ਸਾਗਰ, (ਭਾਸ਼ਾ)- ਮੱਧ ਪ੍ਰਦੇਸ਼ 'ਚ ਬਰਸਾਤ ਦੇ ਮੌਸਮ 'ਚ ਪੁਰਾਣੀਆਂ ਕੰਧਾਂ ਜਾਨਲੇਵਾ ਸਾਬਤ ਹੋ ਰਹੀਆਂ ਹਨ। ਪਿਛਲੇ ਦੋ ਦਿਨਾਂ ਵਿੱਚ 13 ਬੱਚਿਆਂ ਦੀ ਬੇਵਕਤੀ ਮੌਤ ਹੋ ਗਈ। ਸ਼ਨੀਵਾਰ ਨੂੰ ਰੀਵਾ ਵਿੱਚ ਇੱਕ ਕੰਧ ਦੇ ਮਲਬੇ ਹੇਠ ਦੱਬਣ ਨਾਲ 4 ਬੱਚਿਆਂ ਦੀ ਮੌਤ ਹੋ ਗਈ ਸੀ। ਉਥੇ ਹੀ ਐਤਵਾਰ ਯਾਨੀ ਅੱਜ ਸਾਗਰ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ। ਇਥੇ ਇਕ ਖੰਡਰ ਮਕਾਨ ਦੀ ਕੰਧ ਡਿੱਗਣ ਨਾਲ 9 ਬੱਚਿਆਂ ਦੀ ਮੌਤ ਹੋ ਗਈ। ਮੁੱਖ ਮੰਤਰੀ ਮੋਹਨ ਯਾਦਵ, ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ, ਪ੍ਰਦੇਸ਼ ਕਾਂਗਰਸ ਪ੍ਰਧਾਨ ਜੀਤੂ ਪਟਵਾਰੀ ਅਤੇ ਕਈ ਜਨ ਪ੍ਰਤੀਨਿਧੀਆਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ।
ਦੱਸ ਦੇਈਏ ਮੱਧ ਪ੍ਰਦੇਸ਼ ਦੇ ਸਾਗਰ ਜ਼ਿਲੇ ਦੇ ਇਕ ਪਿੰਡ ’ਚ ਐਤਵਾਰ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਕ ਖੰਡਰ ਮਕਾਨ ਦੀ ਕੰਧ ਦੇ ਅਚਾਨਕ ਡਿੱਗਣ ਨਾਲ ਨੇੜੇ ਆਯੋਜਿਤ ਇਕ ਧਾਰਮਿਕ ਪ੍ਰੋਗਰਾਮ ’ਚ ਸ਼ਾਮਲ 9 ਬੱਚਿਆਂ ਦੀ ਮੌਤ ਹੋ ਗਈ ਤੇ 2 ਹੋਰ ਜ਼ਖਮੀ ਹੋ ਗਏ।
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਰਾਹਲੀ ਵਿਧਾਨ ਸਭਾ ਹਲਕੇ ਦੇ ਸ਼ਾਹਪੁਰ ਪਿੰਡ ’ਚ ਇਕ ਮੰਦਰ ਕੰਪਲੈਕਸ ਨੇੜੇ ਧਾਰਮਿਕ ਪ੍ਰੋਗਰਾਮ ਦੌਰਾਨ ਸਵੇਰੇ 8.30 ਤੋਂ 9 ਵਜੇ ਦਰਮਿਆਨ ਵਾਪਰਿਆ।
ਸਾਗਰ ਦੇ ਡਿਵੀਜ਼ਨਲ ਕਮਿਸ਼ਨਰ ਵਰਿੰਦਰ ਸਿੰਘ ਰਾਵਤ ਨੇ ਦੱਸਿਆ ਕਿ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਹਨ। ਮੁੱਖ ਮੰਤਰੀ ਮੋਹਨ ਯਾਦਵ ਨੇ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਰਕਮ ਦੇਣ ਦਾ ਐਲਾਨ ਕੀਤਾ।
ਸਥਾਨਕ ਭਾਜਪਾ ਵਿਧਾਇਕ ਤੇ ਸਾਬਕਾ ਮੰਤਰੀ ਗੋਪਾਲ ਭਾਰਗਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਪਾਰਥਿਵ ਸ਼ਿਵਲਿੰਗ ਨਿਰਮਾਣ’ ਪ੍ਰੋਗਰਾਮ ਦਾ ਆਯੋਜਨ ਖੰਡਰ ਮਕਾਨ ਦੇ ਕੋਲ ਇੱਕ ਤੰਬੂ ਹੇਠ ਕੀਤਾ ਜਾ ਰਿਹਾ ਸੀ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਰੀਵਾ ਵਿਚ ਵੀ 4 ਸਕੂਲੀ ਬੱਚਿਆਂ ਦੀ ਕੰਧ ਡਿੱਗਣ ਕਾਰਨ ਮੌਤ ਹੋ ਗਈ ਸੀ। ਗੜ੍ਹ ਸ਼ਹਿਰ ਦੇ ਸਨਰਾਈਜ਼ ਪਬਲਿਕ ਸਕੂਲ ਦੇ ਬੱਚੇ ਸ਼ਨੀਵਾਰ ਦੁਪਹਿਰ 3 ਵਜੇ ਸਕੂਲ ਤੋਂ ਬਾਅਦ ਘਰ ਜਾ ਰਹੇ ਸਨ। ਸਕੂਲ ਤੋਂ 20 ਮੀਟਰ ਦੀ ਦੂਰੀ 'ਤੇ ਇੱਕ ਕੰਧ ਡਿੱਗ ਗਈ। ਮਲਬੇ ਹੇਠ ਦੱਬਣ ਨਾਲ 4 ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਬੱਚੇ ਇੱਕੋ ਪਰਿਵਾਰ ਦੇ ਸਨ। 5 ਸਾਲਾ ਅੰਸ਼ਿਕਾ ਗੁਪਤਾ, ਪਿਤਾ ਸੁਰਿੰਦਰ ਗੁਪਤਾ, 7 ਸਾਲਾ ਮਾਨਯਤਾ ਗੁਪਤਾ, ਪਿਤਾ ਵਰਿੰਦਰ ਗੁਪਤਾ, 5 ਸਾਲਾ ਸਿਧਾਰਥ, ਪਿਤਾ ਵਰਿੰਦਰ ਗੁਪਤਾ ਅਤੇ ਅਨੁਜ ਪ੍ਰਜਾਪਤੀ, ਪਿਤਾ ਇੰਦਰਪਾਲ ਪ੍ਰਜਾਪਤੀ ਦੀ ਕੰਧ ਦੇ ਮਲਬੇ ਹੇਠਾਂ ਦੱਬਣ ਨਾਲ ਮੌਤ ਹੋ ਗਈ।
ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਨਬਾਲਗਾ ਨਾਲ ਜਬਰ ਜਨਾਹ, ਮੁਲਜ਼ਮ ਗ੍ਰਿਫਤਾਰ
NEXT STORY