ਨਵੀਂ ਦਿੱਲੀ- ਸੋਮਵਾਰ ਤੋਂ ਸ਼ੁਰੂ ਰਹੇ ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਆਲ ਪਾਰਟੀ ਬੈਠਕ ਖ਼ਤਮ ਹੋ ਗਈ ਹੈ। ਇਸ ਬੈਠਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਨਹੀਂ ਹੋਏ, ਉੱਥੇ ਹੀ ਆਮ ਆਦਮੀ ਪਾਰਟੀ ਨੇ ਬੈਠਕ ਤੋਂ ਵਾਕਆਊਟ ਕਰ ਦਿੱਤਾ। ਬੈਠਕ ’ਚ ਸਰਕਾਰ ਨੇ ਸੈਸ਼ਨ ਦੌਰਾਨ ਪੇਸ਼ ਹੋਣ ਵਾਲੇ ਬਿੱਲ ਬਾਰੇ ਜਾਣਕਾਰੀ ਦਿੱਤੀ ਤਾਂ ਵਿਰੋਧੀ ਧਿਰ ਨੇ ਸੈਸ਼ਨ ’ਚ ਚੁੱਕਣ ਵਾਲੇ ਮੁੱਦਿਆਂ ’ਤੇ ਚਰਚਾ ਕੀਤੀ। ਸਰਕਾਰ ਵਲੋਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਣਜ ਮੰਤਰੀ ਪੀਊਸ਼ ਗੋਇਲ ਮੌਜੂਦ ਸਨ। ਵਿਰੋਧੀ ਧਿਰ ਵਲੋਂ ਮਲਿਕਾਰਜੁਨ ਖੜਗੇ, ਅਧੀਰ ਰੰਜਨ ਚੌਧਰੀ, ਡੇਰੇਕ ਓ ਬ੍ਰਾਇਨ, ਰਾਮਗੋਪਾਲ ਯਾਦਵ, ਆਨੰਦ ਸ਼ਰਮਾ ਅਤੇ ਸਤੀਸ਼ ਚੰਦਰ ਮਿਸ਼ਰਾ ਵੀ ਮੌਜੂਦ ਰਹੇ। ਬੈਠਕ ’ਚ ਰਾਜਨਾਥ ਸਿੰਘ ਨੇ ਕਿਹਾ ਕਿ ਸਰਕਾਰ ਵਿਰੋਧੀ ਧਿਰ ਲਈ ਸੁਝਾਵਾਂ ਦਾ ਧਿਆਨ ਰੱਖੇਗੀ। ਸਰਕਾਰ ਬਿਨਾਂ ਹੰਗਾਮੇ ਦੇ ਹਰ ਮੁੱਦੇ ’ਤੇ ਨਿਯਮ ਦੇ ਅਧੀਨ ਚਰਚਾ ਨੂੰ ਤਿਆਰ ਹੈ।
ਇਹ ਵੀ ਪੜ੍ਹੋ : ਕੇਜਰੀਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ, ਕਿਹਾ- ਕੋਰੋਨਾ ਦੇ ਨਵੇਂ ਰੂਪ ਤੋਂ ਬਚਾਅ ਲਈ ਰੋਕੀਆਂ ਜਾਣ ਉਡਾਣਾਂ
ਕਾਂਗਰਸ ਸੰਸਦ ਮੈਂਬਰ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅੱਜ ਜੋ ਮੀਟਿੰਗ ਹੋਈ ਹੈ, ਇਸ ’ਚ ਬਹੁਤ ਸਾਰੇ ਵਿਸ਼ਿਆਂ ’ਤੇ ਚਰਚਾ ਹੋਈ। ਐੱਮ.ਐੱਸ.ਪੀ. ’ਤੇ ਕਾਨੂੰਨ ਬਣਾਉਣ ਅਤੇ ਜੋ ਕਿਸਾਨ ਮਾਰੇ ਗਏ ਹਨ, ਉਨ੍ਹਾਂ ਨੂੰ ਵੀ ਮੁਆਵਜ਼ੇ ਦੇਣ ਦੀ ਗੱਲ ਹੋਈ ਹੈ। ਖੜਗੇ ਨੇ ਕਿਹਾ ਕਿ ਅਸੀਂ ਇਹ ਉਮੀਦ ਕਰ ਰਹੇ ਸੀ ਕਿ ਪੀ.ਐੱਮ. ਮੋਦੀ ਮੀਟਿੰਗ ’ਚ ਆਉਣਗੇ, ਅਸੀਂ ਇਹ ਪੁੱਛਣਾ ਚਾਹੁੰਦੇ ਸੀ ਕਿ ਕਿਸਾਨ ਬਿੱਲ ਨੂੰ ਲੈ ਕੇ ਉਨ੍ਹਾਂ ਦੀ ਕੀ ਰਾਏ ਹੈ।
ਇਹ ਵੀ ਪੜ੍ਹੋ : ਬੁੰਦੇਲਖੰਡ ਨਾਲ ਹੈ ਆਸਟ੍ਰੇਲੀਆ ਦਾ ਸੰਬੰਧ, PM ਮੋਦੀ ਨੇ ਦੱਸਿਆ ਇਸ ਦਾ ਦਿਲਚਸਪ ਇਤਿਹਾਸ
‘ਆਪ’ ਨੇਤਾ ਸੰਜੇ ਸਿੰਘ ਨੇ ਇਹ ਵੀ ਦੋਸ਼ ਲਗਾਉਂਦੇ ਹੋਏ ਸਾਰੇ ਦਲਾਂ ਦੀ ਬੈਠਕ ਤੋਂ ਵਾਕਆਊਟ ਕਰ ਦਿੱਤਾ ਕਿ ਉਨ੍ਹਾਂ ਨੂੰ ਬੋਲਣ ਨਹੀਂ ਦਿੱਤਾ ਗਿਆ। ਉਹ ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਕਾਨੂੰਨ ਦੀ ਮੰਗ ਚੁੱਕਣਾ ਚਾਹੁੰਦੇ ਸਨ।ਸਿੰਘ ਨੇ ਕਿਹਾ,‘‘ਉਹ (ਸਰਕਾਰ) ਸਾਰੇ ਦਲਾਂ ਦੀ ਬੈਠਕ ਦੌਰਾਨ ਕਿਸੇ ਵੀ ਮੈਂਬਰ ਨੂੰ ਬੋਲਣ ਨਹੀਂ ਦਿੰਦੇ। ਮੈਂ ਸੰਸਦ ਦੇ ਇਸ ਸੈਸ਼ਨ ’ਚ ਐੱਮ.ਐੱਸ.ਪੀ. ਗਾਰੰਟੀ ’ਤੇ ਕਾਨੂੰਨ ਲਿਆਉਣ ਅਤੇ ਬੀ.ਐੱਸ.ਐੱਫ. ਦੇ ਅਧਿਕਾਰ ਖੇਤਰ ਦੇ ਵਿਸਥਾਰ ਆਦਿ ਸਮੇਤ ਹੋਰ ਮੁੱਦਿਆਂ ਨੂੰ ਚੁੱਕਿਆ। ਉਹ ਸਾਨੂੰ ਸਾਰੇ ਦਲਾਂ ਦੀ ਬੈਠਕ ਅਤੇ ਸੰਸਦ ’ਚ ਨਹੀਂ ਬੋਲਣ ਦਿੰਦੇ।’’ ਸਰਦ ਰੁੱਤ ਸੈਸ਼ਨ ਲਈ ਸਰਕਾਰ ਨੇ 26 ਬਿੱਲਾਂ ਨੂੰ ਸੂਚੀਬੱਧ ਕੀਤਾ ਹੈ, ਜਿਸ ’ਚ ਕ੍ਰਿਪਟੋਕਰੰਸੀ ’ਤੇ ਅਤੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਵਾਲਾ ਬਿੱਲ ਵੀ ਸ਼ਾਮਲ ਹੈ। ਭਾਜਪਾ ਨੇ ਸਰਕਾਰ ਦੇ ਸਮਰਥਨ ਲਈ ਦੋਵੇਂ ਸਦਨਾਂ ’ਚ ਆਪਣੇ ਮੈਂਬਰਾਂ ਨੂੰ ਮੌਜੂਦ ਰਹਿਣ ਲਈ ਪਹਿਲਾਂ ਹੀ ਵਹਿਪ ਜਾਰੀ ਕਰ ਦਿੱਤਾ ਹੈ। ਭਾਜਪਾ ਸੰਸਦੀ ਕਾਰਜ ਕਮੇਟੀ ਵੀ ਐਤਵਾਰ ਯਾਨੀ ਅੱਜ ਇਕ ਵੱਖ ਬੈਠਕ ਕਰੇਗੀ। ਸੰਸਦ ਦਾ ਸਰਦ ਰੁੱਤ ਸੈਸ਼ਨ 29 ਨਵੰਬਰ ਤੋਂ 23 ਦਸੰਬਰ ਤੱਕ ਚਲੇਗਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਰਾਹਤ ਦੀ ਖ਼ਬਰ: ਬੇਂਗਲੁਰੂ ’ਚ ਕੋਰੋਨਾ ਪੀੜਤ ਦੋਹਾਂ ਦੱਖਣੀ ਅਫਰੀਕੀ ਨੌਜਵਾਨਾਂ ’ਚ ਨਹੀਂ ਮਿਲਿਆ ‘ਓਮੀਕਰੋਨ’
NEXT STORY