ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਤੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੋਂ ਦੇ ਬੇਸਿਕ ਸਿੱਖਿਆ ਅਧਿਕਾਰੀ ਦਫ਼ਤਰ ਵਿੱਚ ਬੁੱਧਵਾਰ ਨੂੰ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਐਂਟੀ ਕਰੱਪਸ਼ਨ ਟੀਮ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਜੂਨੀਅਰ ਸਹਾਇਕ ਆਕਾਸ਼ ਯਾਦਵ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਦਬੋਚ ਲਿਆ।
ਜਾਣਕਾਰੀ ਮੁਤਾਬਕ, ਮੁਲਜ਼ਮ ਕਲਰਕ ਆਕਾਸ਼ ਯਾਦਵ ਇੱਕ ਸਥਾਨਕ ਅਧਿਆਪਕ ਕੋਲੋਂ ਉਸ ਦੇ ਸਕੂਲ ਦੀ ਮਾਨਤਾ ਸਬੰਧੀ ਫ਼ਾਈਲ ਨੂੰ ਅੱਗੇ ਵਧਾਉਣ ਲਈ ਲਗਾਤਾਰ ਪੈਸਿਆਂ ਦੀ ਮੰਗ ਕਰ ਰਿਹਾ ਸੀ। ਅਧਿਆਪਕ ਵੱਲੋਂ ਕਈ ਵਾਰ ਮਿੰਨਤਾਂ ਕਰਨ ਦੇ ਬਾਵਜੂਦ ਕਲਰਕ ਬਿਨਾਂ ਰਿਸ਼ਵਤ ਕੰਮ ਕਰਨ ਨੂੰ ਤਿਆਰ ਨਹੀਂ ਸੀ।
ਕਲਰਕ ਦੀ ਰੋਜ਼-ਰੋਜ਼ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਅਧਿਆਪਕ ਨੇ ਹਾਰ ਮੰਨਣ ਦੀ ਬਜਾਏ ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਚੁੱਕਣ ਦਾ ਫੈਸਲਾ ਕੀਤਾ। ਉਸ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਐਂਟੀ ਕੁਰੱਪਸ਼ਨ ਸੰਗਠਨ ਨੂੰ ਦੇ ਦਿੱਤੀ। ਟੀਮ ਨੇ ਗੁਪਤ ਤਰੀਕੇ ਨਾਲ ਸ਼ਿਕਾਇਤ ਦੀ ਮੁਢਲੀ ਜਾਂਚ ਕੀਤੀ, ਜਿਸ 'ਚ ਅਧਿਆਪਕ ਦੇ ਦੋਸ਼ ਬਿਲਕੁਲ ਸਹੀ ਪਾਏ ਗਏ।
ਯੋਜਨਾ ਮੁਤਾਬਕ, ਬੁੱਧਵਾਰ ਨੂੰ ਸ਼ਿਕਾਇਤਕਰਤਾ ਅਧਿਆਪਕ ਨੂੰ ਕੈਮੀਕਲ ਲੱਗੇ 10 ਹਜ਼ਾਰ ਰੁਪਏ ਦੇ ਕੇ ਬੀ.ਐੱਸ.ਏ. ਦਫ਼ਤਰ ਭੇਜਿਆ ਗਿਆ। ਐਂਟੀ ਕੁਰੱਪਸ਼ਨ ਟੀਮ ਦੇ ਮੈਂਬਰ ਵੀ ਸਿਵਲ ਕੱਪੜਿਆਂ 'ਚ ਦਫ਼ਤਰ ਦੇ ਆਲੇ-ਦੁਆਲੇ ਤਾਇਨਾਤ ਹੋ ਗਏ। ਜਿਵੇਂ ਹੀ ਆਕਾਸ਼ ਯਾਦਵ ਨੇ ਅਧਿਆਪਕ ਕੋਲੋਂ ਨਕਦੀ ਫੜੀ, ਟੀਮ ਨੇ ਉਸ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ। ਗ੍ਰਿਫ਼ਤਾਰੀ ਤੋਂ ਬਾਅਦ ਜਦੋਂ ਅਧਿਕਾਰੀ ਦੇ ਹੱਥ ਧੁਆਏ ਗਏ, ਤਾਂ ਨੋਟਾਂ 'ਤੇ ਲੱਗੇ ਕੈਮੀਕਲ ਕਾਰਨ ਉਸ ਦੇ ਹੱਥਾਂ ਦਾ ਰੰਗ ਲਾਲ ਹੋ ਗਿਆ, ਜੋ ਕਿ ਰਿਸ਼ਵਤਖੋਰੀ ਦਾ ਸਭ ਤੋਂ ਵੱਡਾ ਸਬੂਤ ਬਣਿਆ।
ਐਂਟੀ ਕੁਰੱਪਸ਼ਨ ਟੀਮ ਮੁਲਜ਼ਮ ਨੂੰ ਕਿਸੇ ਅਣਪਛਾਤੀ ਥਾਂ 'ਤੇ ਲੈ ਗਈ ਹੈ, ਜਿੱਥੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਟੀਮ ਹੁਣ ਇਸ ਗੱਲ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਕੀ ਇਸ ਰਿਸ਼ਵਤਕਾਂਡ ਵਿੱਚ ਬੀ.ਐੱਸ.ਏ. ਦਫ਼ਤਰ ਦੇ ਕਿਸੇ ਹੋਰ ਵੱਡੇ ਅਧਿਕਾਰੀ ਜਾਂ ਕਰਮਚਾਰੀ ਦੀ ਮਿਲੀਭੁਗਤ ਵੀ ਸ਼ਾਮਲ ਸੀ।
ਵੱਡਾ ਐਲਾਨ ਕਰਨ ਦੀ ਤਿਆਰੀ 'ਚ ਕਾਂਗਰਸ ਹਾਈਕਮਾਨ ! ਸਾਰੇ ਸੂਬਿਆਂ ਦੇ ਪ੍ਰਧਾਨਾਂ ਤੇ ਸਕੱਤਰਾਂ ਦੀ ਸੱਦੀ ਮੀਟਿੰਗ
NEXT STORY