ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੀਡੀਓ ਨੂੰ ਫੇਸਬੁੱਕ (Facebook) ਤੋਂ ਅਸਥਾਈ ਤੌਰ 'ਤੇ ਹਟਾਏ ਜਾਣ ਦੇ ਮਾਮਲੇ ਵਿੱਚ ਸੰਸਦ ਦੀ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਸਬੰਧੀ ਸਥਾਈ ਕਮੇਟੀ ਨੇ ਮੇਟਾ (Meta) ਦੇ ਅਧਿਕਾਰੀਆਂ ਤੋਂ ਸਖ਼ਤ ਜਵਾਬ ਮੰਗਿਆ ਹੈ। ਸੋਮਵਾਰ ਨੂੰ ਹੋਈ ਬੈਠਕ ਦੌਰਾਨ ਮੇਟਾ ਦੇ ਨੁਮਾਇੰਦਿਆਂ ਨੇ ਇਸ ਘਟਨਾ 'ਤੇ ਖੇਦ ਪ੍ਰਗਟਾਇਆ ਅਤੇ ਮੁਆਫ਼ੀ ਮੰਗਣ ਦੀ ਪੇਸ਼ਕਸ਼ ਕੀਤੀ, ਪਰ ਬੀਜੇਪੀ ਮੈਂਬਰਾਂ ਨੇ ਸਪੱਸ਼ਟ ਕੀਤਾ ਕਿ ਸਿਰਫ਼ ਮੁਆਫ਼ੀ ਕਾਫ਼ੀ ਨਹੀਂ ਹੋਵੇਗੀ।
ਬੀਜੇਪੀ ਸਾਂਸਦ ਨਿਸ਼ਿਕਾਂਤ ਦੂਬੇ ਨੇ ਮੇਟਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਵੀਡੀਓ ਲਗਭਗ ਪੰਜ ਘੰਟੇ (ਰਾਤ 12 ਵਜੇ ਤੋਂ ਸਵੇਰੇ 5 ਵਜੇ ਤੱਕ) ਫੇਸਬੁੱਕ ਤੋਂ ਗਾਇਬ ਰਿਹਾ। ਉਨ੍ਹਾਂ ਮੰਗ ਕੀਤੀ ਕਿ ਇਸ ਗੰਭੀਰ ਗਲਤੀ ਲਈ ਮੇਟਾ ਦੇ ਮੁਖੀ ਮਾਰਕ ਜ਼ੁਕਰਬਰਗ ਨੂੰ ਖੁਦ ਮੁਆਫ਼ੀ ਮੰਗਣੀ ਚਾਹੀਦੀ ਹੈ। ਕਮੇਟੀ ਨੇ ਇਹ ਵੀ ਪੁੱਛਿਆ ਕਿ ਜਦੋਂ ਹੋਰ ਇਤਰਾਜ਼ਯੋਗ ਕੰਟੈਂਟ ਆਨਲਾਈਨ ਮੌਜੂਦ ਹੈ, ਤਾਂ ਸਿਰਫ਼ ਪ੍ਰਧਾਨ ਮੰਤਰੀ ਦੇ ਵੀਡੀਓ 'ਤੇ ਹੀ ਕਾਰਵਾਈ ਕਿਉਂ ਕੀਤੀ ਗਈ।
ਵਿਵਾਦ ਦੇ ਕੇਂਦਰ ਵਿੱਚ ਪੀਐਮ ਮੋਦੀ ਦਾ ਉਹ ਵੀਡੀਓ ਸੰਦੇਸ਼ ਸੀ ਜਿਸ ਵਿੱਚ ਉਨ੍ਹਾਂ ਨੇ NEET-UG ਪੇਪਰ ਲੀਕ ਮਾਮਲੇ ਨੂੰ ਲੈ ਕੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀਆਂ ਚਿੰਤਾਵਾਂ ਦਾ ਜ਼ਿਕਰ ਕੀਤਾ ਸੀ। ਮੇਟਾ ਨੇ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਵੀਡੀਓ ਇੱਕ 'ਤਕਨੀਕੀ ਗਲਤੀ' ਕਾਰਨ ਹਟਾਇਆ ਗਿਆ ਸੀ। ਕੰਪਨੀ ਅਨੁਸਾਰ ਹੁਣ ਵੀਡੀਓ ਬਹਾਲ ਕਰ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਨਵੇਂ ਪ੍ਰੋਟੋਕੋਲ ਲਾਗੂ ਕੀਤੇ ਗਏ ਹਨ।
ਸੰਸਦੀ ਕਮੇਟੀ ਨੇ ਮੇਟਾ ਨੂੰ ਹਦਾਇਤ ਕੀਤੀ ਹੈ ਕਿ ਇਸ ਫੈਸਲੇ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾਵੇ ਅਤੇ ਉਨ੍ਹਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਵੀ ਮੇਟਾ ਦੇ ਸੀਨੀਅਰ ਅਧਿਕਾਰੀਆਂ ਨੂੰ ਤਲਬ ਕਰਕੇ ਇਸ ਮਾਮਲੇ 'ਤੇ ਸਪੱਸ਼ਟੀਕਰਨ ਮੰਗਿਆ ਸੀ। ਕਮੇਟੀ ਵਰਤਮਾਨ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਕੰਟੈਂਟ ਮੋਡਰੇਸ਼ਨ ਅਤੇ ਉਨ੍ਹਾਂ ਦੀ ਜਵਾਬਦੇਹੀ ਦੀ ਸਮੀਖਿਆ ਕਰ ਰਹੀ ਹੈ।
ਗੁਜਰਾਤ 'ਚ ਚਾਂਦੀਪੁਰਾ ਵਾਇਰਸ ਦਾ ਕਹਿਰ: 22 ਮਾਸੂਮ ਜਵਾਕਾਂ ਦੀ ਮੌਤ, ਸਿਹਤ ਵਿਭਾਗ 'ਚ ਮਚੀ ਹਫੜਾ-ਦਫੜੀ
NEXT STORY