ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮੋਰਦੁਮਿੱਲੀ ਖੇਤਰ ਵਿੱਚ ਬੁੱਧਵਾਰ ਤੜਕੇ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਤਿੰਨ ਮਹਿਲਾ ਨਕਸਲੀਆਂ ਸਮੇਤ 7 ਨਕਸਲੀ ਢੇਰ ਕਰ ਦਿੱਤੇ ਗਏ ਹਨ। ਇਹ ਕਾਰਵਾਈ ਮੰਗਲਵਾਰ ਤੋਂ ਚੱਲ ਰਹੇ ਇੱਕ ਸਾਂਝੇ ਆਪ੍ਰੇਸ਼ਨ ਦਾ ਹਿੱਸਾ ਸੀ।
ਮੁੱਢਲੀ ਜਾਣਕਾਰੀ ਮੁਤਾਬਕ ਸੰਗਠਨ ਦੇ ਇੱਕ ਚੋਟੀ ਦੇ ਮੈਂਬਰ, ਮੇਟੂਰੂ ਜੋਗਾ ਰਾਓ ਉਰਫ਼ ਟੇਕ ਸ਼ੰਕਰ ਸਮੇਤ 7 ਨਕਸਲੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਪੁਲਸ ਨੇ ਕਿਹਾ ਕਿ ਮਾਰੇ ਗਏ ਸਾਰੇ ਨਕਸਲੀਆਂ 'ਚ 3 ਮਹਿਲਾ ਨਕਸਲੀ ਵੀ ਸ਼ਾਮਲ ਹਨ। ਬਸਤਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਪੀ. ਸੁੰਦਰਰਾਜ ਨੇ ਦੱਸਿਆ ਕਿ ਅਸੀਂ ਆਂਧਰਾ ਪ੍ਰਦੇਸ਼ ਪੁਲਸ ਨਾਲ ਸੰਪਰਕ ਵਿੱਚ ਹਾਂ ਅਤੇ ਜਲਦੀ ਹੀ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਪੁਲਸ ਸੂਤਰਾਂ ਨੇ ਦੱਸਿਆ ਕਿ ਇਹ ਮੁਕਾਬਲਾ ਅੱਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਦੇ ਮੋਰਦੁਮਿੱਲੀ ਥਾਣਾ ਖੇਤਰ ਦੇ ਅਧੀਨ ਜੀ.ਐੱਮ. ਵਾਲਾਸਾ ਪਿੰਡ ਦੇ ਜੰਗਲਾਂ ਵਿੱਚ ਹੋਇਆ। ਸੁਰੱਖਿਆ ਬਲਾਂ ਨੇ ਮੌਕੇ ਤੋਂ 4 ਪੁਰਸ਼ ਅਤੇ 3 ਮਹਿਲਾ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਮਾਰੇ ਗਏ ਨਕਸਲੀਆਂ ਵਿੱਚ ਡੀ.ਵੀ.ਸੀ.ਐੱਮ. ਸੀਤਾ ਉਰਫ਼ ਜੋਤੀ ਅਤੇ ਸੰਗਠਨ ਦੇ 5 ਹੋਰ ਏ.ਸੀ.ਐੱਮ. ਸ਼ਾਮਲ ਸਨ। ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕਿਸੇ ਵੀ ਜ਼ਖਮੀ ਨਕਸਲੀ ਜਾਂ ਸਕੁਐਡ ਮੈਂਬਰ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਕਾਰ ਹੋਏ ਮੁਕਾਬਲੇ ਵਿੱਚ ਬਦਨਾਮ ਨਕਸਲੀ ਕਮਾਂਡਰ ਅਤੇ ਕੇਂਦਰੀ ਕਮੇਟੀ ਮੈਂਬਰ ਮਾਧਵੀ ਹਿਡਮਾ ਮਾਰਿਆ ਗਿਆ ਸੀ ਤੇ ਉਸ ਦੀ ਪਤਨੀ ਮਧਕਮ ਰਾਜੇ ਵੀ ਮਾਰੀ ਗਈ ਸੀ। ਹਿਡਮਾ 24 ਤੋਂ ਵੱਧ ਵੱਡੇ ਨਕਸਲੀ ਹਮਲਿਆਂ ਦਾ ਮਾਸਟਰਮਾਈਂਡ ਰਿਹਾ ਸੀ। ਉਸ ਨੂੰ 2013 ਦੇ ਦਰਭਾ ਘਾਟੀ ਕਤਲੇਆਮ ਅਤੇ 2017 ਦੇ ਸੁਕਮਾ ਹਮਲੇ ਲਈ ਜ਼ਿੰਮੇਵਾਰ ਦੱਸਿਆ ਜਾਂਦਾ ਸੀ।
ਵੱਡੀ ਖ਼ਬਰ : ਸਮਰਾਟ ਚੌਧਰੀ ਅਤੇ ਵਿਜੇ ਸਿਨਹਾ ਹੋਣਗੇ ਬਿਹਾਰ ਦੇ Deputy CM
NEXT STORY