਮਟ ਜਾਂ ਰੂਬਾਨ ਦਵਾਈ ਨੂੰ ਇੱਕ ਲਿਟਰ ਪਾਣੀ ਵਿੱਚ ਘੋਲ ਕੇ ਇਸ ਉੱਪਰ ਛਿੜਕੋ। ਬੀਜ ਨੂੰ ਕੀਟਨਾਸ਼ਕਾਂ ਨਾਲ ਸੋਧਣ ਤੋਂ ਬਾਅਦ ਉਲੀਨਾਸ਼ਕਾਂ ਨਾਲ ਵੀ ਸੋਧਣਾ ਜ਼ਰੂਰੀ ਹੈ। ਕਿਸਾਨਾਂ ਲਈ ਵਾਧੂ ਜਾਣਕਾਰੀ: ਸਿਉਂਕ ਦੀ ਰੋਕਥਾਮ ਲਈ ਵਰਤੀਆਂ ਗਈਆਂ ਜ਼ਹਿਰਾਂ ਹੀ ਗੁੱਝੀਆ ਭੂੰਡੀ ਅਤੇ ਜੜ੍ਹਾਂ ਦੇ ਚੇਪੇ ਨੂੰ ਵੀ ਠੱਲ ਪਾ ਦਿੰਦੀਆਂ ਹਨ। ਕਣਕ ਦਾ ਚੇਪਾ ਤੇ ਰੋਕਥਾਮ: ਹਰੇ ਭੂਰੇ ਜਾਂ ਕਾਲੇ ਰੰਗ ਦੇ ਛੋਟੇ-ਛੋਟੇ ਇਹ ਜੀਵ ਹੁੰਦੇ ਹਨ। ਫ਼ਸਲ ਦੇ ਪੱਤਿਆਂ ਅਤੇ ਸਿੱਟਿਆਂ ਵਿੱਚੋਂ ਰਸ ਚੂਸਦੇ ਹਨ। ਹਮਲਾ ਜ਼ਿਆਦਾ ਹੋਣ 'ਤੇ ਫ਼ਸਲ ਪੀਲੀ ਪੈ ਜਾਂਦੀ ਹੈ ਅਤੇ ਪੱਤੇ ਕਾਲੇ ਹੋ ਜਾਂਦੇ ਹਨ। ਚੇਪੇ ਦਾ ਹਮਲਾ ਲਗਪਗ ਹਰ ਸਾਲ ਵੇਖਣ ਨੂੰ ਹੁਣ ਮਿਲਦਾ ਹੈ। ਚੇਪੇ ਦਾ ਹਮਲਾ ਸਿੱਟਿਆਂ ਉੱਪਰ ਦਾਣੇ ਦਾ ਆਕਾਰ ਵਿਗਾੜ ਦਿੰਦਾ ਹੈ।
ਦਾਣੇ ਬਾਰੀਕ ਰਹਿ ਜਾਂਦੇ ਹਨ। ਸਫ਼ੈਦਾ ਜਾਂ ਹੋਰ ਦਰੱਖਤ ਜਿੱਧਰ ਲੱਗੇ ਹੋਣ ਚੇਪੇ ਦਾ ਹਮਲਾ ਪਹਿਲਾਂ 2 ਓਧਰ ਬੰਨਿਆਂ ਉੱਪਰ ਹੁੰਦਾ ਹੈ। ਚੇਪੇ ਦੀ ਰੋਕਥਾਮ: 40 ਮਿਲੀਲਿਟਰ ਕੋਨਫੀਡੋਰ 17.8 ਐਸਐਲ (ਏਮਿਡਾਕਲੋਪਰਿਡ) ਜਾਂ 20 ਗ੍ਰਾਮ ਐਕਟਾਰਾ 25 ਡਬਲਯੂ ਜੀ (ਥਾਇਆਮੈਥੋਕਸਮ) ਜਾਂ 12 ਗ੍ਰਾਮ ਡੇਨਟਾਪ 50 ਡਬਲਯੂ ਡੀਜੀ (ਕਲਾਥੀਐਨੀਡੀਨ) ਜਾਂ 150 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਜਾਂ 150 ਮਿਲੀਲਿਟਰ ਮੈਟਾਸਿਸਟਾਕਸ 25 ਈਸੀ (ਆਕਸੀਡੈਮੈਟਨ ਮੀਥਾਈਲ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਢੋਲਕੀ ਵਾਲੇ ਪੰਪ ਨਾਲ ਛਿੜਕਾਅ ਕਰਨ ਨਾਲ ਚੇਪੇ ਦੀ ਰੋਕਥਾਮ ਹੋ ਸਕਦੀ ਹੈ। ਪਾਣੀ ਦੀ ਮਾਤਰਾ ਇੰਜਣ ਵਾਲੇ ਪੰਪ ਲਈ 30 ਲਿਟਰ ਰੱਖੋ।
ਜ਼ਰੂਰੀ ਸੂਚਨਾ: ਚੇਪੇ ਦਾ ਹਮਲਾ ਖੇਤ ਦੇ ਬੰਨਿਆਂ ਤੋਂ ਸ਼ੁਰੂ ਹੁੰਦਾ ਹੈ। ਖੇਤ ਨੂੰ ਚਾਰ ਹਿੱਸਿਆਂ ਵਿੱਚ ਵੰਡ ਕੇ ਹਰ ਹਿੱਸੇ ਵਿੱਚੋਂ 10 ਸਿੱਟਿਆਂ ਉੱਪਰ ਚੇਪਾ ਵੇਖੋ। ਉਸ ਵੇਲੇ ਸਿਰਫ਼ ਬੰਨਿਆਂ ਉੱਪਰ ਛਿੜਕਾਅ ਕਰਨ ਨਾਲ ਹੀ ਇਸ ਦੇ ਹਮਲੇ ਨੂੰ ਪੂਰੇ ਖੇਤ ਵਿੱਚ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਜਦੋਂ ਇੱਕ ਸਿੱਟੇ ਉੱਪਰ ਘੱਟੋ-ਘੱਟ ਪੰਜ ਚੇਪੇ ਹੋਣ। ਚੇਪੇ ਦੀ ਰੋਕਥਾਮ ਲਈ ਛਿੜਕਾਅ ਸਿਰਫ਼ ਉਸ ਸਮੇਂ ਕਰੋ।
ਕਣਕ ਦੀ ਸੈਨਿਕ ਸੁੰਡੀ: ਕਣਕ ਦੀ ਪਿਛੇਤੀ ਬੀਜੀ ਫ਼ਸਲ ਦਾ ਮਾਰਚ-ਅਪਰੈਲ ਵਿੱਚ ਕਣਕ ਦੀ ਸੈਨਿਕ ਸੁੰਡੀ ਬਹੁਤ ਭਾਰੀ ਨੁਕਸਾਨ ਕਰਦੀ ਹੈ। ਪਹਿਲਾਂ ਇਹ ਸੁੰਡੀ ਪੱਤਿਆਂ ਨੂੰ ਖਾ ਜਾਂਦੀ ਹੈ ਅਤੇ ਕਈ ਵਾਰ ਬੂਟਾ ਬਿਲਕੁਲ ਪੱਤਿਆਂ ਤੋਂ ਰਹਿਤ ਹੋ ਜਾਂਦਾ ਹੈ। ਜਦੋਂ ਸਿੱਟੇ ਨਿਕਲ ਆਉਂਦੇ ਹਨ ਤਾਂ ਸੁੰਡੀ ਕਸੀਰਾਂ ਸਮੇਤ ਦੋਧੇ ਦਾਣਿਆਂ ਨੂੰ ਵੀ ਖਾ ਜਾਂਦੀ ਹੈ। ਕਣਕ ਦਾ ਝਾੜ 40 ਫ਼ੀਸਦੀ ਤਕ ਘਟ ਜਾਂਦਾ ਹੈ। ਇਹ ਸੁੰਡੀ ਜ਼ਿਆਦਾ ਰਾਤ ਨੂੰ ਨਿਕਲਦੀ ਹੈ। ਬਹੁਤਾ ਹਮਲਾ ਹੋਣ 'ਤੇ ਦਿਨ ਵਿੱਚ ਵੀ ਵੇਖੀ ਜਾ ਸਕਦੀ ਹੈ। ਬੂਟੇ ਦੇ ਤਣੇ ਕੋਲ ਸੁੰਡੀਆਂ ਅਤੇ ਇਸ ਦੀਆਂ ਭੂਰੇ ਰੰਗ ਦੀਆਂ ਛੋਟੀਆਂ-ਛੋਟੀਆਂ ਮੀਂਗਣਾਂ ਇਸ ਦੇ ਹਮਲੇ ਦੀ ਪਛਾਣ ਹਨ।
ਸੈਨਿਕ ਸੁੰਡੀ ਦੀ ਰੋਕਥਾਮ: 200 ਮਿਲੀਲਿਟਰ ਨੁਵਾਨ 85 ਐਸਐੱਲ ਜਾਂ 400 ਮਿਲੀਲਿਟਰ ਏਕਾਲਕਸ 25 ਈਸੀ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਢੋਲਕੀ ਵਾਲੇ ਪੰਪ ਨਾਲ ਇਸ ਦੀ ਰੋਕਥਾਮ ਲਈ ਛਿੜਕਾਅ ਕਰੋ। ਜੇ ਇੰਜਨ ਵਾਲਾ ਪੰਪ ਵਰਤਣਾ ਹੋਵੇ ਤਾਂ 30 ਲਿਟਰ ਪਾਣੀ ਹੀ ਕਾਫ਼ੀ ਹੈ। ਛਿੜਕਾਅ ਸ਼ਾਮ ਵੇਲੇ ਕਰੋ ਜੇ ਚੰਗੇ ਨਤੀਜੇ ਲੈਣੇ ਹੋਣ ਤਾਂ। ਗੁਲਾਬੀ ਸੁੰਡੀ ਤਣੇ ਦੀ: ਮੁੱਖ ਤੌਰ 'ਤੇ ਇਹ ਕੀੜਾ ਝੋਨੇ-ਕਣਕ ਦੇ ਫ਼ਸਲੀ ਚੱਕਰ ਵਾਲੇ ਖੇਤਾਂ ਵਿੱਚ ਜ਼ਿਆਦਾ ਹੁੰਦਾ ਹੈ। ਸੁੰਡੀਆਂ ਛੋਟੇ ਬੂਟਿਆਂ ਦੇ ਤਣਿਆਂ ਵਿੱਚ ਮੋਰੀਆਂ ਕਰਕੇ ਅੰਦਰ ਚਲੀਆਂ ਜਾਂਦੀਆਂ ਹਨ ਤੇ ਅੰਦਰਲਾ ਮਾਦਾ ਖਾਂਦੀਆਂ ਹਨ ਜਿਸ ਨਾਲ ਬੂਟੇ ਪੀਲੇ ਪੈ ਜਾਂਦੇ ਹਨ, ਸੁੱਕ ਜਾਂਦੇ ਹਨ ਤੇ ਅਖੀਰ ਵਿੱਚ ਮਰ ਜਾਂਦੇ ਹਨ। ਫ਼ਸਲ ਦੇ ਸਿੱਟੇ ਨਿਕਲਣ 'ਤੇ ਇਸ ਦਾ ਹਮਲਾ ਹੋਣ ਦੀ ਸੂਰਤ ਵਿੱਚ ਸਿੱਟੇ ਚਿੱਟੇ ਰੰਗ ਦੇ ਹੋ ਜਾਂਦੇ ਹਨ, ਜਿਨ੍ਹਾਂ ਵਿੱਚ ਜਾਂ ਤਾਂ
ਦਾਣੇ ਬਣਦੇ ਹੀ ਨਹੀਂ ਜੇ ਬਣਦੇ ਹਨ ਤਾਂ ਬਾਰੀਕ ਰਹਿ ਜਾਂਦੇ ਹਨ। ਗੁਲਾਬੀ ਸੁੰਡੀ ਦੀ ਰੋਕਥਾਮ: ਕਣਕ ਉੱਪਰ 800 ਮਿਲੀਲਿਟਰ ਏਕਾਲਕਸ 25 ਈਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਢੋਲਕੀ ਵਾਲੇ ਪੰਪ ਨਾਲ ਛਿੜਕਾਅ ਕਰੋ।
ਅਮਰੀਕਨ ਸੁੰਡੀ ਹਮਲੇ ਦੀਆਂ ਮੁੱਖ ਨਿਸ਼ਾਨੀਆਂ: ਜਿਨ੍ਹਾਂ ਖੇਤਾਂ ਵਿੱਚ ਕਣਕ, ਨਰਮੇ ਜਾਂ ਕਪਾਹ ਤੋਂ ਪਿੱਛੋਂ ਬੀਜੀ ਜਾਂਦੀ ਹੈ, ਉੱਥੇ ਇਸ ਸੁੰਡੀ ਦੇ ਹਮਲੇ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ। ਬੀ.ਟੀ. ਨਰਮੇ ਦੇ ਆਉਣ ਨਾਲ ਪਿਛਲੇ ਕੁਝ ਸਾਲਾਂ ਤੋਂ ਨਰਮਾ ਪੱਟੀ ਵਿੱਚ ਇਸ ਸੁੰਡੀ ਦਾ ਹਮਲਾ ਕਣਕ
ਉੱਪਰ ਘੱਟ ਵੇਖਣ ਨੂੰ ਮਿਲਦਾ ਹੈ।ਜਿੱਥੇ ਛੋਲਿਆਂ ਦੀ ਕਾਸ਼ਤ ਕੀਤੀ ਜਾਂਦੀ ਹੈ, ਉਨ੍ਹਾਂ ਥਾਂਵਾਂ 'ਤੇ ਇਸ ਦਾ ਹਮਲਾ ਵਧ ਰਿਹਾ ਹੈ। ਇਸ ਦਾ ਸਿੱਟਿਆਂ ਉੱਪਰ ਖਾਂਦਿਆਂ ਦਿਸਣਾ ਅਤੇ ਬਣ ਰਹੇ ਦਾਣੇ ਖਾਧੇ ਨਜ਼ਰ ਆਉਣਾ ਅਤੇ ਜ਼ਮੀਨ ਉੱਪਰ ਚਿੱਟੀਆਂ ਮੀਂਗਣਾਂ ਦਾ ਦਿਸਣਾ। ਇਸ ਸੁੰਡੀ ਦਾ ਹਮਲਾ ਕਣਕ ਉੱਪਰ ਮਾਰਚ-ਅਪ੍ਰੈਲ ਵਿੱਚ ਹੁੰਦਾ ਹੈ। ਇਹ ਸਿੱਟਿਆਂ ਵਿੱਚੋਂ ਦਾਣੇ ਖਾਂਦੀ ਹੈ ਅਤੇ ਬਹੁਤ ਨੁਕਸਾਨ ਕਰਦੀ ਹੈ।
ਸੁੰਡੀ ਦੀ ਰੋਕਥਾਮ: 800 ਮਿਲੀਲਿਟਰ ਏਕਾਲਕਸ 25 ਤਾਕਤ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਢੋਲਕੀ ਵਾਲੇ ਪੰਪ ਨਾਲ ਕਣਕ ਉਪਰ ਛਿੜਕਾਅ ਕਰੋ। ਜਿਨ੍ਹਾਂ ਖੇਤਾਂ ਵਿੱਚ ਸੈਨਿਕ ਸੁੰਡੀ ਅਤੇ ਅਮਰੀਕਨ ਸੁੰਡੀ ਦਾ ਹਮਲਾ ਇਕੱਠਾ ਹੋਵੇ, ਉੱਥੇ ਸਿਰਫ਼ ਅਮਰੀਕਨ ਸੁੰਡੀ ਲਈ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕਾਂ ਦਾ ਹੀ ਛਿੜਕਾਅ ਕਰਨਾ ਚਾਹੀਦਾ ਹੈ।
ਭੂਰੀ ਜੂੰ: ਇਸ ਦਾ ਹਮਲਾ ਬਰਾਨੀ ਫ਼ਸਲ ਉੱਪਰ ਜ਼ਿਆਦਾ ਹੁੰਦਾ ਹੈ। ਇਹ ਛੋਟੇ ਆਕਾਰ ਦੀ ਮਾਈਟ ਹੈ। ਫਰਵਰੀ-ਮਾਰਚ ਵਿੱਚ ਇਸ ਦਾ ਹਮਲਾ ਪਹਿਲਾਂ ਥੱਲੇ ਵਾਲੇ ਪੱਤਿਆਂ ਉੱਪਰ ਹੁੰਦਾ ਹੈ ਅਤੇ ਫਿਰ ਉੱਪਰ ਨੂੰ ਵਧਦਾ ਜਾਂਦਾ ਹੈ। ਇਹ ਪੱਤੇ ਵਿੱਚੋਂ ਰਸ ਚੂਸਦੀ ਹੈ ਜਿਸ ਨਾਲ ਪੱਤਿਆਂ ਉੱਪਰ ਛੋਟੇ-ਛੋਟੇ ਦਾਗ ਪੈ ਜਾਂਦੇ ਹਨ। ਹਮਲਾ ਜ਼ਿਆਦਾ ਹੋਣ 'ਤੇ ਫ਼ਸਲ ਪੀਲੀ ਪੈ ਜਾਂਦੀ ਹੈ ਤੇ ਝਾੜ ਘਟ ਜਾਂਦਾ ਹੈ।
ਭੂਰੀ ਜੂੰ ਦੀ ਰੋਕਥਾਮ: 150 ਮਿਲੀਲਿਟਰ ਰੋਗੋਰ 30 ਈਸੀ ਜਾਂ 150 ਮਿਲੀਲਿਟਰ
ਮੈਟਾਸਿਸਟਾਕਸ 25 ਈਸੀ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਜੇ ਲੋੜ ਪਵੇ ਤਾਂ 15 ਦਿਨਾਂ ਬਾਅਦ ਛਿੜਕਾਅ ਦੁਬਾਰਾ ਕਰੋ। ਬੇਲੋੜੀਆਂ ਖਾਦਾਂ ਅਤੇ ਕੀਟਨਾਸਕ ਦਵਾਈਆਂ ਨਾ ਵਰਤੋ। ਇਸ ਨਾਲ ਨਾ ਸਿਰਫ ਕਿਸਾਨਾਂ ਉੱਪਰ ਵਾਧੂ ਵਿੱਤੀ ਬੋਝ ਪੈਂਦਾ ਹੈ।ਸਗੋ ਵਾਤਾਵਰਣ ਵੀ ਦੂਸਿਤ ਹੁੰਦਾ ਹੈ। ਕੀਟਨਾਸਕ ਦਵਾਈ ਦਾ ਪੱਕ ਬਿਲ ਅਤੇ ਲਾਟ ਨੰਬਰ ਜਰੂਰ ਲਿਖਿਆ ਲਵੋ। ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ ਕੀਤੀ ਗਈ ਮਿਕਦਾਰ ਅਨੁਸਾਰ ਹੀ ਫਸਲਾਂ ਵਿਚ ਖਾਦ ਅਤੇ ਕੀਟ ਨਾਸਕ ਦਵਾਈਆਂ ਦੀ ਵਰਤੋਂ ਕਰੋ।
ਸਾਬਕਾ ਸੀਨੀਅਰ ਕੀਟ ਵਿਗਿਆਨੀ, ਕੀਟ ਵਿਗਿਆਨ ਵਿਭਾਗ
ਪੰਜਾਬ ਖੇਤੀਬਾੜ੍ਹੀ ਯੂਨੀਵਰਸਿਟੀ ਲੁਧਿਆਣਾ