ਨਵੀਂ ਦਿੱਲੀ- ਸਾਬਕਾ ਕਾਂਗਰਸ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ਼ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ਵਿਚ ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਅਗਲੇ ਸਾਲ 8 ਜਨਵਰੀ ਨੂੰ ਫ਼ੈਸਲਾ ਸੁਣਾਏਗੀ। ਵਿਸ਼ੇਸ਼ ਜੱਜ ਕਾਵੇਰੀ ਬਾਵੇਜਾ ਨੂੰ ਅੱਜ ਯਾਨੀ ਕਿ ਸੋਮਵਾਰ ਨੂੰ ਫ਼ੈਸਲਾ ਸੁਣਾਉਣਾ ਸੀ ਪਰ ਉਨ੍ਹਾਂ ਨੇ ਇਸ ਨੂੰ ਟਾਲ ਦਿੱਤਾ। ਜੱਜ ਨੇ ਕਿਹਾ ਕਿ 8 ਜਨਵਰੀ ਅਗਲੀ ਤਾਰੀਖ਼ ਹੈ। ਦੱਸ ਦੇਈਏ ਕਿ ਦੰਗਿਆਂ ਦੇ ਇਕ ਹੋਰ ਮਾਮਲੇ ਵਿਚ ਸੱਜਣ ਇਸ ਸਮੇਂ ਤਿਹਾੜ ਜੇਲ੍ਹ 'ਚ ਬੰਦ ਹੈ। ਉਹ ਵੀਡੀਓ ਕਾਨਫਰੰਸ ਜ਼ਰੀਏ ਅਦਾਲਤ ਸਾਹਮਣੇ ਪੇਸ਼ ਹੋਏ। ਇਹ ਮਾਮਲਾ ਸਿੱਖ-ਵਿਰੋਧੀ ਦੰਗਿਆਂ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿਚ ਦੋ ਲੋਕਾਂ ਦੇ ਕਤਲ ਨਾਲ ਜੁੜਿਆ ਹੈ।
ਅਦਾਲਤ ਨੇ ਇਕ ਨਵੰਬਰ, 1984 ਨੂੰ ਜਸਵੰਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਤਰੁਣਦੀਪ ਸਿੰਘ ਦੇ ਕਤਲ ਨਾਲ ਸਬੰਧਤ ਮਾਮਲੇ ਵਿਚ ਅੰਤਿਮ ਦਲੀਲਾਂ ਸੁਣਨ ਮਗਰੋਂ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਸ਼ੁਰੂ ਵਿਚ ਪੰਜਾਬੀ ਬਾਗ ਥਾਣੇ ਨੇ ਮਾਮਲਾ ਦਰਜ ਕੀਤਾ ਸੀ ਪਰ ਬਾਅਦ ਵਿਚ ਇਕ ਵਿਸ਼ੇਸ਼ ਜਾਂਚ ਦਲ (SIT) ਨੇ ਜਾਂਚ ਆਪਣੇ ਹੱਥਾਂ ਵਿਚ ਲੈ ਲਈ ਸੀ। ਅਦਾਲਤ ਨੇ 16 ਦਸੰਬਰ, 2021 ਨੂੰ ਸੱਜਣ ਕੁਮਾਰ ਖਿਲਾਫ਼ ਦੋਸ਼ ਤੈਅ ਕੀਤੇ ਸਨ।
ਇਸਤਗਾਸਾ ਪੱਖ ਮੁਤਾਬਕ ਮਾਰੂ ਹਥਿਆਰਾਂ ਨਾਲ ਲੈਸ ਇਕ ਵੱਡੀ ਭੀੜ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦਾ ਬਦਲਾ ਲੈਣ ਲਈ ਵੱਡੇ ਪੱਧਰ 'ਤੇ ਲੁੱਟ-ਖੋਹ, ਅੱਗਜ਼ਨੀ ਅਤੇ ਸਿੱਖ ਜਾਇਦਾਦਾਂ ਨੂੰ ਨਸ਼ਟ ਕੀਤਾ ਸੀ। ਇਸਤਗਾਸਾ ਪੱਖ ਨੇ ਦੋਸ਼ ਲਾਇਆ ਕਿ ਭੀੜ ਨੇ ਸ਼ਿਕਾਇਤਕਰਤਾ ਜਸਵੰਤ ਦੀ ਪਤਨੀ ਦੇ ਘਰ 'ਤੇ ਹਮਲਾ ਕੀਤਾ, ਉਸ ਦੇ ਪਤੀ ਅਤੇ ਪੁੱਤਰ ਦਾ ਕਤਲ ਕਰ ਦਿੱਤਾ ਸੀ, ਸਾਮਾਨ ਲੁੱਟਿਆ ਅਤੇ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ।
ਇਸ ਮਾਮਲੇ ਵਿਚ ਸੱਜਣ ਕੁਮਾਰ ਦੇ ਖਿਲਾਫ ਕੇਸ ਦੀ ਸੁਣਵਾਈ ਕਰਦੇ ਹੋਏ ਅਦਾਲਤ ਨੇ ਆਪਣੇ ਆਦੇਸ਼ ਵਿਚ ਕਿਹਾ ਸੀ ਕਿ ਲੋੜੀਂਦੀ ਸਮੱਗਰੀ ਮਿਲੀ ਕਿ ਕਾਂਗਰਸ ਨੇਤਾ ਕੁਮਾਰ ਨਾ ਸਿਰਫ ਇਸ ਵਿਚ ਸ਼ਾਮਲ ਸੀ ਸਗੋਂ ਭੀੜ ਦੀ ਅਗਵਾਈ ਵੀ ਕੀਤੀ ਸੀ।
ਸੜਕ ਹਾਦਸੇ 'ਚ ਚਾਰ ਔਰਤਾਂ ਸਣੇ 6 ਲੋਕਾਂ ਦੀ ਮੌਤ, 7 ਹੋਰ ਜ਼ਖ਼ਮੀ
NEXT STORY