ਇਲਾਹਾਬਾਦ— ਚੋਣਾਂ ਦੇ ਮੌਸਮ ਦੌਰਾਨ ਹਰ ਉਮੀਦਵਾਰ ਆਪਣੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਿਹਾ ਹੈ। ਉਮੀਦਵਾਰ ਚੋਣ ਪ੍ਰਚਾਰ ਜ਼ਰੀਏ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰਦੇ ਹਨ। ਘਰ-ਘਰ ਜਾ ਕੇ ਵੋਟਾਂ ਮੰਗਦੇ ਹਨ ਪਰ ਇਲਾਹਾਬਾਦ 'ਚ ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਹਰ ਉਮੀਦਵਾਰ ਬਹਿਰਾਈਚਾ ਪਿੰਡ ਦੇ ਰਾਮ ਨਰੇਸ਼ ਭੂਰੀਆ ਦੇ ਘਰ ਜ਼ਰੂਰ ਜਾਂਦਾ ਹੈ। ਜਾਣ ਵੀ ਕਿਉਂ ਨਾ ਵਜ੍ਹਾ ਹੀ ਬਹੁਤ ਖਾਸ ਹੈ। ਦਰਅਸਲ ਰਾਮ ਨਰੇਸ਼ ਦਾ ਪਰਿਵਾਰ ਸ਼ਹਿਰ ਅਤੇ ਖੇਤਰ ਵਿਚ ਸਭ ਤੋਂ ਵੱਡਾ ਹੈ। 98 ਸਾਲਾ ਰਾਮ ਨਰੇਸ਼ ਦੇ ਪਰਿਵਾਰ ਵਿਚ 82 ਮੈਂਬਰ ਹਨ। ਇਸ ਵਾਰ 66 ਮੈਂਬਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ 'ਚੋਂ ਪਹਿਲੀ ਵਾਰ ਵੋਟ ਪਾਉਣ ਵਾਲੇ 8 ਮੈਂਬਰ ਹਨ।
ਰਾਮ ਨਰੇਸ਼ ਬਹੁਤ ਹੀ ਮਾਣ ਨਾਲ ਇਹ ਗੱਲ ਕਹਿੰਦੇ ਹਨ, ''ਮੇਰੇ ਪਰਿਵਾਰ ਵਿਚ 82 ਮੈਂਬਰ ਹਨ। ਇਸ ਵਾਰ 66 ਮੈਂਬਰ ਵੋਟ ਪਾਉਣਗੇ। ਅਸੀਂ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਘਰ ਦੇ ਨੇੜੇ ਪ੍ਰਾਇਮਰੀ ਸਕੂਲ 'ਚ ਪੋਲਿੰਗ ਬੂਥ 'ਚ ਇਕੱਠੇ ਹੋ ਕੇ ਜਾਂਦੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਪਰਿਵਾਰ ਆਪਣੀ ਮੈਂਬਰਾਂ ਦੀ ਗਿਣਤੀ ਦੀ ਵਜ੍ਹਾ ਤੋਂ ਸਾਰਿਆਂ ਨੂੰ ਹੈਰਾਨ ਕਰਦਾ ਹੈ। ਜਦੋਂ ਪੂਰਾ ਪਰਿਵਾਰ ਲਾਈਨ ਵਿਚ ਲੱਗਦਾ ਹੈ ਤਾਂ ਪੋਲਿੰਗ ਬੂਥ 'ਤੇ ਅਧਿਕਾਰੀ ਵੀ ਦੇਖਦੇ ਰਹਿ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਪਰਿਵਾਰ ਇਕੱਠਾ ਹੋ ਕੇ ਆਉਂਦਾ ਹੈ ਤਾਂ ਕਿਸੇ ਮੇਲੇ ਵਾਂਗ ਲੱਗਦਾ ਹੈ।
ਰਾਮ ਨਰੇਸ਼ ਦੇ ਪੋਤੇ ਵਿਪਿਨ ਇਨ੍ਹਾਂ ਚੋਣਾਂ ਵਿਚ ਪਹਿਲੀ ਵਾਰ ਵੋਟ ਪਾਉਣਗੇ, ਇਸ ਲਈ ਕਾਫੀ ਉਤਸ਼ਾਹਿਤ ਹਨ। ਉਹ ਕਹਿੰਦੇ ਹਨ ਕਿ ਮੈਂ ਅਤੇ ਮੇਰਾ ਚਚੇਰਾ ਭਰਾ ਸਾਡੇ ਪਰਿਵਾਰ ਤੋਂ ਕਾਲਜ ਜਾਣ ਵਾਲੇ ਪਹਿਲੇ ਮੈਂਬਰ ਹਾਂ। ਵਿਪਿਨ ਦੇ ਚਾਚਾ ਯਾਨੀ ਕਿ ਰਾਮ ਨਰੇਸ਼ ਦੇ ਬੇਟੇ ਰਾਮ ਹਿਰਦਾ ਦੱਸਦੇ ਹਨ ਕਿ ਪਰਿਵਾਰ ਦੇ ਮੈਂਬਰ ਮੁੰਬਈ ਦੀ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਹਨ ਪਰ ਵੋਟ ਪਾਉਣ ਲਈ ਉਹ ਵੀ ਆ ਰਹੇ ਹਨ। ਵੋਟ ਪਾਉਣਾ ਘਰ ਵਾਪਸੀ ਦੀ ਇਕ ਅਹਿਮ ਵਜ੍ਹਾ ਹੈ।
ਉੱਥੇ ਹੀ ਰਾਮ ਨਰੇਸ਼ ਦੱਸਦੇ ਹਨ ਕਿ ਹਰ ਵਾਰ ਜਦੋਂ ਵੀ ਕੋਈ ਨੇਤਾ ਇਸ ਪਰਿਵਾਰ ਤੋਂ ਵੋਟ ਮੰਗਣ ਆਉਂਦੇ ਹਨ ਤਾਂ ਪਰਿਵਾਰ ਦੇ ਮੈਂਬਰ ਆਪਣੀਆਂ ਸਮੱਸਿਆਵਾਂ ਦੱਸਦੇ ਹਨ ਪਰ ਅਜੇ ਤਕ ਇਸ ਦਾ ਕੋਈ ਫਾਇਦਾ ਨਹੀਂ ਹੋਇਆ ਹੈ। ਰਾਮ ਨਰੇਸ਼ ਦੇ ਭਤੀਜੇ ਰਾਮ ਸ਼ੰਕਰ ਕਹਿੰਦੇ ਹਨ ਕਿ ਅਸੀਂ ਪੱਕਾ ਮਕਾਨ ਬਣਾਉਣਾ ਚਾਹੁੰਦੇ ਹਾਂ ਪਰ ਹਾਈ ਟੈਂਸ਼ਨ ਤਾਰਾਂ ਸਾਡੇ ਰਸਤੇ ਵਿਚ ਆ ਰਹੀਆਂ ਹਨ। ਅਸੀਂ ਇਨ੍ਹਾਂ ਨੂੰ ਹਟਾਉਣ ਲਈ ਅਰਜ਼ੀ ਦਿੱਤੀ ਹੈ ਪਰ ਅਜੇ ਤਕ ਸਾਡੀ ਗੱਲ ਨਹੀਂ ਸੁਣੀ ਗਈ। ਇਸ ਦੇ ਬਾਵਜੂਦ ਅਸੀਂ ਵੋਟ ਪਾਉਣ ਦਾ ਫੈਸਲਾ ਲਿਆ ਹੈ ਤਾਂ ਕਿ ਨਵੇਂ ਜਨਪ੍ਰਤੀਨਿਧੀ ਤਕ ਅਸੀਂ ਆਪਣੀ ਗੱਲ ਪਹੁੰਚਾ ਸਕੀਏ।
ਇਸ ਵਿਭਾਗ 'ਚ ਨਿਕਲੀਆਂ ਸਰਕਾਰੀ ਨੌਕਰੀਆਂ, ਗ੍ਰੈਜੂਏਸ਼ਨ ਪਾਸ ਕਰ ਸਕਦੇ ਹਨ ਅਪਲਾਈ
NEXT STORY