ਕੋਝੀਕੋਡ, ਕੇਰਲ ਦੇ ਕੋਝੀਕੋਡ ਜ਼ਿਲ੍ਹੇ ਵਿੱਚ ਇੱਕ ਲੜਕਾ ਅਮੀਬਾ ਕਾਰਨ ਹੋਣ ਵਾਲੀ ਇੱਕ ਦੁਰਲੱਭ ਦਿਮਾਗੀ ਬਿਮਾਰੀ ਤੋਂ ਪੀੜਤ ਹੈ, ਇਸ ਲਾਗ ਨੂੰ ਅਮੀਬਿਕ ਮੇਨਿਨਗੋਏਨਸੇਫਲਾਈਟਿਸ ਕਿਹਾ ਜਾਂਦਾ ਹੈ। ਇਸ ਮਾਮਲੇ ਦੀ ਜਾਣਕਾਰੀ ਕੇਰਲ ਦੇ ਇੱਕ ਨਿੱਜੀ ਹਸਪਤਾਲ ਵੱਲੋਂ ਦਿੱਤੀ ਗਈ ਹੈ, ਫਿਲਹਾਲ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਸ ਲਈ ਉਸ ਨੂੰ ਬੇਬੀ ਮੈਮੋਰੀਅਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਘਾਤਕ ਦੁਰਲੱਭ ਦਿਮਾਗ ਦੀ ਲਾਗ ਦਾ ਇਹ ਤੀਜਾ ਕੇਸ ਹੈ। ਸੋਮਵਾਰ, 24 ਜੂਨ ਨੂੰ, ਲੜਕੇ ਨੂੰ ਬੇਬੀ ਮੈਮੋਰੀਅਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਇਨਫੈਕਸ਼ਨ ਦੀ ਪਛਾਣ ਕੀਤੀ ਅਤੇ ਉਦੋਂ ਤੋਂ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ। ਇਹ ਘਾਤਕ ਅਮੀਬਾ ਗੰਦੇ ਪਾਣੀ ਵਿੱਚ ਪਾਇਆ ਜਾਂਦਾ ਹੈ ਅਤੇ ਕੋਈ ਵੀ ਵਿਅਕਤੀ ਗੰਦੇ ਪਾਣੀ ਵਿੱਚ ਨਹਾਉਣ ਜਾਂ ਗੋਤਾਖੋਰੀ ਕਰਕੇ ਇਸ ਅਮੀਬਾ ਦੇ ਸੰਪਰਕ ਵਿੱਚ ਆ ਸਕਦਾ ਹੈ।
ਹਾਲਤ ਕਾਫੀ ਗੰਭੀਰ, ਇਲਾਜ ਜ਼ਾਰੀ
ਡਾਕਟਰਾਂ ਨੇ ਦੱਸਿਆ ਕਿ ਲੜਕੇ ਦੀ ਹਾਲਤ ਕਾਫੀ ਗੰਭੀਰ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਡਾਕਟਰਾਂ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਵਿਅਕਤੀ ਦੀ ਮੌਤ ਦਰ 95 ਤੋਂ 100 ਫੀਸਦੀ ਤੱਕ ਹੈ। ਲੜਕੇ ਦਾ ਇਲਾਜ ਕਰ ਰਹੇ ਡਾਕਟਰ ਮੁਤਾਬਕ ਇਸ ਬਿਮਾਰੀ ਦੀ ਜਲਦੀ ਹੀ ਪਛਾਣ ਹੋ ਗਈ ਸੀ ਅਤੇ ਇਸ ਦਾ ਇਲਾਜ ਵੀ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਸੀ, ਕਿਉਂਕਿ ਹਸਪਤਾਲ ਵਿੱਚ ਇਸ ਬਿਮਾਰੀ ਦੇ ਇਲਾਜ ਲਈ ਲੋੜੀਂਦਾ ਸਾਰਾ ਸਾਮਾਨ ਵੀ ਮੌਜੂਦ ਸੀ।
ਇਹ ਤੀਜਾ ਮਾਮਲਾ, 2 ਦੀ ਪਹਿਲਾਂ ਹੀ ਹੋ ਚੁੱਕੀ ਹੈ ਮੌਤ
ਹੁਣ ਤਕ ਇਸ ਬਿਮਾਰੀ ਕਾਰਨ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਪਹਿਲਾ ਮਾਮਲਾ ਮਲਪੁਰਮ ਪਿੰਡ ਦੀ ਇੱਕ 5 ਸਾਲਾ ਬੱਚੀ ਵਿੱਚ ਦੇਖਣ ਨੂੰ ਮਿਲਿਆ, ਜਿਸ ਦੀ 21 ਮਈ ਨੂੰ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇਸ ਲਾਗ ਕਾਰਨ ਦੂਜੀ ਮੌਤ ਕੰਨੂਰ ਦੀ ਇੱਕ 13 ਸਾਲਾ ਬੱਚੀ ਦੀ ਸੀ, ਜੋ ਕਿ 25 ਜੂਨ ਨੂੰ ਹੋਈ ਸੀ। ਸਿਹਤ ਵਿਭਾਗ ਨੇ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਲਈ ਕਿਹਾ ਹੈ। ਇਹ ਬਿਮਾਰੀ ਪਹਿਲਾਂ 2023 ਅਤੇ 2017 ਵਿੱਚ ਸੂਬੇ ਦੇ ਤੱਟਵਰਤੀ ਅਲਾਪੁਜ਼ਾ ਜ਼ਿਲ੍ਹੇ ਵਿੱਚ ਪਾਈ ਗਈ ਸੀ। ਇਸ ਬਿਮਾਰੀ ਦੇ ਲੱਛਣ ਬਹੁਤ ਆਮ ਹਨ, ਇਸ ਵਿੱਚ ਵਿਅਕਤੀ ਨੂੰ ਬੁਖਾਰ, ਸਿਰ ਦਰਦ, ਉਲਟੀਆਂ ਅਤੇ ਚੱਕਰ ਆਉਣੇ ਲੱਗਦੇ ਹਨ। ਇਹ ਅਮੀਬਾ ਪਾਣੀ 'ਚੋਂ ਨੱਕ ਅਤੇ ਕੰਨਾਂ ਰਾਹੀਂ ਸਰੀਰ ਵਿੱਚ ਦਾਖਲ ਹੁੰਦਾ ਹੈ।
ਬੈੱਡਰੂਮ ਅੰਦਰ ਲੱਖਾਂ ਮਧੂ-ਮੱਖੀਆਂ ਦਾ ਛੱਤਾ, ਵੇਖ ਕੰਬ ਗਿਆ ਹਰ ਕੋਈ, ਵੀਡੀਓ
NEXT STORY