ਕੋਇੰਬਟੂਰ/ਨਵੀਂ ਦਿੱਲੀ- ਭਾਰਤੀ ਹਵਾਈ ਸੈਨਾ ਨੇ ਚੀਫ਼ ਆਫ਼ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਹਾਦਸੇ ਦੀ ਜਾਂਚ ਲਈ ਤਿੰਨਾਂ ਫੌਜਾਂ ਦੀ ਸਾਂਝੀ ਜਾਂਚ ਦੇ ਹੁਕਮ ਦਿੱਤੇ ਹਨ, ਜਿਸ ਦੀ ਪ੍ਰਧਾਨਗੀ ਏਅਰ ਮਾਰਸ਼ਲ ਮਾਨਵੇਂਦਰ ਸਿੰਘ ਕਰਨਗੇ, ਜੋ ਕਿ ਏਅਰ ਫੋਰਸ ਦੀ ਟ੍ਰੇਨਿੰਗ ਕਮਾਂਡ ਦੇ ਏਅਰ ਅਫਸਰ ਕਮਾਂਡਿੰਗ-ਇਨ-ਚੀਫ ਹਨ। ਤਾਮਿਲਨਾਡੂ ਦੇ ਕੁਨੂੰਰ ’ਚ ਹੋਏ ਹੈਲੀਕਾਪਟਰ ਹਾਦਸੇ ’ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ’ਚ ਆਪਣੇ ਬਿਆਨ ’ਚ ਇਹ ਜਾਣਕਾਰੀ ਦਿੱਤੀ। ਇਸ ਬਿਆਨ ਤੋਂ ਬਾਅਦ ਲੋਕ ਸਭਾ ਸਪੀਕਰ ਬਿਰਲਾ ਨੇ ਆਪਣੀ ਅਤੇ ਸਦਨ ਦੀ ਤਰਫੋਂ ਜਨਰਲ ਰਾਵਤ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਇਸ ਹਾਦਸੇ ਵਿਚ ਮਾਰੇ ਗਏ ਹੋਰ ਵਿਅਕਤੀਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਸਦਨ ਨੇ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ 2 ਮਿੰਟ ਦਾ ਮੌਨ ਰੱਖਿਆ।
ਕਰੈਸ਼ ਹੋਏ ਹੈਲੀਕਾਪਟਰ ਦਾ ਬਲੈਕ ਬਾਕਸ ਮਿਲਿਆ, ਤਾਮਿਲਨਾਡੂ ’ਚ ਮਾਮਲਾ ਦਰਜ
ਤਾਮਿਲਨਾਡੂ ਦੇ ਕੁਨੂੰਰ ’ਚ ਹਾਦਸਾਗ੍ਰਸਤ ਹੋਏ ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਦਾ ਬਲੈਕ ਬਾਕਸ ਵੀਰਵਾਰ ਸਵੇਰੇ ਸੰਘਣੇ ਜੰਗਲਾਤ ਖੇਤਰ ’ਚੋਂ ਮਿਲਿਆ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਫਸਰਾਂ ਨੇ ਬਲੈਕ ਬਾਕਸ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਅਤੇ ਫਿਰ ਇਸ ਨੂੰ ਵੇਲਿੰਗਟਨ ਦੇ ਡਿਫੈਂਸ ਸਰਵਿਸ ਸਟਾਫ ਕਾਲਜ ਲਿਜਾਇਆ ਗਿਆ ਅਤੇ ਉਥੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਤਾਮਿਲਨਾਡੂ ਫੋਰੈਂਸਿਕ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਵੀਰਵਾਰ ਸਵੇਰੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕੀਤਾ ਅਤੇ ਮੌਕੇ ਤੋਂ ਲਾਸ਼ਾਂ ਨੂੰ ਇਕੱਠਾ ਕੀਤਾ। ਭਾਰਤੀ ਹਵਾਈ ਸੈਨਾ ਨੇ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ।
ਇਸ ਦੌਰਾਨ ਜਨਰਲ ਬਿਪਿਨ ਰਾਵਤ ਅਤੇ 12 ਹੋਰਾਂ ਦੀ ਮੋਕਸ਼ ਦੀ ਪ੍ਰਾਰਥਨਾ ਦੇ ਨਾਲ ਕਾਂਚੀਪੁਰਮ ਦੇ ਪ੍ਰਸਿੱਧ ਸ਼੍ਰੀ ਕਾਮਾਕਸ਼ੀ ਅੰਮਾਨ ਮੰਦਰ ਵਿਚ ਮੋਕਸ਼ ਦੀਵਾ ਜਲਾਇਆ ਗਿਆ।
ਵੈਂਟੀਲੇਟਰ ’ਤੇ ਹੈ ਇਕਲੌਤਾ ਬਚਿਆ ਕੈਪਟਨ ਵਰੁਣ ਕੁਮਾਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਅਤੇ ਹਾਦਸੇ ’ਚ ਇਕੱਲਾ ਬਚਿਆ ਕੈਪਟਨ ਵਰੁਣ ਕੁਮਾਰ ਵੇਲਿੰਗਟਨ ਵਿਚ ਵੈਂਟੀਲੇਟਰ ’ਤੇ ਹੈ। ਇਸ ਦੇ ਨਾਲ ਹੀ ਕੈਪਟਨ ਦੇ ਪਿਤਾ ਨੇ ਦੱਸਿਆ ਕਿ ਉਸ ਨੂੰ ਬੈਂਗਲੁਰੂ ਸ਼ਿਫਟ ਕੀਤਾ ਜਾ ਰਿਹਾ ਹੈ।
ਭਾਰਤੀ ਫ਼ੌਜ ’ਚ ਸ਼ਾਮਲ ਹੋਏ 319 ਨੌਜਵਾਨ, ਰਾਸ਼ਟਰਪਤੀ ਬੋਲੇ- ਜਨਰਲ ਬਿਪਿਨ ਰਾਵਤ ਨੂੰ ਬਣਾਓ ‘ਰੋਲ ਮਾਡਲ’
NEXT STORY