ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਨਸ਼ੀਲੀਆਂ ਵਸਤਾਂ ਦੀ ਸਮੱਗਲਿੰਗ ’ਤੇ ਸ਼ਿਕੰਜਾ ਕੱਸਣ ਲਈ ਚਲਾਈ ਜਾ ਰਹੀ ਮੁਹਿੰਮ ਅਧੀਨ ਦੇਸ਼ ਵਿਚ 100 ਚੋਟੀ ਦੇ ਡਰੱਗ ਮਾਫੀਆ ਆਗੂਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੰਸਦ ਦੇ ਮਾਨਸੂਨ ਸਮਾਗਮ ਦੌਰਾਨ ਐੱਨ. ਗਣੇਸ਼ ਮੂਰਤੀ ਅਤੇ ਹੋਰਨਾਂ ਦੇ ਸਵਾਲ ਦੇ ਲਿਖਤੀ ਜਵਾਬ ਵਿਚ ਰਸਾਇਣ ਅਤੇ ਖਾਦ ਮੰਤਰੀ ਮਨਸੁਖ ਨੇ ਦੱਸਿਆ ਸੀ ਕਿ ਨਸ਼ੀਲੀਆਂ ਵਸਤਾਂ ਰੋਕੂ ਬਿਊਰੋ (ਐੱਨ. ਸੀ. ਬੀ.) ਮੁਤਾਬਕ ਗ੍ਰਹਿ ਮੰਤਰਾਲਾ ਨੇ ਚੋਟੀ ਦੇ 100 ਡਰੱਗ ਸਮੱਗਲਰਾਂ ਅਤੇ ਆਗੂਆਂ ਦੀ ਪਛਾਣ ਕੀਤੀ ਹੈ। ਉਨ੍ਹਾਂ ਵਿਰੁੱਧ ਪੀ. ਆਈ. ਟੀ. ਐੱਨ. ਡੀ. ਪੀ. ਐੱਸ. ਐਕਟ 1988 ਅਧੀਨ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਐੱਨ. ਸੀ. ਬੀ. ਨੇ ਦਸੰਬਰ 2019 ਤੋਂ ਪਛਾਣ ਪ੍ਰਕਿਰਿਆ ਸ਼ੁਰੂ ਕਰਨ ਪਿੱਛੋਂ ਵੱਖ-ਵੱਖ ਨਸ਼ੀਲੀਆਂ ਵਸਤਾਂ ਦੇ ਗੈਰ-ਕਾਨੂੰਨੀ ਵਪਾਰ ਸਬੰਧੀ 25 ਪ੍ਰਸਤਾਵਾਂ ’ਤੇ ਕੰਮ ਸ਼ੁਰੂ ਕੀਤਾ। ਇਨ੍ਹਾਂ ਵਿਚੋਂ 21 ਪ੍ਰਸਤਾਵਾਂ ’ਤੇ ਮਾਲੀਆ ਵਿਭਾਗ ਨੇ ਨਿਵਾਰਕ ਹੁਕਮ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ : ਮਹਾਪੰਚਾਇਤ: ਰਾਜੇਵਾਲ ਦੀ ਮੋਦੀ ਸਰਕਾਰ ਨੂੰ ਲਲਕਾਰ-‘ਉਦੋਂ ਤੱਕ ਡਟੇ ਰਹਾਂਗੇ, ਜਦੋਂ ਤੱਕ ਕਾਨੂੰਨ ਵਾਪਸ ਨਹੀਂ ਹੋਣਗੇ’
ਉਨ੍ਹਾਂ ਦੱਸਿਆ ਕਿ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਨੇ ਦੇਸ਼ ਵਿਚ ਨਸ਼ੀਲੀਆਂ ਵਸਤਾਂ ਦੇ ਸਵਰੂਪ ਸਬੰਧੀ ਨਵੀਂ ਦਿੱਲੀ ਸਥਿਤ ਏਮਜ਼ ਰਾਹੀਂ ਇਕ ਕੌਮੀ ਸਰਵੇਖਣ ਕਰਵਾਇਆ ਸੀ। ਉਸ ਵਿਚ ਵੇਖਿਆ ਗਿਆ ਸੀ ਕਿ ਦੇਸ਼ ਵਿਚ 16 ਕਰੋੜ ਲੋਕ ਸ਼ਰਾਬ ਦੀ ਵਰਤੋਂ ਕਰਦੇ ਹਨ। ਸਭ ਤੋਂ ਵੱਧ ਵਰਤੋਂ ਪੰਜਾਬ, ਛੱਤੀਸਗੜ੍ਹ, ਤ੍ਰਿਪੁਰਾ, ਗੋਆ ਅਤੇ ਉੱਤਰ ਪ੍ਰਦੇਸ਼ ’ਚ ਹੁੰਦੀ ਹੈ। ਦੇਸ਼ ਵਿਚ 3.1 ਕਰੋੜ ਲੋਕ ਭੰਗ, ਗਾਂਜਾ ਅਤੇ ਚਰਸ ਦੀ ਵਰਤੋਂ ਕਰਦੇ ਹਨ। ਇਨ੍ਹਾਂ ਦੀ ਵਧੇਰੇ ਵਰਤੋਂ ਸਿੱਕਮ, ਨਾਗਾਲੈਂਡ, ਓਡਿਸ਼ਾ, ਅਰੁਣਾਚਲ ਪ੍ਰਦੇਸ਼, ਦਿੱਲੀ, ਮਿਜ਼ੋਰਮ ਅਤੇ ਹਿਮਾਚਲ ਪ੍ਰਦੇਸ਼ ’ਚ ਹੁੰਦੀ ਹੈ। ਸੁੰਘ ਕੇ ਜਾਂ ਕਸ਼ ਰਾਹੀਂ ਲਈ ਜਾਣ ਵਾਲੀ ਨਸ਼ੀਲੀ ਵਸਤੂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 1.18 ਕਰੋੜ ਸੀ। ਉਤੇਜਨਾ ਪੈਦਾ ਕਰਨ ਵਾਲੀਆਂ ਨਸ਼ੀਲੀਆਂ ਵਸਤਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ 2.26 ਕਰੋੜ ਦੱਸੀ ਗਈ ਹੈ। ਕੋਕੀਨ ਦੀ ਸਭ ਤੋਂ ਵੱਧ ਵਰਤੋਂ ਪੰਜਾਬ, ਮਹਾਰਾਸ਼ਟਰ, ਰਾਜਸਥਾਨ ਅਤੇ ਕਰਨਾਟਕ ’ਚ ਹੁੰਦੀ ਹੈ। ਸਰਕਾਰ ਨੇ ਦੱਸਿਆ ਕਿ 15 ਅਗਸਤ 2020 ’ਚ 272 ਜ਼ਿਲ੍ਹਿਆਂ ’ਚ ਨਸ਼ਾ ਮੁਕਤ ਭਾਰਤ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਅਧੀਨ ਖ਼ਾਸ ਤੌਰ ’ਤੇ ਨੌਜਵਾਨਾਂ, ਸਿੱਖਿਆ ਸੰਸਥਾਵਾਂ ’ਤੇ ਧਿਆਨ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਿਸਾਨ ਮਹਾਪੰਚਾਇਤ ’ਚ ਲੱਗੇ ਮੋਦੀ-ਯੋਗੀ ਸਰਕਾਰ ਮੁਰਦਾਬਾਦ ਦੇ ਨਾਅਰੇ, ਮੰਚ ’ਤੇ ਪਹੁੰਚੇ ਰਾਕੇਸ਼ ਟਿਕੈਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਇਕ ਹਫ਼ਤੇ ’ਚ ਸ਼ੁਰੂ ਹੋ ਜਾਵੇਗਾ ਰਾਮ ਮੰਦਿਰ ਦਾ ਅਸਲ ਨਿਰਮਾਣ ਕਾਰਜ
NEXT STORY