ਜੰਮੂ (ਵਾਰਤਾ)— ਅਮਰਨਾਥ ਯਾਤਰਾ ਲਈ 5,964 ਸ਼ਰਧਾਲੂਆਂ ਦਾ ਨਵਾਂ ਜੱਥਾ ਬਾਰਿਸ਼ ਦਰਮਿਆਨ 'ਬਮ ਬਮ ਭੋਲੇ' ਦੇ ਜੈਕਾਰਿਆਂ ਨਾਲ ਮੰਗਲਵਾਰ ਦੀ ਸਵੇਰ ਨੂੰ ਸਖਤ ਸੁਰੱਖਿਆ ਦਰਮਿਆਨ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਹ ਜੱਥਾ ਭਗਵਤੀ ਨਗਰ ਸਥਿਤ ਯਾਤਰੀ ਨਿਵਾਸ ਆਧਾਰ ਕੈਂਪ ਤੋਂ ਰਵਾਨਾ ਹੋਇਆ। 1 ਜੁਲਾਈ ਤੋਂ ਸਾਲਾਨਾ ਤੀਰਥ ਯਾਤਰਾ ਸ਼ੁਰੂ ਹੋਣ ਤੋਂ ਬਾਅਦ 1.12 ਲੱਖ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਇਕ ਯਾਤਰਾ ਅਧਿਕਾਰੀ ਨੇ ਦੱਸਿਆ ਕਿ ਜੰਮੂ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ 3,056 ਪੁਰਸ਼, 640 ਔਰਤਾਂ, 15 ਬੱਚੇ, ਇਕ ਕਿੰਨਰ ਅਤੇ 285 ਸਾਧੂ 163 ਵਾਹਨਾਂ 'ਚ ਸਵਾਰ ਹੋ ਕੇ ਪਹਿਲਗਾਮ ਮਾਰਗ ਲਈ ਰਵਾਨਾ ਹੋਏ, ਜਦਕਿ 1,509 ਪੁਰਸ਼, 403 ਔਰਤਾਂ, 4 ਬੱਚੇ ਅਤੇ 47 ਸਾਧੂ ਬਾਲਟਾਲ ਮਾਰਗ ਲਈ ਬੱਸਾਂ ਅਤੇ ਹੋਰ ਛੋਟੇ ਵਾਹਨਾਂ ਸਮੇਤ ਕੁੱਲ 91 ਵਾਹਨਾਂ 'ਚ ਰਵਾਨਾ ਹੋਏ। ਆਧਾਰ ਕੈਂਪ ਤੋਂ ਕੁੱਲ 254 ਵਾਹਨ ਰਵਾਨਾ ਹੋਏ, ਜਿਸ 'ਚ 98 ਭਾਰੀ ਮੋਟਰ ਵਾਹਨ ਅਤੇ 156 ਹਲਕੇ ਮੋਟਰ ਵਾਹਨ ਸ਼ਾਮਲ ਹਨ।
ਜੰਮੂ-ਕਸ਼ਮੀਰ ਦੇ ਰਾਜਪਾਲ ਦੇ ਸਲਾਹਕਾਰ ਕੇ. ਕੇ. ਸ਼ਰਮਾ ਨੇ 29 ਜੂਨ ਨੂੰ ਹਰੀ ਝੰਡੀ ਦਿਖਾ ਕੇ ਪਹਿਲੇ ਜੱਥੇ ਨੂੰ ਰਵਾਨਾ ਕੀਤਾ ਸੀ। ਤਕਰੀਬਨ 46 ਦਿਨ ਤਕ ਚਲਣ ਵਾਲੀ ਇਸ ਯਾਤਰਾ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇਹ ਯਾਤਰਾ 15 ਅਗਸਤ ਨੂੰ ਸਾਉਣ ਪੁੰਨਿਆ (ਰੱਖੜੀ ਵਾਲੇ ਦਿਨ) ਖਤਮ ਹੋਵੇਗੀ। ਇੱਥੇ ਦੱਸ ਦੇਈਏ ਕਿ ਹਿਜ਼ਬੁੱਲ ਮੁਜਾਹਿਦੀਨ ਬੁਰਹਾਨ ਵਾਨੀ ਦੀ ਬਰਸੀ ਮੌਕੇ ਕੱਲ ਭਾਵ ਸੋਮਵਾਰ ਨੂੰ ਕਸ਼ਮੀਰ ਵਿਚ ਬੰਦ ਦਾ ਸੱਦਾ ਦਿੱਤਾ ਗਿਆ ਸੀ, ਜਿਸ ਕਾਰਨ ਯਾਤਰਾ ਰੋਕਣੀ ਪਈ ਸੀ। ਅੱਤਵਾਦੀ ਬੁਰਹਾਨ ਵਾਨੀ 8 ਜੁਲਾਈ 2016 ਨੂੰ ਸੁਰੱਖਿਆ ਫੋਰਸ ਦੇ ਜਵਾਨਾਂ ਨਾਲ ਮੁਕਾਬਲੇ ਵਿਚ ਮਾਰਿਆ ਗਿਆ ਸੀ।
ਰਤਨਾਗਿਰੀ ਬੰਨ੍ਹ ਹਾਦਸਾ: ਹੁਣ ਤੱਕ 20 ਲਾਸ਼ਾਂ ਬਰਾਮਦ, ਸਰਚ ਆਪਰੇਸ਼ਨ ਜਾਰੀ
NEXT STORY