ਜਗਦਲਪੁਰ, (ਏਜੰਸੀਆਂ)- ਛੱਤੀਸਗੜ੍ਹ ਦੇ ਬਸਤਰ ਜ਼ਿਲੇ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਇਕ ਵਿਸ਼ੇਸ਼ ਅਦਾਲਤ ਨੇ 2013 ਦੇ ਝੀਰਮ ਘਾਟੀ ਨਕਸਲੀ ਹਮਲੇ ਦੇ ਸਾਰੇ 10 ਮੁਲਜ਼ਮਾਂ ਨੂੰ ਸ਼ਨੀਵਾਰ ਦੋਸ਼ੀ ਕਰਾਰ ਦਿੱਤਾ। ਇਸ ਹਮਲੇ ’ਚ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਸਮੇਤ 29 ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਬਚਾਅ ਪੱਖ ਦੇ ਵਕੀਲ ਅਰਵਿੰਦ ਚੌਧਰੀ ਨੇ ਦੱਸਿਆ ਕਿ ਵਿਸ਼ੇਸ਼ ਜੱਜ ਅਭੈ ਸਿੰਘ ਰਾਜਪੂਤ ਦੀ ਅਦਾਲਤ ਵੱਲੋਂ ਸਜ਼ਾ ’ਤੇ ਫੈਸਲਾ 16 ਸਤੰਬਰ ਨੂੰ ਸੁਣਾਇਆ ਜਾਏਗਾ। ਸੁਣਵਾਈ ਦੌਰਾਨ 101 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ।
ਚੌਧਰੀ ਨੇ ਕਿਹਾ ਕਿ ਅਸੀਂ ਇਸ ਫੈਸਲੇ ਵਿਰੁੱਧ ਹਾਈ ਕੋਰਟ ’ਚ ਅਪੀਲ ਕਰਾਂਗੇ। ਸਾਨੂੰ ਅਜੇ ਫੈਸਲੇ ਦੀ ਕਾਪੀ ਨਹੀਂ ਮਿਲੀ। ਉਸ ਤੋਂ ਬਾਅਦ ਹੀ ਅਸੀਂ ਅਪੀਲ ਦੇ ਆਧਾਰ ਬਾਰੇ ਦੱਸ ਸਕਾਂਗੇ। ਇਹ ਹਮਲਾ 25 ਮਈ, 2013 ਨੂੰ ਹੋਇਆ ਸੀ। ਉਸ ਦਿਨ ਨਕਸਲੀਆਂ ਨੇ ਬਸਤਰ ਜ਼ਿਲੇ ਦੇ ਦਰਭਾ ਥਾਣਾ ਅਧੀਨ ਝੀਰਮ ਘਾਟੀ ਖੇਤਰ ’ਚ ਇਕ ਰਾਸ਼ਟਰੀ ਰਾਜਮਾਰਗ ’ਤੇ ਕਾਂਗਰਸ ਪਾਰਟੀ ਦੀ ‘ਪਰਿਵਰਤਨ ਯਾਤਰਾ’ ’ਤੇ ਹਮਲਾ ਕਰ ਦਿੱਤਾ ਸੀ।
ਇਸ ਹਮਲੇ ’ਚ ਮਾਰੇ ਗਏ ਵਿਅਕਤੀਆਂ ’ਚ ਉਸ ਵੇਲੇ ਦੇ ਸੂਬਾਈ ਕਾਂਗਰਸ ਪ੍ਰਧਾਨ ਨੰਦ ਕੁਮਾਰ ਪਟੇਲ ਤੇ ਉਨ੍ਹਾਂ ਦੇ ਪੁੱਤਰ ਦਿਨੇਸ਼, ਵਿਰੋਧੀ ਧਿਰ ਦੇ ਸਾਬਕਾ ਨੇਤਾ ਮਹਿੰਦਰ ਕਰਮਾ, ਸਾਬਕਾ ਕੇਂਦਰੀ ਮੰਤਰੀ ਵਿਦਿਆਚਰਨ ਸ਼ੁਕਲਾ ਤੇ ਸਾਬਕਾ ਵਿਧਾਇਕ ਉਦੈ ਮੁਦਲਿਆਰ ਸ਼ਾਮਲ ਸਨ। ਰੈਲੀ 2013 ਦੇ ਅਖੀਰ ’ਚ ਹੋਣ ਵਾਲੀਆਂ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਯੋਜਿਤ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਸੂਬਾਈ ਪੁਲਸ ਨੇ ਕੇਸ ਦਰਜ ਕੀਤਾ ਸੀ ਪਰ ਰਮਨ ਸਿੰਘ ਦੀ ਅਗਵਾਈ ਵਾਲੀ ਸਾਬਕਾ ਭਾਜਪਾ ਸਰਕਾਰ ਨੇ ਹਮਲੇ ਤੋਂ 2 ਦਿਨਾਂ ਦੇ ਅੰਦਰ ਜਾਂਚ ਐੱਨ. ਆਈ. ਏ. ਨੂੰ ਸੌਂਪ ਦਿੱਤੀ ਸੀ।
ਸੁਭਾਸ਼ ਚੰਦਰਾ ਦੇ ਖ਼ਿਲਾਫ CBI ਨੇ ਕੱਸਿਆ ਸ਼ਿਕੰਜਾ ! ਇਸ ਮਾਮਲੇ ’ਚ ਐੱਫ. ਆਈ. ਆਰ. ਦਰਜ
NEXT STORY