ਬਾਘਾ ਪੁਰਾਣਾ (ਚਟਾਨੀ): ਕੈਪਟਨ ਅਮਰਿੰਦਰ ਸਿੰਘ ਦੀਆਂ ਘੁਰਕੀਆਂ, ਡਰਾਵੇਂ ਅਤੇ ਅੜੀਆਂ ਨੂੰ ਪਰੇ ਧਕੇਲ ਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਵਾਲੀ ਕੁਰਸੀ ਤੱਕ ਪੁੱਜੇ ਨਵਜੋਤ ਸਿੰਘ ਸਿੱਧੂ ਭਾਵੇਂ ਅਜੇ ਆਪਣੇ ਹਮਾਇਤੀਆਂ ਨਾਲ ਜਸ਼ਨਾਂ ਵਿਚ ਮਸ਼ਰੂਫ਼ ਹਨ, ਪਰ ਸਿੱਧੂ ਇਹ ਨਾ ਭੁੱਲੇ ਕਿ ਪ੍ਰਧਾਨਗੀ ਵਾਲੀ ਇਹ ਕੁਰਸੀ ਉਨ੍ਹਾਂ ਲਈ ਕੰਡਿਆਂ ਵਾਲੀ ਸੇਜ਼ ਵੀ ਸਾਬਤ ਹੋ ਸਕਦੀ ਹੈ। ਸੋਨੀਆ ਦਰਬਾਰ ਵਿਚ ਕੈਪਟਨ ਦੀਆਂ ਅਸਫ਼ਲਤਾਵਾਂ ਵਾਲੀਆਂ ਦਲੀਲਾਂ ਦੇ ਕੇ ਗਾਂਧੀ ਪਰਿਵਾਰ ਨੂੰ ਆਪਣੇ ਹੱਕ ਵਿਚ ਕਰ ਕੇ ਪ੍ਰਧਾਨਗੀ ਵਾਲਾ ਅਹੁਦਾ ਲੈਣ ਵਾਲੇ ਨਵਜੋਤ ਸਿੰਘ ਸਿੱਧੂ ਮੂਹਰੇ ਅਨੇਕਾਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ।
ਇਹ ਵੀ ਪੜ੍ਹੋ : ‘ਆਪ’ ਹੁਣ ਸਿੱਧੂ ਦੀ ਝਾਕ ਛੱਡ ਕੇ ਐਲਾਨੇ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਨਾਂ
ਪੰਜਾਬ ਦੇ ਲੋਕਾਂ ਦੇ ਅਣਸੁਲਝੇ ਚੱਲੇ ਆ ਰਹੇ ਮੁੱਦਿਆਂ ਦੀ ਰਾਮ ਦੁਹਾਈ ਪਾ ਕੇ ਪੰਜਾਬੀਆਂ ਦੇ ਦਿਲਾਂ ਵਿਚ ਇਕ ਸਤਿਕਾਰਤ ਥਾਂ ਬਣਾ ਲੈਣ ਵਾਲੇ ਸ੍ਰੀ ਸਿੱਧੂ ਮੂਹਰੇ ਸਭ ਤੋਂ ਵੱਡੀ ਚੁਣੌਤੀ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਕਟਹਿਰੇ ਵਿਚ ਖੜ੍ਹਾ ਕੇ ਸਜ਼ਾਵਾਂ ਦਿਵਾਉਣ ਦੀ ਹੋਵੇਗੀ, ਜਦਕਿ ਮਾਈਨਿੰਗ, ਟਰਾਂਸਪੋਰਟ ਅਤੇ ਨਸ਼ੇ ਦੇ ਸਮੱਗਲਰਾਂ ਨੂੰ ਨੱਥ ਪਾਉਣੀ ਵੀ ਉਨ੍ਹਾਂ ਦੇ ਮੂਹਰੇ ਇਕ ਵੱਡੀ ਚੁਣੌਤੀ ਬਣੇਗੀ। ਕੈਪਟਨ ਅਮਰਿੰਦਰ ਸਿੰਘ ਨੂੰ ਬਾਦਲਾਂ ਨਾਲ ਸਾਂਝ ਪੁਗਾਉਣ ਵਾਲਾ ਪੰਜਾਬ ਦਾ ਦੋਖੀ ਦੱਸਣ ਵਾਲੇ ਸਿੱਧੂ ਨੂੰ ਬਾਦਲਾਂ ਦੇ ਗੁਨਾਹਾਂ ਦੀ ਸਜ਼ਾ ਲਈ ਵੀ ਸਖਤ ਸਟੈਂਡ ਲੈਣਾ ਹੋਵੇਗਾ। ਨਵਜੋਤ ਸਿੱਧੂ ਕੋਲ ਲੋਕਾਂ ਦੀਆਂ ਉਮੀਦਾਂ ਉਪਰ ਪੂਰਾ ਉਤਰਨ ਲਈ ਸਮਾਂ ਬਹੁਤ ਘੱਟ ਹੈ।
ਇਹ ਵੀ ਪੜ੍ਹੋ : ਮਾਂ ਦੇ ਇਕਲੌਤੇ ਸਹਾਰੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਰੋ-ਰੋ ਹੋਇਆ ਬੁਰਾ ਹਾਲ
ਜੇਕਰ ਉਹ ਆਪਣੇ ਖੇਮੇ ਦੀ ਮਜ਼ਬੂਤੀ ਲਈ ਹੀ ਭੱਜ ਦੌੜ ਕਰਦੇ ਰਹੇ ਤਾਂ ਉਨ੍ਹਾਂ ਕੋਲ ਮੁੱਦਿਆਂ ਨੂੰ ਸੁਲਝਾਉਣ ਲਈ ਸਮਾਂ ਹੋਰ ਵੀ ਘਟ ਜਾਣਾ ਹੈ, ਇਹ ਗੱਲ ਵੀ ਹੈ ਕਿ ਉੱਧਰ ਕੈਪਟਨ ਵੀ ਸੁਭਾਅ ਦਾ ਅੜੀਅਲ ਹੈ, ਜੋ ਛੇਤੀ ਕਿਤੇ ਨਵਜੋਤ ਸਿੰਘ ਸਿੱਧੂ ਦੇ ਪੈਰ ਨਹੀਂ ਲੱਗਣ ਦੇਵੇਗਾ ਜੇਕਰ ਦੋਹਾਂ ਧੜਿਆ ਅੰਦਰ ਖਿੱਚ ਧੂਹ ਵਾਲਾ ਸਿਲਸਿਲਾ ਜਾਰੀ ਰਿਹਾ ਤਾਂ ਲੋਕਾਂ ਦੇ ਮੁੱਦੇ ਜਿਵੇਂ ਦੇ ਤਿਵੇਂ ਧਰੇ ਧਰਾਏ ਰਹਿ ਜਾਣਗੇ। ਸ਼ਕਤੀ ਪ੍ਰਦਰਸ਼ਨਾਂ ਵਾਲੀ ਕੈਪਟਨ ਅਤੇ ਸਿੱਧੂ ਦੀ ਖੇਡ ਨਾਲ ਸੂਬੇ ਦਾ ਨੁਕਸਾਨ ਸੰਭਵ ਹੈ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਕਾਂਗਰਸ ਦੇ ਸਿਆਸੀ ਪਿੜ ਵਿਚ ਕੁੱਦੇ ਹਨ ਅਜਿਹੇ ਜੋਸ਼ ਤੋਂ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ, ਪਰ ਉਨ੍ਹਾਂ ਨੂੰ ਇਹ ਡਰ ਵੀ ਹੈ ਕਿ ਉਨ੍ਹਾਂ ਦੀ ਕੁਰਸੀ ਦੇ ਭਾਰ ਹੇਠ ਕਿਤੇ ਭਖਦੇ ਮੁੱਦੇ ਦੱਬੇ ਹੀ ਨਾ ਜਾਣ।
ਇਹ ਵੀ ਪੜ੍ਹੋ : ਜਲੰਧਰ : ਕਰਿਆਨਾ ਸਟੋਰ ਮਾਲਕ ਦੇ ਕਤਲ ਮਾਮਲੇ ’ਚ ਨਵਾਂ ਮੋੜ, ਕਾਤਲ ਲੁਟੇਰਿਆਂ ਦੀ ਹੋਈ ਪਛਾਣ
ਕੈਪਟਨ ਖੇਮੇ ’ਚੋਂ ਖਿਸਕਣ ਲੱਗੇ ਵਿਧਾਇਕ
ਕੈਪਟਨ ਅਮਰਿੰਦਰ ਸਿੰਘ ਦੀ ਹਉਮੈਂ ਕਾਰਣ ਨਾਰਾਜ਼ ਚੱਲੇ ਆ ਰਹੇ ਵੱਡੀ ਗਿਣਤੀ ਵਿਧਾਇਕਾਂ ਅਤੇ ਆਗੂਆਂ ਵਿਚੋਂ ਬਹੁਗਿਣਤੀ ਅਜਿਹੇ ਵਿਧਾਇਕ ਹਨ ਜਿਹੜੇ ਹੁਣ ਹੌਲੀ-ਹੌਲੀ ਕਰ ਕੇ ਕੈਪਟਨ ਖੇਮੇ ਵਿਚੋਂ ਖਿਸਕਦੇ ਜਾ ਰਹੇ ਹਨ ਅਤੇ ਖਿਸਕਣ ਵਾਲੇ ਨਿਰਾਸ਼ ਵਿਧਾਇਕ ਸਿੱਧੇ ਹੀ ਸਿੱਧੂ ਦੁਆਲੇ ਇਕੱਠੇ ਹੋ ਰਹੇ ਹਨ। ਕਾਫੀ ਵਿਧਾਇਕ ਅਤੇ ਮੰਤਰੀਆਂ ਦੀਆਂ ਤਾਂ ਸਿੱਧੂ ਨਾਲ ਕਈ ਕਈ ਬੈਠਕਾਂ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਵੀ ਹੋ ਚੁੱਕੀਆਂ ਸਨ। ਅਜਿਹੇ ਵਿਧਾਇਕਾਂ ਨੇ ਤਾਂ ਹੁਣ ਡੰਕੇ ਦੀ ਚੋਟ ਨਾਲ ਸਿੱਧੂ ਦੀ ਅਗਵਾਈ ਕਬੂਲ ਕੇ ਇਕ ਤਰ੍ਹਾਂ ਨਾਲ ਕੈਪਟਨ ਨੂੰ ਅੰਗੂਠਾ ਦਿਖਾ ਦਿੱਤਾ ਹੈ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ
ਟਿਕ ਕੇ ਬੈਠਣ ਵਾਲੇ ਨਹੀਂ ਕੈਪਟਨ ਅਮਰਿੰਦਰ ਸਿੰਘ
ਕੈਪਟਨ ਅਮਰਿੰਦਰ ਸਿੰਘ ਵੀ ਇਕ ਅਜਿਹੇ ਸ਼ਖਸ ਹਨ ਜਿਨ੍ਹਾਂ ਨੇ ਆਪਣੇ ਮੂਹਰੇ ਕਿਸੇ ਨੂੰ ਸਿਰ ਨਹੀਂ ਚੁੱਕਣ ਦਿੱਤਾ।ਨਵਜੋਤ ਸਿੰਘ ਸਿੱਧੂ ਭਾਵੇਂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੀ ਸਿਫਾਰਸ਼ ਨਾਲ ਪੰਜਾਬ ਕਾਂਗਰਸ ਦਾ ਪ੍ਰਧਾਨ ਬਣ ਗਏ ਹਨ, ਪਰ ਇਹ ਅਹੁਦਾ ਕੈਪਟਨ ਸਿੰਘ ਨੂੰ ਸੂਲ ਵਾਂਗ ਚੁੱਭ ਰਿਹਾ ਹੈ। ਨਵਜੋਤ ਸਿੱਧੂ ਨੂੰ ਅਸਫ਼ਲ ਬਣਾਉਣ ਵਾਸਤੇ ਕੈਪਟਨ ਸਿੰਘ ਵੱਲੋਂ ਕੋਈ ਨਵਾਂ ਸਿਆਸੀ ਦਾਅ ਵੀ ਖੇਡਿਆ ਜਾ ਸਕਦਾ ਹੈ। ਸਿੱਧੂ ਖੇਮੇ ਵਿਚ ਗਏ ਵਿਧਾਇਕਾਂ ਵਿਚੋਂ ਕੁਝ ਕੁ ਨੂੰ ਮੰਤਰੀਆਂ ਦੇ ਅਹੁਦੇ ਦਾ ਲਾਲਚ ਜਾਂ ਫਿਰ ਪੰਜਾਬ ਪੱਧਰ ਦੀ ਕੋਈ ਚੇਅਰਮੈਨੀ ਦਾ ਚੋਗਾ ਪਾ ਕੇ ਵੀ ਪੁੱਟਿਆ ਜਾ ਸਕਦਾ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਤਾਂ ਕਹਿਣਾ ਹੈ ਕਿ ਮੁੱਖ ਮੰਤਰੀ ਕੋਲ ਹੀ ਸਾਰੀਆਂ ਤਾਕਤਾਂ ਰਹਿਣੀਆਂ ਹਨ ਇਸ ਲਈ ਸੱਤਾ ਦੇ ਕੇਂਦਰ ਬਿੰਦੂ ਮੂਹਰੇ ਕਿਸੇ ਦੀ ਵੀ ਕੋਈ ਪੇਸ਼ ਜਾਣੀ ਮੁਸ਼ਕਿਲ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਆਕਸੀਜਨ ਸਿਲੰਡਰ ਹੋਇਆ ਲੀਕ, ਮਚੀ ਭੱਜ-ਦੌੜ
ਨੁਕਸਾਨਦੇਹ ਹੋਵੇਗੀ ਕੈਪਟਨ ਅਤੇ ਸਿੱਧੂ ਦੀ ਖਿੱਚੋਤਾਣ
ਸਿੱਧੂ ਦੇ ਪ੍ਰਧਾਨ ਬਣਨ ਨਾਲ ਹੁਣ ਕਾਂਗਰਸ ਵਿਚ ਖਿੱਚੋਤਾਣ ਵਧ ਗਈ ਹੈ। ਦਿੱਲੀ ਦਰਬਾਰ ਵਿਚ ਦੋਹਾਂ ਧਿਰਾਂ ਵੱਲੋਂ ਕੀਤੇ ਗਏ ਸ਼ਕਤੀ ਪ੍ਰਦਰਸ਼ਨ ’ਚੋਂ ਵਧੇਰੇ ਲਾਹਾ ਖੱਟਣ ਵਾਲੇ ਸਿੱਧੂ ਧੜੇ ਨੂੰ ਮੁੱਖ ਮੰਤਰੀ ਵੱਲੋਂ ਬਰਦਾਸ਼ਤ ਕਰਨਾ ਸੌਖਾ ਨਹੀਂ, ਜਿੱਥੇ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਲਾਬੀ ਦੀ ਮਜ਼ਬੂਤੀ ਲਈ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ, ਉੱਥੇ ਕੈਪਟਨ ਅਮਰਿੰਦਰ ਸਿੰਘ ਵੀ ਅੰਦਰੋ ਅੰਦਰੀ ਸਿੱਧੂ ਨੂੰ ਠੁੱਸ ਕਰਨ ਲਈ ਬੁਣਤਰਾਂ ਬੁਣਦੇ ਵੀ ਸੁਣੇ ਜਾ ਰਹੇ ਹਨ।ਮੁੱਖ ਮੰਤਰੀ ਵੱਲੋਂ ਆਪਣੇ ਧੜੇ ਦੀ ਮਜ਼ਬੂਤੀ ਲਈ ਪ੍ਰਸ਼ਾਸਨ ਨੂੰ ਹਦਾਇਤ ਹੀ ਕੀਤੀ ਜਾਣੀ ਹੈ, ਜਦਕਿ ਸਿੰਧੂ ਨੂੰ ਢੇਰ ਸਾਰੀ ਮੁਸ਼ੱਕਤ ਕਰਨੀ ਪੈਣੀ।
ਵੱਡੀ ਖ਼ਬਰ : ਮੋਗਾ ਦੇ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਆਕਸੀਜਨ ਸਿਲੰਡਰ ਹੋਇਆ ਲੀਕ, ਮਚੀ ਭੱਜ-ਦੌੜ
NEXT STORY