ਅਹਿਮਦਾਬਾਦ- ਏਅਰ ਇੰਡੀਆ ਜਹਾਜ਼ ਹਾਦਸੇ ਵਿਚ ਚਮਤਕਾਰੀ ਢੰਗ ਨਾਲ ਬਚ ਗਏ ਰਮੇਸ਼ ਕੁਮਾਰ ਵਿਸ਼ਵਾਸ ਨੂੰ ਅਹਿਮਦਾਬਾਦ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਉਨ੍ਹਾਂ ਨੇ ਬਾਅਦ ਵਿਚ ਆਪਣੇ ਭਰਾ ਦੇ ਅੰਤਿਮ ਸੰਸਕਾਰ 'ਚ ਹਿੱਸਾ ਲਿਆ, ਜੋ ਉਸੇ ਜਹਾਜ਼ ਵਿਚ ਉਨ੍ਹਾਂ ਨਾਲ ਯਾਤਰਾ ਕਰ ਰਿਹਾ ਸੀ। ਵਿਸ਼ਵਾਸ ਭਰਾ ਦੇ ਅੰਤਿਮ ਸੰਸਕਾਰ ਮੌਕੇ ਫੁਟ-ਫੁਟ ਕੇ ਰੋਇਆ ਪਰ ਫਿਰ ਵੀ ਆਪਣੇ ਭਰਾ ਦੀ ਅਰਥੀ ਨੂੰ ਮੋਢਾ ਦਿੱਤਾ। ਅਧਿਕਾਰੀਆਂ ਨੇ ਬੁੱਧਵਾਰ ਨੂੰ ਦੱਸਿਆ ਕਿ ਬ੍ਰਿਟੇਨ ਦੇ ਲੀਸੇਸਟਰ ਦੇ 40 ਸਾਲਾ ਕਾਰੋਬਾਰੀ ਵਿਸ਼ਵਾਸ ਨੂੰ ਮੰਗਲਵਾਰ ਸ਼ਾਮ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਅਹਿਮਦਾਬਾਦ ਸਿਵਲ ਹਸਪਤਾਲ ਦੇ ਡਾ. ਰਾਕੇਸ਼ ਜੋਸ਼ੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਡੀ. ਐੱਨ. ਏ. ਜਾਂਚ ਵਿਚ ਵਿਸ਼ਵਾਸ ਦੇ ਭਰਾ ਅਜੇ ਦੀ ਪਛਾਣ ਹੋਣ ਮਗਰੋਂ ਉਸ ਦੀ ਲਾਸ਼ ਬੁੱਧਵਾਰ ਤੜਕੇ ਪਰਿਵਾਰ ਨੂੰ ਸੌਂਪ ਦਿੱਤੀ ਗਈ।

ਦੀਵ ਦੇ ਰਹਿਣ ਵਾਲੇ ਵਿਸ਼ਵਾਸ ਅਤੇ ਅਜੇ ਭਾਰਤ ਵਿਚ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਕੁਝ ਸਮਾਂ ਬਿਤਾਉਣ ਮਗਰੋਂ ਲੰਡਨ ਪਰਤ ਰਹੇ ਸਨ। ਸੋਸ਼ਲ ਮੀਡੀਆ 'ਤੇ ਆਈ ਇਕ ਵੀਡੀਓ ਵਿਚ ਵਿਸ਼ਵਾਸ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾਦਰ ਅਤੇ ਨਗਰ ਹਵੇਲੀ ਤੇ ਦਮਨ ਤੇ ਦੀਵ ਦੇ ਇਕ ਜ਼ਿਲ੍ਹੇ ਦੀਵ ਵਿਚ ਸ਼ਮਸ਼ਾਨਘਾਟ ਵਿਚ ਆਪਣੇ ਭਰਾ ਦੀ ਅਰਥੀ ਨੂੰ ਮੋਢਾ ਦਿੰਦੇ ਹੋਏ ਵੇਖਿਆ ਜਾ ਸਕਦਾ ਹੈ।
ਸਥਾਨਕ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਅਜੇ ਦੇ ਪਰਿਵਾਰ ਦੇ ਮੈਂਬਰਾਂ ਨੇ ਬੁੱਧਵਾਰ ਸਵੇਰੇ ਦੀਵ ਵਿਚ ਉਸ ਦਾ ਅੰਤਿਮ ਸੰਸਕਾਰ ਕੀਤਾ ਅਤੇ ਵਿਸ਼ਵਾਸ ਵੀ ਉੱਥੇ ਮੌਜੂਦ ਸੀ। ਹਾਦਸੇ ਦੇ ਇਕ ਦਿਨ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿਵਲ ਹਸਪਤਾਲ ਵਿਚ ਵਿਸ਼ਵਾਸ ਨੂੰ ਮਿਲੇ ਅਤੇ ਉਸਦੀ ਸਿਹਤ ਬਾਰੇ ਪੁੱਛਿਆ। ਇਸ ਤੋਂ ਪਹਿਲਾਂ ਦੂਰਦਰਸ਼ਨ ਨੂੰ ਦਿੱਤੇ ਇਕ ਇੰਟਰਵਿਊ ਵਿਚ ਵਿਸ਼ਵਾਸ ਨੇ ਕਿਹਾ ਸੀ ਕਿ ਜਹਾਜ਼ ਨੇ ਲੰਡਨ ਦੇ ਗੈਟਵਿਕ ਹਵਾਈ ਅੱਡੇ ਤੱਕ ਨੌਂ ਘੰਟੇ ਦਾ ਸਫ਼ਰ ਤੈਅ ਕੀਤਾ ਸੀ ਪਰ ਇਹ ਅਹਿਮਦਾਬਾਦ ਤੋਂ ਉਡਾਣ ਭਰਨ ਦੇ ਕੁਝ ਸਕਿੰਟਾਂ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਿਆ।
2 ਸਾਲ ਮੁਰੰਮਤ ਕਰਦੀ ਰਹੀ ਸਰਕਾਰ, 2 ਟਰੱਕ ਨਾ ਸਹਾਰ ਸਕਿਆ ਪੁਲ
NEXT STORY