ਕੈਥਲ- ਅਮਰੀਕਾ ਪਹੁੰਚਣ ਲਈ ਅਪਣਾਇਆ ਗਿਆ ਗੈਰ-ਕਾਨੂੰਨੀ 'ਡੰਕੀ ਰੂਟ' ਪੰਜਾਬ ਅਤੇ ਹਰਿਆਣਾ ਦੇ ਦੋ ਨੌਜਵਾਨਾਂ ਲਈ ਮੌਤ ਦਾ ਰਾਹ ਸਾਬਿਤ ਹੋਇਆ। ਏਜੰਟਾਂ ਵੱਲੋਂ ਵਰਤੇ ਜਾਂਦੇ ਡੋਂਕਰਾਂ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਅਗਵਾ ਕਰਨ ਤੋਂ ਬਾਅਦ ਕਰੀਬ 8 ਮਹੀਨੇ ਪਹਿਲਾਂ ਕਤਲ ਕਰ ਦਿੱਤਾ ਸੀ। ਪਰਿਵਾਰਾਂ ਨੂੰ ਹੁਣ ਇਸ ਦੁਖਾਂਤ ਬਾਰੇ ਜਾਣਕਾਰੀ ਮਿਲੀ ਹੈ। ਪੀੜਤਾਂ 'ਚ ਕੈਥਲ ਦੇ ਪਿੰਡ ਮੋਹਨਾ ਦਾ 18 ਸਾਲਾ ਇਕਲੌਤਾ ਪੁੱਤਰ ਯੁਵਰਾਜ ਵੀ ਸ਼ਾਮਲ ਹੈ।
24 ਲੱਖ ਦਾ ਕਰਜ਼ਾ ਚੁੱਕ ਕੇ ਭੇਜਿਆ ਸੀ ਅਮਰੀਕਾ
ਯੁਵਰਾਜ ਦੇ ਮਾਤਾ-ਪਿਤਾ, ਸਰਬਜੀਤ ਕੌਰ ਅਤੇ ਕੁਲਦੀਪ ਸਿੰਘ ਬਹੁਤ ਦੁੱਖ 'ਚ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਨੂੰ ਅਮਰੀਕਾ ਭੇਜਣ ਲਈ ਜ਼ਮੀਨ 'ਤੇ ਲੋਨ ਲਿਆ ਅਤੇ ਰਿਸ਼ਤੇਦਾਰਾਂ ਤੋਂ ਕਰਜ਼ਾ ਚੁੱਕ ਕੇ ਕੁੱਲ 24 ਲੱਖ ਰੁਪਏ ਇਕੱਠੇ ਕੀਤੇ ਸਨ। ਮਾਪਿਆਂ ਨੇ ਕਿਹਾ ਕਿ ਜਿਸ ਦਿਨ ਤੋਂ ਉਹ ਗਿਆ ਸੀ, ਉਸ ਦਿਨ ਤੋਂ ਘਰ ਖਾਲੀ ਹੋ ਗਿਆ ਸੀ ਅਤੇ ਹੁਣ ਮੌਤ ਦੀ ਖ਼ਬਰ ਸੁਣ ਕੇ ਮਨ ਨੂੰ ਤਸੱਲੀ ਨਹੀਂ ਹੋ ਰਹੀ।
ਫਰਵਰੀ 'ਚ ਹੋਇਆ ਕਤਲ, ਅਕਤੂਬਰ 'ਚ ਮਿਲੀ ਖ਼ਬਰ
ਪਰਿਵਾਰਾਂ ਦਾ ਦੋਸ਼ ਹੈ ਕਿ ਅਗਵਾ ਹੋਣ ਤੋਂ ਬਾਅਦ ਉਨ੍ਹਾਂ ਨੇ ਅਗਵਾਕਾਰਾਂ ਦੇ ਕਹਿਣ 'ਤੇ ਏਜੰਟਾਂ ਨੂੰ 11 ਲੱਖ ਰੁਪਏ ਦੀ ਰਕਮ ਵੀ ਦਿੱਤੀ ਸੀ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਏਜੰਟਾਂ ਨੇ 'ਡੋਂਕਰਾਂ' ਨੂੰ ਪੈਸੇ ਨਹੀਂ ਦਿੱਤੇ ਅਤੇ ਫਰਜ਼ੀ ਸਲਿੱਪ ਭੇਜੀ, ਜਿਸ ਕਾਰਨ ਗੁੱਸੇ 'ਚ ਆ ਕੇ ਡੋਂਕਰਾਂ ਨੇ ਨੌਜਵਾਨਾਂ ਦਾ ਕਤਲ ਕਰ ਦਿੱਤਾ। ਪਰਿਵਾਰਾਂ ਨੇ ਏਜੰਟਾਂ ਨੂੰ ਗੁਹਾਰ ਵੀ ਲਗਾਈ ਸੀ ਕਿ ਉਹ ਫਿਰੌਤੀ ਦੇ ਪੂਰੇ ਪੈਸੇ ਦੇਣ ਲਈ ਤਿਆਰ ਹਨ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਵਾਪਸ ਭੇਜ ਦਿੱਤਾ ਜਾਵੇ। ਮ੍ਰਿਤਕਾਂ ਬਾਰੇ ਜਾਣਕਾਰੀ 26 ਅਕਤੂਬਰ ਨੂੰ ਮਿਲੀ, ਜਦੋਂ ਇੱਕ ਅਮਰੀਕੀ ਡੋਂਕਰ ਨੇ 3 ਲੱਖ ਰੁਪਏ ਲੈ ਕੇ ਦੱਸਿਆ ਕਿ ਦੋਵਾਂ ਨੌਜਵਾਨਾਂ ਦਾ ਕਤਲ ਫਰਵਰੀ ਮਹੀਨੇ 'ਚ ਗੁਆਟੇਮਾਲਾ ਵਿਖੇ ਕਰ ਦਿੱਤਾ ਗਿਆ ਸੀ। ਡੋਂਕਰ ਨੇ ਉਨ੍ਹਾਂ ਦੇ ਲਾਸ਼ਾਂ ਦੀਆਂ ਤਸਵੀਰਾਂ ਵੀ ਪਰਿਵਾਰ ਨੂੰ ਭੇਜੀਆਂ। ਪਰਿਵਾਰਾਂ ਨੂੰ ਆਪਣੇ ਬੱਚਿਆਂ ਦੀਆਂ ਲਾਸ਼ਾਂ ਤਾਂ ਦੂਰ, ਉਨ੍ਹਾਂ ਦੇ ਕੱਪੜੇ ਵੀ ਨਹੀਂ ਮਿਲ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਸਿੱਖ ਸੈਨਿਕਾਂ ਦੇ ਸਨਮਾਨ 'ਚ ਯਾਦਗਾਰੀ ਡਾਕ ਟਿਕਟ ਜਾਰੀ ਕਰੇਗੀ ਕੈਨੇਡਾ ਸਰਕਾਰ
NEXT STORY