ਬਿਜ਼ਨਸ ਡੈਸਕ — ਸਰਕਾਰ ਨੇ ਪਾਸਪੋਰਟ ਸੇਵਾਵਾਂ ਨੂੰ ਸੌਖਾ ਬਣਾਉਣ ਸਬੰਧੀ ਇਕ ਹੋਰ ਅਹਿਮ ਕਦਮ ਚੁੱਕਦੇ ਹੋਏ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਇਸ ਲਈ ਅਰਜ਼ੀ ਦੇਣ ਦੇ ਨਾਲ-ਨਾਲ ਟੈਲੀਫੋਨ ਰਾਹੀਂ ਵੀ ਅਰਜ਼ੀ ਦੇਣ ਦੀ ਸਹੂਲਤ ਮੰਗਲਵਾਰ ਤੋਂ ਸ਼ੁਰੂ ਕਰ ਦਿੱਤੀ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ 'ਪਾਸਪੋਰਟ ਸੇਵਾਦਿਵਸ' ਦੇ ਮੌਕੇ 'ਤੇ ਇਕ ਐਪ ਲਾਂਚ ਕਰ ਕੇ ਇਨ੍ਹਾਂ ਦੋਹਾਂ ਸੇਵਾਵਾਂ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਦੇ ਕਿਸੇ ਵੀ ਹਿੱਸੇ ਤੋਂ ਪਾਸਪੋਰਟ ਲਈ ਅਰਜ਼ੀ ਦਿੱਤੀ ਜਾ ਸਕੇਗੀ। ਪੁਲਸ ਉਸ ਪਤੇ 'ਤੇ ਹੀ ਪੁਸ਼ਟੀ ਕਰੇਗੀ ਜੋ ਅਰਜ਼ੀ ਫਾਰਮ 'ਚ ਭਰਿਆ ਜਾਵੇਗਾ।
ਸਾਧੂਆਂ, ਸੰਤਾਂ ਤੇ ਤਲਾਕਸ਼ੁਦਾ ਔਰਤਾਂ ਨੂੰ ਹੋਵੇਗੀ ਸੌਖ
ਵਿਦੇਸ਼ ਮੰਤਰੀ ਨੇ ਕਿਹਾ ਕਿ ਕਿਸੇ ਅਨਾਥ ਆਸ਼ਰਮ ਦੇ ਬੱਚਿਆਂ ਲਈ ਉਥੋਂ ਦਾ ਮੁਖੀ ਜੋ ਵੀ ਜਨਮ ਮਿਤੀ ਦੇਵੇਗਾ, ਨੂੰ ਸਹੀ ਮੰਨ ਲਿਆ ਜਾਏਗਾ। ਸਾਧੂ, ਸੰਤਾਂ ਅਤੇ ਸੰਨਿਆਸੀਆਂ ਦੇ ਮਾਮਲੇ 'ਚ ਉਨ੍ਹਾਂ ਦੇ ਮਾਤਾ-ਪਿਤਾ ਦੀ ਥਾਂ ਗੁਰੂ ਦਾ ਨਾਂ ਮੰਨਣਯੋਗ ਹੋਵੇਗਾ। ਤਲਾਕਸ਼ੁਦਾ ਪਤਨੀ ਕੋਲੋਂ ਉਸ ਦੇ ਸਾਬਕਾ ਪਤੀ ਬਾਰੇ ਕੋਈ ਵੀ ਵੇਰਵਾ ਨਹੀਂ ਪੁੱਛਿਆ ਜਾਵੇਗਾ।
ਦੇਸ਼ ਵਿਚ ਹਨ ਕੁਲ 307 ਪਾਸਪੋਰਟ ਸੇਵਾ ਕੇਂਦਰ
ਸੁਸ਼ਮਾ ਨੇ ਕਿਹਾ ਕਿ ਇਸ ਸਮੇਂ ਸਾਰੇ ਦੇਸ਼ ਵਿਚ ਕੁਲ 307 ਪਾਸਪੋਰਟ ਸੇਵਾ ਕੇਂਦਰ ਹਨ। ਪਿਛਲੇ 4 ਸਾਲ ਦੌਰਾਨ 212 ਨਵੇਂ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਗਏ ਹਨ। ਹਰ ਲੋਕ ਸਭਾ ਖੇਤਰ 'ਚ ਲੋਕਾਂ ਨੂੰ ਪਾਸਪੋਰਟ ਪਹੁੰਚਾਉਣ ਲਈ ਹੋਰ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾਣਗੇ।

ਮੈਰਿਜ ਸਰਟੀਫਿਕੇਟ ਦੀ ਲੋੜ ਨਹੀਂ
ਸੁਸ਼ਮਾ ਨੇ ਕਿਹਾ ਕਿ ਪਾਸਪੋਰਟ ਬਣਵਾਉਣ ਲਈ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਨ੍ਹਾਂ ਨੂੰ ਹੁਣ ਖਤਮ ਕਰ ਦਿੱਤਾ ਗਿਆ ਹੈ। ਹੁਣ ਪਾਸਪੋਰਟ ਬਣਵਾਉਣ ਲਈ ਮੈਰਿਜ ਸਰਟੀਫਿਕੇਟ ਦੀ ਲੋੜ ਨਹੀਂ ਪਵੇਗੀ।
ਕਈ ਪੁਰਾਣੇ ਅਤੇ ਔਖੇ ਨਿਯਮਾਂ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਵਧੇਰੇ ਮੁਸ਼ਕਲ ਜਨਮ ਮਿਤੀ ਨੂੰ ਲੈ ਕੇ ਆਉਂਦੀ ਸੀ, ਇਸ ਲਈ ਅਸੀਂ ਜਨਮ ਮਿਤੀ ਲਈ ਅਜਿਹੇ ਦਸਤਾਵੇਜ਼ ਸ਼ਾਮਲ ਕੀਤੇ ਹਨ, ਜੋ ਇਸ ਮੁਸ਼ਕਲ ਨੂੰ ਹੱਲ ਕਰ ਦੇਣਗੇ।
ਕਿਵੇਂ ਡਾਊਨਲੋਡ ਕਰੀਏ ਮੋਬਾਈਲ ਐਪ
ਇਸ ਐਪ ਨੂੰ ਡਾਊਨਲੋਡ ਕਰਨ ਲਈ ਗੂਗਲ ਪਲੇਸਟੋਰ 'ਤੇ ਪਹੁੰਚ ਕੇ 'ਪਾਸਪੋਰਟ ਐਪ' ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਦੇ ਜ਼ਰੀਏ ਤੁਸੀਂ ਪਾਸਪੋਰਟ ਨਾਲ ਜੁੜੇ ਹੋਰ ਵੀ ਕਈ ਕੰਮ ਕਰ ਸਕਦੇ ਹੋ।
ਕਿਸਾਨ ਦੇ ਕਤਲ ਦੋਸ਼ 'ਚ ਮੁਕੇਸ਼ ਯਾਦਵ ਗ੍ਰਿਫਤਾਰ
NEXT STORY