ਬੈਂਗਲੁਰੂ, (ਏ. ਐੱਨ. ਆਈ.)- ਕਰਨਾਟਕ ’ਚ ਇਕ ਵਾਰ ਫਿਰ ਟੀਪੂ ਸੁਲਤਾਨ ਨੂੰ ਲੈ ਕੇ ਸਿਆਸਤ ਗਰਮਾ ਗਈ ਹੈ। ਕਰਨਾਟਕ ’ਚ ਕਾਂਗਰਸ ਸਰਕਾਰ ’ਚ ਸ਼ਾਮਲ ਵਿਧਾਇਕ ਚਾਹੁੰਦੇ ਹਨ ਕਿ ਮੈਸੂਰ ਹਵਾਈ ਅੱਡੇ ਦਾ ਨਾਂ ਬਦਲ ਕੇ ਟੀਪੂ ਸੁਲਤਾਨ ਦੇ ਨਾਂ ’ਤੇ ਰੱਖਿਆ ਜਾਵੇ। ਇਸ ’ਤੇ ਭਾਜਪਾ ਨੇ ਵਿਰੋਧ ਦਰਜ ਕਰਵਾਇਆ ਹੈ। ਹੁਬਲੀ-ਧਾਰਵਾੜ ਪੂਰਬੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪ੍ਰਸਾਦ ਅਬੈਯਾ ਨੇ ਸਦਨ ਵਿਚ ਰਾਜ ਦੇ 4 ਹਵਾਈ ਅੱਡਿਆਂ ਦੇ ਨਾਲ ਮੈਸੂਰ ਹਵਾਈ ਅੱਡੇ ਦਾ ਨਾਂ ਬਦਲਣ ਲਈ ਸਦਨ ਵਿਚ ਮਤਾ ਪੇਸ਼ ਕੀਤਾ।
ਵਿਧਾਇਕ ਪ੍ਰਸਾਦ ਅਬੈਯਾ ਨੇ ਮੰਗ ਕੀਤੀ ਕਿ ਮੈਸੂਰ ਹਵਾਈ ਅੱਡੇ ਦਾ ਨਾਂ ਟੀਪੂ ਦੇ ਨਾਂ ’ਤੇ ਰੱਖਿਆ ਜਾਵੇ। ਸਦਨ ਨੇ ਬੇਲਗਾਮ ਹਵਾਈ ਅੱਡੇ ਲਈ ਕਿੱਤੂਰ ਰਾਣੀ ਚੇਨੰਮਾ, ਸ਼ਿਮੋਗਾ ਹਵਾਈ ਅੱਡੇ ਲਈ ਰਾਸ਼ਟਰ ਕਵੀ ਕੁਵੇਮਪੂ ਅਤੇ ਵਿਜੇਪੁਰਾ ਲਈ ਜਗਜਯੋਤੀ ਬਸਵੇਸ਼ਵਰ ਦਾ ਨਾਂ ਰੱਖਣ ਦਾ ਮਤਾ ਪਾਸ ਕੀਤਾ।
ਇਸ ਦੌਰਾਨ ਵਿਰੋਧੀ ਭਾਜਪਾ ਵਿਧਾਇਕਾਂ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਭਾਜਪਾ ਦੇ ਵਿਰੋਧ ਤੋਂ ਬਾਅਦ ਕਈ ਕਾਂਗਰਸੀ ਵਿਧਾਇਕਾਂ ਨੇ ਵੀ ਮੈਸੂਰ ਹਵਾਈ ਅੱਡੇ ਦਾ ਨਾਂ ਟੀਪੂ ਸੁਲਤਾਨ ਦੇ ਨਾਂ ’ਤੇ ਰੱਖਣ ਦੀ ਮੰਗ ਤੇਜ਼ ਕਰ ਦਿੱਤੀ ਹੈ। ਦੇਖਣਾ ਇਹ ਹੋਵੇਗਾ ਕਿ ਕਰਨਾਟਕ ਸਰਕਾਰ ਇਸ ਸਬੰਧੀ ਕੀ ਕਾਰਵਾਈ ਕਰਨ ਜਾ ਰਹੀ ਹੈ। ਕਾਂਗਰਸ ਵਿਧਾਇਕ ਡਾਕਟਰ ਰੰਗਨਾਥ ਨੇ ਮੈਸੂਰ ਹਵਾਈ ਅੱਡੇ ਦਾ ਨਾਂ ਟੀਪੂ ਦੇ ਨਾਂ ’ਤੇ ਰੱਖਣ ਦੇ ਪੱਖ ’ਚ ਕਿਹਾ ਕਿ ਅਸੀਂ ਬਚਪਣ ਤੋਂ ਟੀਪੂ ਬਾਰੇ ਪੜ੍ਹਦੇ ਆਏ ਹਾਂ। ਉਨ੍ਹਾਂ ਕਿਹਾ ਕਿ ਟੀਪੂ ਸੁਲਤਾਨ ਨੇ ਮੈਸੂਰ ਖੇਤਰ ਨੂੰ ਬਚਾਉਣ ਲਈ ਜੋ ਸੰਘਰਸ਼ ਕੀਤਾ, ਉਸ ਬਾਰੇ ਹਰ ਕੋਈ ਜਾਣਦਾ ਹੈ।
ਪੂਰੇ ਭਾਰਤ ’ਚ ਮਹਾਦੇਵ ਐਪ ਘਪਲੇ ਦੀ ਗੂੰਜ, ਨੇਹਾ ਕੱਕੜ ਤੇ ਰਣਬੀਰ ਸਣੇ ਕਈ ਫ਼ਿਲਮੀ ਸਿਤਾਰੇ ਈ. ਡੀ. ਦੀ ਰਡਾਰ ’ਤੇ
NEXT STORY