ਨਵੀਂ ਦਿੱਲੀ: ਸਰਕਾਰ ਨੇ ਨਵੇਂ ਏਅਰ ਚੀਫ਼ ਦੀ ਨਿਯੁਕਤੀ ਦਾ ਐਲਾਨ ਕਰ ਦਿੱਤਾ ਹੈ। ਏਅਰ ਚੀਫ ਮਾਰਸ਼ਲ ਅਮਰ ਪ੍ਰੀਤ ਸਿੰਘ 30 ਸਤੰਬਰ ਨੂੰ ਦੇਸ਼ ਦੇ ਨਵੇਂ ਏਅਰ ਚੀਫ ਵਜੋਂ ਅਹੁਦਾ ਸੰਭਾਲਣਗੇ। ਜ਼ਿਕਰਯੋਗ ਹੈ ਕਿ ਮੌਜੂਦਾ ਏਅਰ ਚੀਫ ਵੀ. ਆਰ. ਚੌਧਰੀ 30 ਸਤੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਏਅਰ ਮਾਰਸ਼ਲ ਅਮਰ ਪ੍ਰੀਤ ਸਿੰਘ ਨੇ 1984 ਵਿੱਚ ਹਵਾਈ ਫੌਜ ਵਿੱਚ ਕਮਿਸ਼ਨ ਪ੍ਰਾਪਤ ਕੀਤਾ ਸੀ। ਉਹ ਕਈ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ। ਵਾਇਸ ਏਅਰ ਚੀਫ ਹੋਣ ਤੋਂ ਇਲਾਵਾ ਉਹ ਸੈਂਟਰਲ ਏਅਰ ਕਮਾਂਡ ਦੇ ਆਫਿਸਰ ਕਮਾਂਡਿੰਗ ਇਨ ਚੀਫ ਵੀ ਰਹਿ ਚੁੱਕੇ ਹਨ।
ਸਰਕਾਰ ਨੇ ਨਵੇਂ ਏਅਰ ਚੀਫ਼ ਦੀ ਨਿਯੁਕਤੀ ਵਿੱਚ ਸੀਨੀਆਰਤਾ ਨੂੰ ਧਿਆਨ ਵਿੱਚ ਰੱਖਿਆ ਹੈ। ਏਅਰ ਮਾਰਸ਼ਲ ਸਿੰਘ ਫਾਈਟਰ ਪਾਇਲਟ ਹਨ। ਪਿਛਲੇ ਸਾਲ ਫਰਵਰੀ 'ਚ ਵਾਈਸ ਏਅਰ ਚੀਫ ਬਣਨ ਤੋਂ ਪਹਿਲਾਂ ਸਿੰਘ ਨੇ ਕਈ ਅਹਿਮ ਜ਼ਿੰਮੇਵਾਰੀਆਂ ਸੰਭਾਲੀਆਂ ਸਨ।
ਏਅਰ ਮਾਰਸ਼ਲ ਸਿੰਘ ਕੋਲ ਕਈ ਤਰ੍ਹਾਂ ਦੇ ਲੜਾਕੂ ਜਹਾਜ਼ ਅਤੇ ਹੈਲੀਕਾਪਟਰ ਉਡਾਉਣ ਦਾ ਤਜਰਬਾ ਹੈ। ਆਪਣੇ ਕਰੀਅਰ ਦੌਰਾਨ, ਉਹ ਆਪ੍ਰੇਸ਼ਨਲ ਫਾਈਟਰ ਸਕੁਐਡਰਨ ਅਤੇ ਫਰੰਟਲਾਈਨ ਏਅਰ ਬੇਸ ਦੀ ਕਮਾਂਡ ਸੰਭਾਲ ਚੁੱਕੇ ਹਨ। ਇੱਕ ਟੈਸਟ ਪਾਇਲਟ ਵਜੋਂ, ਉਨ੍ਹਾਂ ਨੇ ਮਾਸਕੋ ਗਈ ਮਿਗ-29 ਫਾਈਟਰ ਅੱਪਗ੍ਰੇਡ ਪ੍ਰੋਜੈਕਟ ਪ੍ਰਬੰਧਨ ਟੀਮ ਦੀ ਅਗਵਾਈ ਕੀਤੀ। ਇਸ ਤੋਂ ਇਲਾਵਾ ਉਹ ਸਵਦੇਸ਼ੀ ਲੜਾਕੂ ਜਹਾਜ਼ ਤੇਜਸ ਦੇ ਪ੍ਰੋਜੈਕਟ ਡਾਇਰੈਕਟਰ (ਫਲਾਈਟ ਟੈਸਟ) ਰਹਿ ਚੁੱਕੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਦੇ ਸਮੇਂ 'ਚ ਅਰੁਣਾਚਲ ਤੋਂ ਲੈ ਕੇ ਲੱਦਾਖ ਤੱਕ ਭਾਰਤ ਅਤੇ ਚੀਨ ਵਿਚਾਲੇ ਕਾਫੀ ਤਣਾਅ ਚੱਲ ਰਿਹਾ ਹੈ। ਅਰੁਣਾਚਲ ਦੇ ਨੇੜੇ ਭਾਰਤੀ ਲੜਾਕੂ ਜਹਾਜ਼ ਤਾਇਨਾਤ ਕੀਤੇ ਗਏ ਹਨ। ਸਿੰਘ ਅਜਿਹੇ ਸਮੇਂ 'ਚ ਕਮਾਂਡ ਸੰਭਾਲ ਰਹੇ ਹਨ ਜਦੋਂ ਭਾਰਤੀ ਹਵਾਈ ਸੈਨਾ ਤੇਜ਼ੀ ਨਾਲ ਆਧੁਨਿਕੀਕਰਨ ਦੇ ਦੌਰ 'ਚੋਂ ਲੰਘ ਰਹੀ ਹੈ।
ਸਕੂਟੀ ਨੂੰ ਮਾਰੀ ਅਜਿਹੀ ਟੱਕਰ; ਹਵਾ 'ਚ ਉੱਡੀ ਕੁੜੀ, ਪਿੱਲਰ 'ਚ ਜਾ ਫਸੀ
NEXT STORY