ਰਿਸ਼ੀਕੇਸ਼ — ਰਾਜ ਸਭਾ ਚੋਣਾਂ 'ਚ ਕਾਂਗਰਸ ਉਮੀਦਵਾਰ ਅਭਿਸ਼ੇਕ ਮਨੂ ਸਿੰਘਵੀ ਖ਼ਿਲਾਫ਼ ਵੋਟ ਪਾਉਣ ਵਾਲੇ ਹਿਮਾਚਲ ਪ੍ਰਦੇਸ਼ ਦੇ 6 ਵਿਧਾਇਕ ਤਿੰਨ ਆਜ਼ਾਦ ਵਿਧਾਇਕਾਂ ਸਮੇਤ ਉੱਤਰਾਖੰਡ ਪਹੁੰਚ ਗਏ ਹਨ ਅਤੇ ਉਨ੍ਹਾਂ ਨੂੰ ਇੱਥੇ ਇਕ ਹੋਟਲ 'ਚ ਠਹਿਰਾਇਆ ਗਿਆ ਹੈ। ਇਹ ਘਟਨਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਖ਼ਿਲਾਫ਼ ਚੱਲ ਰਹੀ ਬਗਾਵਤ ਦਰਮਿਆਨ ਸਾਹਮਣੇ ਆਈ ਹੈ। ਬਾਗੀ ਵਿਧਾਇਕਾਂ ਦੇ ਨਾਲ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਹਿਮਾਚਲ ਪ੍ਰਦੇਸ਼ ਇਕਾਈ ਦੇ ਦੋ ਵਿਧਾਇਕ ਵਿਕਰਮ ਠਾਕੁਰ ਅਤੇ ਤ੍ਰਿਲੋਕ ਜਾਮਵਾਲ ਵੀ ਮੌਜੂਦ ਹਨ। ਇਹ ਸਾਰੇ ਵਿਧਾਇਕ ਸ਼ੁੱਕਰਵਾਰ ਦੇਰ ਰਾਤ ਚਾਰਟਰਡ ਫਲਾਈਟ ਰਾਹੀਂ ਹਰਿਆਣਾ ਦੇ ਪੰਚਕੂਲਾ ਤੋਂ ਰਿਸ਼ੀਕੇਸ਼ ਪੁੱਜੇ ਅਤੇ ਹੋਟਲ ਤਾਜ ਵਿੱਚ ਠਹਿਰੇ। ਕਾਂਗਰਸ ਵਿਧਾਇਕਾਂ ਸੁਧੀਰ ਸ਼ਰਮਾ, ਰਜਿੰਦਰ ਰਾਣਾ, ਇੰਦਰ ਦੱਤ ਲਖਨਪਾਲ, ਦਵਿੰਦਰ ਕੁਮਾਰ ਭੁੱਟੂ, ਰਵਿੰਦਰ ਠਾਕੁਰ ਅਤੇ ਚੈਤੰਨਿਆ ਸ਼ਰਮਾ ਨੂੰ ਰਾਜ ਦੇ ਬਜਟ 'ਤੇ ਪਾਰਟੀ ਵ੍ਹਿਪ ਦੀ ਉਲੰਘਣਾ ਕਰਨ ਲਈ ਅਯੋਗ ਕਰਾਰ ਦਿੱਤਾ ਗਿਆ ਹੈ।
ਬਾਗ਼ੀ ਵਿਧਾਇਕਾਂ ਨੇ ਇਸ ਮਾਮਲੇ 'ਚ ਰਾਹਤ ਲਈ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਬਾਗੀ ਕਾਂਗਰਸੀ ਵਿਧਾਇਕਾਂ ਦੇ ਨਾਲ ਤਿੰਨ ਆਜ਼ਾਦ ਵਿਧਾਇਕ ਹੁਸ਼ਿਆਰ ਸਿੰਘ, ਕੇਐਲ ਠਾਕੁਰ ਅਤੇ ਆਸ਼ੀਸ਼ ਸ਼ਰਮਾ ਵੀ ਹਨ। ਹੋਟਲ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਪਹਿਲਾਂ ਤੋਂ ਬੁਕਿੰਗ ਕਰਵਾਉਣ ਵਾਲਿਆਂ ਨੂੰ ਛੱਡ ਕੇ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਹ ਹੋਟਲ ਰਿਸ਼ੀਕੇਸ਼-ਬਦਰੀਨਾਥ ਰੋਡ 'ਤੇ ਰਿਸ਼ੀਕੇਸ਼ ਤੋਂ 30 ਕਿਲੋਮੀਟਰ ਦੂਰ ਹੈ। ਕਾਂਗਰਸ ਹਿਮਾਚਲ ਵਿੱਚ ਸਥਿਤੀ ਨੂੰ ਸੰਭਾਲਣ ਵਿੱਚ ਲੱਗੀ ਹੋਈ ਹੈ ਅਤੇ ਸੂਬੇ ਦੇ ਸੀਨੀਅਰ ਮੰਤਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਸ ਸਮੇਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿੱਚ ਕਾਂਗਰਸ ਦੇ 34 ਅਤੇ ਭਾਜਪਾ ਦੇ 25 ਵਿਧਾਇਕ ਹਨ। ਤਿੰਨ ਆਜ਼ਾਦ ਵਿਧਾਇਕਾਂ ਨੇ ਵੀ ਰਾਜ ਸਭਾ ਚੋਣਾਂ ਵਿੱਚ ਭਾਜਪਾ ਦਾ ਸਮਰਥਨ ਕੀਤਾ ਸੀ। ਇਸ ਦੌਰਾਨ ਉੱਤਰ ਪੂਰਬੀ ਖੇਤਰ ਦੇ ਵਿਕਾਸ ਬਾਰੇ ਕੇਂਦਰੀ ਰਾਜ ਮੰਤਰੀ ਬੀਐਲ ਵਰਮਾ ਨੇ ਹਰਿਦੁਆਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਸਰਕਾਰ ਜਲਦੀ ਡਿੱਗ ਜਾਵੇਗੀ।
ਵਰਮਾ ਨੇ ਕਿਹਾ, “ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਅੰਦਰੂਨੀ ਕਲੇਸ਼ ਨਾਲ ਜੂਝ ਰਹੀ ਹੈ। ਇਸ ਆਪਸੀ ਲੜਾਈ ਕਾਰਨ ਇਹ ਜ਼ਿਆਦਾ ਦੇਰ ਨਹੀਂ ਚੱਲੇਗੀ।'' ਉਨ੍ਹਾਂ ਦਾਅਵਾ ਕੀਤਾ ਕਿ ਰਾਹੁਲ ਗਾਂਧੀ ਦੀਆਂ ਕਾਰਵਾਈਆਂ ਨੇ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਦਾ ਸਫਾਇਆ ਕਰ ਦਿੱਤਾ ਹੈ ਅਤੇ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਦਾ ਪੂਰੇ ਦੇਸ਼ ਵਿੱਚੋਂ ਸਫਾਇਆ ਹੋ ਜਾਵੇਗਾ। ਵਰਮਾ ਹਰਿਦੁਆਰ 'ਚ ਯੋਗਗੁਰੂ ਰਾਮਦੇਵ ਦੇ ਪਤੰਜਲੀ ਯੋਗਪੀਠ 'ਚ ਆਯੋਜਿਤ ਸਹਿਕਾਰੀ ਸੰਮੇਲਨ 'ਚ ਹਿੱਸਾ ਲੈਣ ਆਏ ਸਨ। ਉੱਤਰਾਖੰਡ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿਧਾਇਕਾਂ ਦੀ ਮੌਜੂਦਗੀ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਕੱਢਣ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਹੈ ਅਤੇ ਭਾਜਪਾ ਅਦਾਲਤਾਂ ਦਾ ਸਨਮਾਨ ਕਰਦੀ ਹੈ। ਉਨ੍ਹਾਂ ਸਮਾਜਵਾਦੀ ਪਾਰਟੀ (ਸਪਾ) ਨੂੰ ਪਰਿਵਾਰ ਆਧਾਰਿਤ ਪਾਰਟੀ ਦੱਸਿਆ ਜੋ ਆਮ ਚੋਣਾਂ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇਗੀ। ਉਨ੍ਹਾਂ ਮੌਜੂਦਾ ਕਿਸਾਨ ਅੰਦੋਲਨ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਦਿਆਂ ਦਾਅਵਾ ਕੀਤਾ ਕਿ ਸਾਲ 2013-14 ਵਿੱਚ ਕਿਸਾਨਾਂ ਲਈ ਬਜਟ ਸਿਰਫ਼ 21900 ਕਰੋੜ ਰੁਪਏ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਨੂੰ ਵਧਾ ਕੇ 1.25 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਉਨ੍ਹਾਂ ਕਿਹਾ, “ਪਰ ਕਿਸਾਨਾਂ ਦੀ ਆੜ ਵਿੱਚ ਕੁਝ ਸਿਆਸੀ ਪਾਰਟੀਆਂ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਹ ਕਦੇ ਕਾਮਯਾਬ ਨਹੀਂ ਹੋਣਗੇ।"
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਲੋਕ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨਰ ਨੇ ਚੁੱਕਿਆ ਵੱਡਾ ਕਦਮ, ਅਹੁਦੇ ਤੋਂ ਦਿੱਤਾ ਅਸਤੀਫ਼ਾ
NEXT STORY