ਇੰਦੌਰ- ਦੇਸ਼ 'ਚ ਖਾਸ ਤੌਰ 'ਤੇ ਕਸ਼ਮੀਰ 'ਚ ਕੇਸਰ ਦਾ ਉਤਪਾਦਨ ਹੁੰਦਾ ਹੈ ਪਰ ਬਰਫੀਲੀਆਂ ਵਾਦੀਆਂ ਵਾਲੇ ਇਸ ਖੇਤਰ ਤੋਂ ਸੈਂਕੜੇ ਕਿਲੋਮੀਟਰ ਦੂਰ ਇੰਦੌਰ ਦੇ ਇਕ ਕਿਸਾਨ ਨੇ 'ਏਅਰੋਪੋਨਿਕਸ' ਵਿਧੀ ਦੀ ਮਦਦ ਨਾਲ ਆਪਣੇ ਘਰ ਦੇ ਕਮਰੇ 'ਚ ਬਿਨਾਂ ਮਿੱਟੀ ਦੇ ਕੇਸਰ ਦੀ ਖੇਤੀ ਕੀਤੀ ਹੈ। ਇਨ੍ਹੀਂ ਦਿਨੀਂ ਕਿਸਾਨ ਦੇ ਘਰ ਦੀ ਦੂਜੀ ਮੰਜ਼ਿਲ 'ਤੇ ਬਣਿਆ ਇਹ ਕਮਰਾ ਸੁੰਦਰ ਜਾਮਨੀ ਕੇਸਰ ਦੇ ਫੁੱਲਾਂ ਨਾਲ ਭਰਿਆ ਹੋਇਆ ਹੈ। ਕੇਸਰ ਦੇ ਬੂਟਿਆਂ ਨੂੰ ਨਿਯੰਤਰਿਤ ਵਾਤਾਵਰਣ ਵਾਲੇ ਕਮਰੇ ਵਿਚ ਪਲਾਸਟਿਕ ਦੀਆਂ ਟ੍ਰੇਆਂ ਵਿਚ ਰੱਖਿਆ ਜਾਂਦਾ ਹੈ। ਇਨ੍ਹਾਂ ਟ੍ਰੇਆਂ ਨੂੰ ਖੜ੍ਹਵੇਂ ਰੈਕਾਂ ਵਿਚ ਰੱਖਿਆ ਗਿਆ ਹੈ ਤਾਂ ਜੋ ਥਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾ ਸਕੇ।
ਇੰਝ ਮਿਲਿਆ ਕੇਸਰ ਉਗਾਉਣ ਦਾ ਆਈਡੀਆ
ਕੇਸਰ ਉਤਪਾਦਕ ਅਨਿਲ ਜਾਇਸਵਾਲ ਨੇ ਐਤਵਾਰ ਨੂੰ ਇਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮੈਂ ਕੁਝ ਸਾਲ ਪਹਿਲਾਂ ਆਪਣੇ ਪਰਿਵਾਰ ਨਾਲ ਕਸ਼ਮੀਰ ਘੁੰਮਣ ਗਿਆ ਸੀ। ਉੱਥੇ ਪੰਪੋਰ 'ਚ ਕੇਸਰ ਦੇ ਖੇਤਾਂ ਨੂੰ ਦੇਖ ਕੇ ਮੈਨੂੰ ਇਸ ਦੀ ਖੇਤੀ ਕਰਨ ਦਾ ਆਈਡੀਆ ਮਿਲਿਆ। ਜਾਇਸਵਾਲ ਨੇ ਕਿਹਾ ਕਿ ਉਸ ਨੇ ਆਪਣੇ ਘਰ ਦੇ ਕਮਰੇ 'ਚ ਕੇਸਰ ਉਗਾਉਣ ਲਈ 'ਏਅਰੋਪੋਨਿਕਸ' ਤਕਨਾਲੋਜੀ ਦੇ ਉੱਨਤ ਉਪਕਰਣਾਂ ਨਾਲ ਤਾਪਮਾਨ, ਨਮੀ, ਰੌਸ਼ਨੀ ਅਤੇ ਕਾਰਬ ਡਾਈਆਕਸਾਈਡ ਦਾ ਨਿਯੰਤਰਿਤ ਵਾਤਾਵਰਣ ਤਿਆਰ ਕੀਤਾ ਹੈ। ਅਜਿਹਾ ਇਸ ਲਈ ਕੀਤਾ ਗਿਆ ਸੀ ਤਾਂ ਜੋ ਕੇਸਰ ਦੇ ਬੂਟਿਆਂ ਨੂੰ ਕਸ਼ਮੀਰ ਵਰਗਾ ਮਾਹੌਲ ਮਿਲ ਸਕੇ। ਉਨ੍ਹਾਂ ਦੱਸਿਆ ਕਿ 320 ਵਰਗ ਫੁੱਟ ਦੇ ਕਮਰੇ ਵਿਚ ਕੇਸਰ ਦੀ ਕਾਸ਼ਤ ਲਈ ਬੁਨਿਆਦੀ ਢਾਂਚਾ ਤਿਆਰ ਕਰਨ ਵਿਚ ਲਗਭਗ 6.50 ਲੱਖ ਰੁਪਏ ਦੀ ਲਾਗਤ ਆਈ ਹੈ।
ਪਰਿਵਾਰ ਕੇਸਰ ਦੇ ਬੂਟਿਆਂ ਨੂੰ ਸੁਣਾਉਂਦਾ ਗਾਇਤਰੀ ਮੰਤਰ
ਜਾਇਸਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਕਸ਼ਮੀਰ ਦੇ ਪੰਪੋਰ ਤੋਂ ਇਕ ਟਨ ਕੇਸਰ ਦੇ ਬੀਜ ਦੀ ਖਰੀਦ ਕੀਤੀ ਸੀ ਅਤੇ ਇਸ ਦੇ ਫੁੱਲਾਂ ਤੋਂ ਉਸ ਨੂੰ ਇਸ ਸੀਜ਼ਨ 'ਚ 1.50 ਤੋਂ ਦੋ ਕਿਲੋਗ੍ਰਾਮ ਕੇਸਰ ਮਿਲਣ ਦੀ ਉਮੀਦ ਹੈ। ਉਨ੍ਹਾਂ ਨੇ ਦੱਸਿਆ ਕਿ ਮੈਂ ਸਤੰਬਰ ਦੇ ਪਹਿਲੇ ਹਫਤੇ ਆਪਣੇ ਘਰ ਦੇ ਕਮਰੇ ਦੇ ਨਿਯੰਤਰਿਤ ਵਾਤਾਵਰਣ ਵਿਚ ਇਨ੍ਹਾਂ ਕੇਸਰ ਦੇ ਬੀਜਾਂ ਨੂੰ ਰੱਖਿਆ ਸੀ ਅਤੇ ਅਕਤੂਬਰ ਦੇ ਆਖਰੀ ਹਫਤੇ ਤੋਂ ਉਨ੍ਹਾਂ 'ਤੇ ਫੁੱਲ ਖਿੜਣੇ ਸ਼ੁਰੂ ਹੋ ਗਏ ਸਨ। ਕੇਸਰ ਦੀ ਖੇਤੀ ਵਿਚ ਜਾਇਸਵਾਲ ਦਾ ਪੂਰਾ ਪਰਿਵਾਰ ਉਨ੍ਹਾਂ ਦਾ ਹੱਥ ਵੰਡਾਉਂਦਾ ਹੈ। ਇਹ ਪਰਿਵਾਰ ਕੇਸਰ ਦੇ ਬੂਟਿਆਂ ਨੂੰ ਗਾਇਤਰੀ ਮੰਤਰ ਅਤੇ ਪੰਛੀਆਂ ਦੀ ਚਹਿਕਦੇ ਵਾਲਾ ਸੰਗੀਤ ਵੀ ਸੁਣਾਉਂਦਾ ਹੈ।
ਕੇਸਰ ਨੂੰ ਕਿਹਾ ਜਾਂਦੈ ਲਾਲ ਸੋਨਾ
ਇਸ ਪਿੱਛੇ ਪਰਿਵਾਰ ਦਾ ਆਪਣਾ ਫਲਸਫਾ ਹੈ। ਜਾਇਸਵਾਲ ਦੀ ਪਤਨੀ ਕਲਪਨਾ ਨੇ ਕਿਹਾ ਕਿ ਰੁੱਖਾਂ ਅਤੇ ਬੂਟਿਆਂ ਵਿਚ ਵੀ ਜਾਨ ਹੁੰਦੀ ਹੈ। ਅਸੀਂ ਕੇਸਰ ਦੇ ਬੂਟਿਆਂ ਨਾਲ ਸੰਗੀਤ ਵਜਾਉਂਦੇ ਹਾਂ ਤਾਂ ਜੋ ਉਹ ਘਰ ਦੇ ਅੰਦਰ ਹੋਣ 'ਤੇ ਵੀ ਕੁਦਰਤ ਦੇ ਨੇੜੇ ਮਹਿਸੂਸ ਕਰ ਸਕਣ। ਕੇਸਰ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿਚੋਂ ਇਕ ਹੈ ਅਤੇ ਆਪਣੀ ਉੱਚੀ ਕੀਮਤ ਲਈ ਇਸ ਨੂੰ 'ਲਾਲ ਸੋਨਾ' ਵੀ ਕਿਹਾ ਜਾਂਦਾ ਹੈ।
ਭਾਜਪਾ ਵਿਧਾਇਕ ਦੇ ਚਚੇਰੇ ਭਰਾ ਦਾ ਕੁੱਟ-ਕੁੱਟ ਕੇ ਕ.ਤ.ਲ
NEXT STORY