ਤੇਰਾ ਖ਼ਤ ਆਇਆ ...
ਖ਼ੁਸ਼ੀ ਤਾਂ ਹੋਈ
ਪਰ; ਤੈਨੂੰ
ਕਿੰਨੀ ਵਾਰ ਕਿਹਾ
ਘਰ ਦੇ ਪਤੇ 'ਤੇ
ਖ਼ਤ ਨਾ ਪਾਇਆ ਕਰ।
ਐਵੇਂ... ਖ਼ਾਮਖਾਹ!
ਚੱਲ ਫਿਰ ਵੀ...
ਛੁੱਟੀ ਦਾ ਦਿਨ ਹੈ
ਸਰਦੀਆਂ ਦੀ
ਕੋਸੀ-ਕੋਸੀ ਧੁੱਪੇ
ਚਾਹ ਦੀਆਂ
ਚੁਸਕੀਆਂ ਭਰਦਿਆਂ
ਛੱਤ 'ਤੇ ਬੈਠ ਪੜ੍ਹਦਾ ਹਾਂ
ਤੇ ਖ਼ਤ ਨੂੰ
ਤੈਹ ਕਰ
ਜੇਬ ਵਿੱਚ ਪਾ ਲੈਂਦਾ ਹਾਂ।
ਤਦੇ ਹੀ
ਪਤਨੀ ਦੀ ਅਵਾਜ਼ ਆਉਂਦੀ ਹੈ...
“ਕੱਪੜੇ ਉਤਾਰ ਦਿਓ,
ਧੋ ਦੇਵਾਂ;
ਤੇ ਤੁਸੀ
ਬੱਚਿਆਂ ਨੂੰ ਲੈ
ਮਾਰਕੀਟ ਹੋ ਆਓ।”
“ਤੁਹਾਡਾ ਹੁਕਮ...
ਸਿਰ ਮੱਥੇ” ਆਖ
ਬਜ਼ਾਰ ਚਲਾ ਜਾਂਦਾ ਹਨ
ਉਤੋਂ ਦਫ਼ਤਰੋਂ ਆਇਆ ਫ਼ੋਨ
ਨਾ ਬੱਚਿਆਂ ਨਾਲ
ਘੁੰਮਣ ਦਿੰਦਾ ਹੈ
ਨਾ ਕੰਮਾਂ-ਕਾਰਾ ਦਾ
ਭੰਨਿਆ ਵਕਤ
ਖ਼ਤ ਸੁੰਘਣ ਦਿੰਦਾ ਹੈ।
ਉਫ਼...!!!
ਉਹ ਤਾਂ
ਕੱਪੜਿਆਂ ਵਿੱਚ ਘਰ ਹੀ
ਛੱਡ ਆਇਆ ਹਾਂ
ਇੱਕ ਹੋਰ “ਟੈਨਸਨ”
ਬੰਨ੍ਹ ਹੱਡ ਲਿਆਇਆ ਹਾਂ।
ਘਰ ਪਰਤ ਦੇਖਦਾ
ਤੇਰਾ ਖ਼ਤ
ਧੋਤਾ ਗਿਆ ਹੈ
ਵਾਸ਼ਿੰਗ-ਮਸ਼ੀਨ ਅੰਦਰ...
ਹੁਣ ਤੂੰ ਹੀ ਦੱਸ
ਜਵਾਬ ਤੈਨੂੰ ਕੀ ਲਿਖਾਂ?
ਤੈਨੂੰ ਕਿੰਨੀ ਵਾਰ ਕਿਹਾ ਹੈ...
“ਘਰ ਦੇ ਪਤੇ 'ਤੇ
ਖ਼ਤ ਨਾ ਪਾਇਆ ਕਰ।”
ਗਗਨਦੀਪ ਸਿੰਘ ਸੰਧੂ
> (+917589431402)