ਨਵੀਂ ਦਿੱਲੀ— ਭਾਜਪਾ ਨੇਤਾ ਆਮ ਤੌਰ 'ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਕੋਲੋਂ ਸਿਆਸੀ ਸਲਾਹ ਹਾਸਲ ਕਰਦੇ ਰਹਿੰਦੇ ਹਨ ਪਰ ਹੁਣ ਉਹ ਉਨ੍ਹਾਂ ਕੋਲੋਂ ਭਾਰ ਘਟਾਉਣ ਦੇ ਉਪਾਅ ਵੀ ਲੈ ਰਹੇ ਹਨ। ਸ਼ਾਹ ਨੇ ਬਿਨਾਂ ਕਿਸੇ ਸਰਜਰੀ ਤੋਂ ਪੂਰੀ ਤਰ੍ਹਾਂ ਕੁਦਰਤੀ ਢੰਗ ਅਪਣਾ ਕੇ ਆਪਣਾ ਭਾਰ 20 ਕਿੱਲੋ ਘੱਟ ਕਰ ਲਿਆ ਹੈ।
ਇਕ ਦਮ ਤੰਦਰੁਸਤ ਸ਼ਾਹ ਹੁਣ ਆਪਣੇ ਸਹਿਯੋਗੀਆਂ ਨੂੰ ਸਲਾਹ ਦਿੰਦੇ ਹਨ ਕਿ ਉਹ ਵੀ ਆਪਣੀ ਸਿਹਤ ਦਾ ਚੰਗੀ ਤਰ੍ਹਾਂ ਧਿਆਨ ਰੱਖਿਆ ਕਰਨ। ਭਾਜਪਾ ਦੇ ਉੱਚ ਪੱਧਰੀ ਸੂਤਰਾਂ ਮੁਤਾਬਕ ਬਹੁਤ ਹੀ ਘੱਟ ਪਾਰਟੀ ਨੇਤਾ ਅਮਿਤ ਸ਼ਾਹ ਦੀ ਸਲਾਹ ਨੂੰ ਗੰਭੀਰਤਾ ਨਾਲ ਲੈਂਦੇ ਹਨ। ਉਹ ਸਿਰਫ ਮੁਸਕਰਾਉਂਦੇ ਹਨ ਅਤੇ ਆਪਣਾ ਸਿਰ ਹਿਲਾ ਦਿੰਦੇ ਹਨ। ਜਿਨ੍ਹਾਂ ਆਗੂਆਂ ਨੇ ਉਨ੍ਹਾਂ ਦੇ ਰਾਹ ਨੂੰ ਅਪਣਾਉਣਾ ਚਾਹਿਆ, ਉਹ ਉਸ 'ਤੇ ਚੱਲਣ 'ਚ ਭਾਰੀ ਮੁਸ਼ਕਲ ਮਹਿਸੂਸ ਕਰ ਰਹੇ ਹਨ ਕਿਉਂਕਿ ਸ਼ਾਹ ਨੇ ਆਪਣੇ ਲਈ ਬਹੁਤ ਸਖਤ ਨਿਯਮ ਬਣਾਏ ਹਨ। ਵੱਖ-ਵੱਖ ਚੀਜ਼ਾਂ ਤੋਂ ਉਹ ਪ੍ਰਹੇਜ਼ ਕਰਦੇ ਹਨ।
ਸੂਤਰਾਂ ਦਾ ਕਹਿਣਾ ਹੈ ਕਿ ਸ਼ਾਹ ਨੂੰ ਸ਼ੂਗਰ ਹੈ। ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਨੂੰ ਭਾਰ ਘਟਾਉਣ ਦੀ ਸਲਾਹ ਦਿੱਤੀ ਜਾ ਰਹੀ ਸੀ। ਕੁਝ ਦਾ ਕਹਿਣਾ ਹੈ ਕਿ ਬਾਬਾ ਰਾਮਦੇਵ ਨੇ ਵੀ ਉਨ੍ਹਾਂ ਨੂੰ ਯੋਗ ਦੇ ਕੁਝ ਆਸਨ ਸਿਖਾਏ ਹਨ ਪਰ ਅਮਿਤ ਸ਼ਾਹ ਨੇ ਸਿਰਫ ਇਕ ਸਾਲ ਪਹਿਲਾਂ ਆਪਣੇ ਆਪ ਨੂੰ ਫਿੱਟ ਰੱਖਣ ਵਲ ਧਿਆਨ ਕੇਂਦਰਿਤ ਕੀਤਾ ਅਤੇ ਆਪਣੀ ਜੀਵਨ ਸ਼ੈਲੀ 'ਚ ਤਬਦੀਲੀ ਲਿਆਉਣ ਦਾ ਫੈਸਲਾ ਕੀਤਾ।
ਚੋਣ ਮੌਸਮ ਦੌਰਾਨ ਭਾਵੇਂ ਅਮਿਤ ਸ਼ਾਹ ਦਾ ਕਾਫੀ ਰੁਝੇਵਿਆਂ ਭਰਿਆ ਪ੍ਰੋਗਰਾਮ ਰਿਹਾ ਪਰ ਉਨ੍ਹਾਂ ਆਪਣੇ ਭਾਰ ਨੂੰ ਨਹੀਂ ਵਧਣ ਦਿੱਤਾ। ਭਾਰ ਘੱਟ ਕਰਨ ਲਈ ਕਈ ਉਪਾਅ ਕੀਤੇ, ਜਿਨ੍ਹਾਂ 'ਚੋਂ ਇਕ ਉਪਾਅ ਨੇ ਸ਼ਾਹ ਦੀ ਭਾਰ ਘਟਾਉਣ 'ਚ ਚੋਖੀ ਮਦਦ ਕੀਤੀ।
ਅਮਿਤ ਸ਼ਾਹ ਨੇ ਰਾਤ 7.30 ਵਜੇ ਤੋਂ ਬਾਅਦ ਡਿਨਰ ਕਰਨਾ ਬੰਦ ਕਰ ਦਿੱਤਾ। ਉਨ੍ਹਾਂ ਨੂੰ ਇਹ ਭਰੋਸਾ ਹੋ ਗਿਆ ਕਿ ਰਾਤ ਦੇਰ ਗਏ ਭੋਜਨ ਕਰਨ ਨਾਲ ਭਾਰ ਵਧਦਾ ਹੈ। ਇਸ ਲਈ ਇਸ ਨੂੰ ਹਰ ਹਾਲਤ 'ਚ ਬੰਦ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਉਨ੍ਹਾਂ ਰਾਤ 7.30 ਵਜੇ ਹੀ ਡਿਨਰ ਕਰਨਾ ਸ਼ੁਰੂ ਕੀਤਾ। ਦੂਜਾ ਉਪਾਅ ਇਹ ਸੀ ਕਿ ਠੋਸ ਬ੍ਰੇਕਫਾਸਟ ਕੀਤਾ ਜਾਵੇ। ਇਨ੍ਹਾਂ ਉਪਾਵਾਂ ਦੀ ਮਦਦ ਨਾਲ ਸ਼ਾਹ ਨੇ ਆਪਣੀ ਸ਼ੂਗਰ ਦਾ ਲੈਵਲ ਵੀ ਕਾਫੀ ਹੱਦ ਤਕ ਠੀਕ ਕਰ ਲਿਆ ਹੈ।
ਸੂਤਰ ਦੱਸਦੇ ਹਨ ਕਿ ਉਹ ਸਵੇਰੇ ਪਤੰਜਲੀ ਦਾ ਗਲੋਅ-ਆਂਵਲਾ ਜੂਸ ਲੈਂਦੇ ਹਨ। ਉਸ ਤੋਂ ਬਾਅਦ ਸੈਰ ਕਰਦੇ ਹਨ। ਸੈਰ ਕਰਨੀ ਉਹ ਬਹੁਤ ਜ਼ਰੂਰੀ ਸਮਝਦੇ ਹਨ। ਚੋਣ ਮੁਹਿੰਮ ਦੌਰਾਨ ਵੀ ਜੇ ਉਨ੍ਹਾਂ ਕੋਲੋਂ ਕਿਸੇ ਦਿਨ ਸੈਰ ਨਹੀਂ ਹੁੰਦੀ ਤਾਂ ਉਹ ਕੈਲੋਰੀਜ਼ ਨੂੰ ਘਟਾਉਣ ਲਈ ਹੋਰ ਰਾਹ ਲੱਭ ਲੈਂਦੇ ਹਨ। ਉਹ ਆਪਣੀ ਡਾਈਟ 'ਤੇ ਖਾਸ ਧਿਆਨ ਰੱਖ ਰਹੇ ਹਨ। ਇਕ ਸੀਨੀਅਰ ਮੰਤਰੀ ਨੇ ਦੱਸਿਆ ਕਿ ਸ਼ਾਹ ਆਪਣਾ ਭੋਜਨ ਆਪਣੀ ਕਾਰ 'ਚ ਨਾਲ ਹੀ ਲੈ ਕੇ ਜਾਂਦੇ ਹਨ। ਜੇ ਉਹ ਮਹਿਸੂਸ ਕਰਦੇ ਹਨ ਕਿ ਕਿਸੇ ਮੁਹਿੰਮ ਦੌਰਾਨ ਉਨ੍ਹਾਂ ਨੂੰ ਦੇਰੀ ਹੋ ਜਾਵੇਗੀ ਤਾਂ ਉਹ ਕਾਰ 'ਚ ਹੀ ਭੋਜਨ ਕਰ ਲੈਂਦੇ ਹਨ। ਉਸ ਤੋਂ ਬਾਅਦ ਮੁੜ ਕੰਮ 'ਚ ਜੁਟ ਜਾਂਦੇ ਹਨ।
ਸਿੰਗਾਪੁਰ ਨਹੀਂ ਬਲਕਿ ਇਸ ਦੇਸ਼ ਦਾ ਪਾਸਪੋਰਟ ਹੈ ਸਭ ਤੋਂ ਸ਼ਕਤੀਸ਼ਾਲੀ
NEXT STORY