ਨਵੀਂ ਦਿੱਲੀ- ਭਾਰਤ ਵਿਚ ਠੱਗ ਤੇ ਬੇਈਮਾਨ ਏਜੰਟਾਂ ਵਲੋਂ ਫਰਵਰੀ 2023 'ਚ 13 ਲੱਖ ਰੁਪਏ ਲੈ ਕੇ ਇਟਲੀ ਵਿਚ ਨੌਕਰੀ ਦਿਵਾਉਣ ਦੇ ਬਹਾਨੇ 17 ਨੌਜਵਾਨਾਂ ਨੂੰ ਪਹਿਲਾਂ ਦੁਬਈ, ਫਿਰ ਮਿਸਰ ਅਤੇ ਫਿਰ ਲੀਬੀਆ ਦੇ ਜ਼ੁਵਾਰਾ ਕਸਬੇ ਵਿਚ ਹਥਿਆਰਬੰਦ ਮਾਫੀਆ ਨੂੰ ਵੇਚ ਦਿੱਤਾ ਗਿਆ। ਇਨ੍ਹਾਂ ਨੌਜਵਾਨਾਂ ਦੇ ਬਚਾਅ ਕਾਰਜ ਅਤੇ ਵਾਪਸੀ ਦੀ ਪ੍ਰਕਿਰਿਆ ਦਾ ਤਾਲਮੇਲ ਪੰਜਾਬ ਦੇ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਬੜੀ ਮੁਸ਼ੱਕਤ ਤੇ ਨਿਰੰਤਰ ਯਤਨਾਂ ਨਾਲ ਕੀਤਾ।
ਸਾਹਨੀ ਨੇ ਦੱਸਿਆ ਕਿ ਇਨ੍ਹਾਂ ਲੜਕਿਆਂ ਵੱਲੋਂ 28 ਮਈ 2023 ਨੂੰ ਸਾਡੇ ਨਾਲ ਸੰਪਰਕ ਕੀਤਾ ਗਿਆ ਸੀ, ਜਿਸ ਵਿਚ ਉਨ੍ਹਾਂ ਦੱਸਿਆ ਕਿ ਉਹ ਲੀਬੀਆ ਵਿਚ ਫਸੇ ਹੋਏ ਹਨ ਅਤੇ ਉੱਥੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਮਹੀਨਿਆਂ ਤੋਂ ਬੰਧੂਆ ਮਜ਼ਦੂਰੀ ਕਰਵਾਈ ਜਾ ਰਹੀ ਹੈ। ਅਸੀਂ ਉਨ੍ਹਾਂ ਨਾਲ ਵੀਡੀਓ ਕਾਲ 'ਤੇ ਵੀ ਗੱਲ ਕੀਤੀ ਜਿਸ ਵਿਚ ਅਸੀਂ ਦੇਖਿਆ ਕਿ ਉਹ ਠੀਕ ਭੋਜਨ ਦੀ ਘਾਟ ਕਾਰਨ ਕਲਪਨਾ ਤੋਂ ਵੀ ਪਰ੍ਹੇ ਦੇ ਬੱਦਤਰ ਹਾਲਾਤ ਵਿਚ ਰਹਿ ਰਹੇ ਹਨ।
ਵਿਕਰਮਜੀਤ ਸਿੰਘ ਸਾਹਨੀ ਨੇ ਦੱਸਿਆ ਕਿ ਲੀਬੀਆ ਵਿਚ ਭਾਰਤ ਦਾ ਕੋਈ ਕੂਟਨੀਤਕ ਮਿਸ਼ਨ ਨਹੀਂ ਹੈ, ਇਸ ਲਈ ਅਸੀਂ ਇਸ ਪੱਖੋਂ ਬੇਵੱਸ ਸਾਂ। ਜਦੋਂ ਇਹ ਲੜਕੇ ਘਬਰਾਏ ਹੋਏ ਚਿੰਤਾ ਵਿਚ ਘਿਰੇ ਹੋਏ ਸਨ ਤਾਂ ਅਸੀਂ ਆਪਣੇ ਪੱਧਰ 'ਤੇ ਇਕ ਹੋਟਲ ਬੁੱਕ ਕੀਤਾ ਅਤੇ ਇਨ੍ਹਾਂ ਲੜਕਿਆਂ ਲਈ ਦੋ ਟੈਕਸੀਆਂ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਮਾਫੀਆ ਦੀ ਕੈਦ ਵਿਚੋਂ ਤੁਰੰਤ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। 13 ਜੂਨ ਨੂੰ ਅਸੀਂ ਇਹ ਬਚਾਅ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਅਸੀਂ ਇਸ ਨੂੰ ਸਫਲਤਾਪੂਰਵਕ ਪੂਰਾ ਕਰਨ ਵਿਚ ਕਾਮਯਾਬ ਹੋਏ। ਜਿਸ ਦਿਨ ਤੋਂ ਇਹ ਨੌਜਵਾਨ ਮਾਫੀਆ ਦੀ ਗ਼ੁਲਾਮੀ ਤੋਂ ਬਚ ਨਿਕਲੇ ਸਨ, ਮੈਂ ਅਤੇ ਮੇਰਾ ਦਫ਼ਤਰ ਇਨ੍ਹਾਂ ਮੁੰਡਿਆਂ ਨਾਲ ਤਦ ਤਕ ਪੂਰੀ ਰਾਤ ਲਗਾਤਾਰ ਫੋਨ 'ਤੇ ਗੱਲ ਕਰਦੇ ਰਹੇ ਜਦੋਂ ਤਕ ਉਹ ਸਾਡੇ ਵਲੋਂ ਬੁੱਕ ਕੀਤੇ ਹੋਟਲ ਵਿੱਚ ਨਹੀਂ ਪਹੁੰਚ ਗਏ।
ਸਾਹਨੀ ਨੇ ਅੱਗੇ ਕਿਹਾ ਕਿ ਕਿਸਮਤ ਸਾਡਾ ਇਮਤਿਹਾਨ ਲੈ ਰਹੀ ਸੀ ਕਿਉਂਕਿ ਹੋਟਲ ਵਿਚ ਦੋ ਦਿਨ ਰੁਕਣ ਤੋਂ ਬਾਅਦ ਹੋਟਲ ਮਾਲਕ ਨੇ ਸਾਡੇ ਨਾਲ ਧੋਖਾ ਕੀਤਾ ਅਤੇ ਇਨ੍ਹਾਂ ਸਾਰੇ ਲੜਕਿਆਂ ਨੂੰ ਹੋਟਲ ਵਿੱਚੋਂ ਗ੍ਰਿਫ਼ਤਾਰ ਕਰਵਾ ਕੇ ਤ੍ਰਿਪੋਲੀ ਜੇਲ੍ਹ ਭੇਜ ਦਿੱਤਾ। ਇਸ ਤੋਂ ਬਾਅਦ ਅਸੀਂ ਟੁਨੀਸ਼ੀਆ ਵਿਚ ਸਥਿਤ ਨਜ਼ਦੀਕੀ ਭਾਰਤੀ ਦੂਤਾਵਾਸ ਨੂੰ ਦਖਲ ਦੇਣ ਲਈ ਬੇਨਤੀ ਕੀਤੀ। ਅਸੀਂ ਸੰਯੁਕਤ ਰਾਸ਼ਟਰ ਤਕ ਵੀ ਪਹੁੰਚ ਕੀਤੀ ਕਿ ਮਨੁੱਖੀ ਆਧਾਰ 'ਤੇ ਇਨ੍ਹਾਂ ਲੜਕਿਆਂ ਨੂੰ ਲੀਬੀਆ ਦੀ ਜੇਲ੍ਹ ਵਿੱਚੋਂ ਰਿਹਾਅ ਕਰਕੇ ਭਾਰਤ ਵਾਪਸ ਭੇਜਿਆ ਜਾਵੇ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੱਧਰਾਂ 'ਤੇ ਸਾਡੇ ਪੱਖ ਤੋਂ ਕਈ ਹਫ਼ਤਿਆਂ ਦੇ ਪੱਤਰ-ਵਿਹਾਰ ਅਤੇ ਲਗਾਤਾਰ ਬੇਨਤੀਆਂ ਤੋਂ ਬਾਅਦ ਅਸੀਂ 30 ਜੁਲਾਈ ਨੂੰ ਸੰਯੁਕਤ ਰਾਸ਼ਟਰ ਅਤੇ ਭਾਰਤੀ ਹਾਈ ਕਮਿਸ਼ਨ, ਟਿਊਨੀਸ਼ੀਆ ਰਾਹੀਂ ਇਨ੍ਹਾਂ ਨੌਜਵਾਨਾਂ ਤਕ ਕੌਂਸਲਰ ਪਹੁੰਚ ਪ੍ਰਾਪਤ ਕਰ ਸਕੇ ਅਤੇ ਇਨ੍ਹਾਂ ਲੜਕਿਆਂ ਨੂੰ ਬਾਹਰ ਕੱਢਣ ਵਿਚ ਕਾਮਯਾਬ ਹੋ ਸਕੇ। ਜੇਲ੍ਹ ਵਿੱਚੋਂ ਰਿਹਾਈ ਤੋਂ ਮਗਰੋਂ ਇਨ੍ਹਾਂ ਨੂੰ ਲੀਬੀਆ 'ਚ ਤ੍ਰਿਪੋਲੀ ਵਿਖੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਬੰਦਰਗਾਹ ਵਿਚ ਭੇਜ ਦਿੱਤਾ ਗਿਆ। ਫਿਰ ਆਖਿਰਕਾਰ 19 ਅਗਸਤ ਨੂੰ ਸਾਰੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਉਪਰੰਤ ਇਨ੍ਹਾਂ ਲੜਕਿਆਂ ਨੂੰ ਦਿੱਲੀ ਲਈ ਫਲਾਈਟ 'ਚ ਚੜ੍ਹਾ ਦਿੱਤਾ ਗਿਆ।
ਸਾਹਨੀ ਨੇ ਕਿਹਾ ਕਿ ਲੀਬੀਆ ਤੋਂ ਇਸ ਜਹਾਜ਼ ਦੀ ਲੈਂਡਿੰਗ ਸਿਰਫ ਇਕ ਜਹਾਜ਼ ਦੀ ਯਾਤਰਾ ਹੀ ਨਹੀਂ ਸੀ, ਸਗੋਂ ਮਾਂ ਦੀ ਆਸ, ਭੈਣ ਦੀ ਮਮਤਾ ਅਤੇ ਪਿਤਾ ਦਾ ਪਿਆਰ ਸੀ। ਮੈਂ ਕੱਲ੍ਹ ਇਨ੍ਹਾਂ ਸਾਰੇ ਲੜਕਿਆਂ ਨਾਲ ਗੱਲ ਕੀਤੀ, ਉਹ ਇਸਨੂੰ ਇੱਕ ਪੁਨਰ ਜਨਮ ਸਮਝਦੇ ਹਨ। ਉਨ੍ਹਾਂ ਦੇ ਮਾਪਿਆਂ ਅਤੇ ਪਰਿਵਾਰਕ ਮੈਂਬਰਾਂ ਦੀਆਂ ਏਅਰਪੋਰਟ 'ਤੇ ਵਹਿ ਰਹੀਆਂ ਭਾਵਨਾਵਾਂ ਦਾ ਸ਼ਾਇਦ ਸ਼ਬਦਾਂ ਵਿਚ ਵਰਨਣ ਵੀ ਨਹੀਂ ਕੀਤਾ ਜਾ ਸਕਦਾ।
ਭ੍ਰਿਸ਼ਟਾਚਾਰ ਦੇ 6800 ਤੋਂ ਵੱਧ ਮਾਮਲਿਆਂ ਦੀ ਸੁਣਵਾਈ ਅਦਾਲਤ 'ਚ ਪੈਂਡਿੰਗ
NEXT STORY