ਨਵੀਂ ਦਿੱਲੀ– ਭਾਰਤੀ ਫ਼ੌਜ ’ਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਭਾਰਤੀ ਫ਼ੌਜ ਕੋਵਿਡ-19 ਯਾਨੀ ਕਿ ਕੋਰੋਨਾ ਮਹਾਮਾਰੀ ਕਾਰਨ ਪਿਛਲੇ 2 ਸਾਲਾਂ ਦੀ ਰੋਕ ਮਗਰੋਂ ਭਰਤੀ ਪ੍ਰਕਿਰਿਆ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਸੰਭਾਵਨਾ ਹੈ। ਇੱਥੋਂ ਤੱਕ ਥੋੜ੍ਹੇ ਸਮੇਂ ਦੀ ਸੇਵਾ ਲਈ ਸਿਪਾਹੀਆਂ ਨੂੰ ਸ਼ਾਮਲ ਕਰਨ ਲਈ ‘ਟੂਰ ਆਫ਼ ਡਿਊਟੀ’ (tour of duty) ਨਾਮੀ ਨਵੀਂ ਭਰਤੀ ਨੀਤੀ ਨੂੰ ਵੀ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਬਾਬਤ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ।
ਭਰਤੀ ਰੈਲੀਆਂ ਅਗਸਤ ਤੋਂ ਦਸੰਬਰ ਤੱਕ ਹੋਣਗੀਆਂ ਸ਼ੁਰੂ
ਅਧਿਕਾਰੀਆਂ ਨੇ ਕਿਹਾ ਕਿ ਭਰਤੀ ਪ੍ਰੋਗਰਾਮ ’ਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਹੈ। ਭਰਤੀ ਰੈਲੀਆਂ ਅਗਸਤ ਤੋਂ ਦਸੰਬਰ ਤੱਕ ਦੇਸ਼ ਭਰ ’ਚ ਆਯੋਜਿਤ ਕੀਤੇ ਜਾਣ ਦੀ ਉਮੀਦ ਹੈ। ਭਾਰਤੀ ਫ਼ੌਜ, ਭਰਤੀ ਰੁਕਣ ਤੋਂ ਮਨੁੱਖੀ ਸ਼ਕਤੀ ਦੀ ਘਾਟ ਨੂੰ ਮਹਿਸੂਸ ਕਰਨ ਲੱਗੀ ਸੀ। ਹਾਲਾਂਕਿ ਅਧਿਕਾਰੀਆਂ ਨੇ ਕਿਹਾ ਕਿ ਕਮੀ ਦੇ ਬਾਵਜੂਦ ਫ਼ੌਜ ਦੀ ਸੰਚਾਲਨ ਤਿਆਰੀ ਨੂੰ ਘੱਟ ਨਹੀਂ ਕੀਤਾ ਹੈ ਅਤੇ ਯੂਨਿਟਾਂ ਬਿਹਤਰ ਪ੍ਰਦਰਸ਼ਨ ਕਰ ਰਹੀਆਂ ਹਨ।
‘ਟੂਰ ਆਫ਼ ਡਿਊਟੀ’ ਮਾਡਲ
ਇਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਭਰਤੀ ਨੀਤੀ ਦੇ ਆਗਾਮੀ ਐਲਾਨ ਨੂੰ ਵੇਖਦੇ ਹੋਏ ਭਰਤੀ ਲਈ ਲੋੜੀਂਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ‘ਟੂਰ ਆਫ਼ ਡਿਊਟੀ’ ਮਾਡਲ ’ਚ 6 ਮਹੀਨੇ ਦੀ ਸਿਖਲਾਈ ਸਮੇਤ 4 ਸਾਲ ਲਈ ਅਫਸਰ (ਪੀ. ਬੀ ਓ. ਆਰ) ਰੈਂਕ ਤੋਂ ਹੇਠਾਂ ਦੇ ਕਰਮਚਾਰੀਆਂ ਦੀ ਭਰਤੀ ਦੀ ਕਲਪਨਾ ਕਰਦਾ ਹੈ। ਫ਼ੌਜ ਪੀ. ਬੀ. ਓ. ਆਰ ਕੈਡਰ ’ਚ ਮੌਜੂਦਾ ਸਮੇਂ ’ਚ ਲੱਗਭਗ 1,25,000 ਸਿਪਾਹੀਆਂ ਦੀ ਘਾਟ ਹੈ। ਹਰ ਮਹੀਨੇ 5,000 ਤੋਂ ਵੱਧ ਜਵਾਨਾਂ ਦੀ ਦਰ ਨਾਲ ਕਮੀ ਵਧ ਰਹੀ ਹੈ। ਇਸ ’ਚ 1.2 ਮਿਲੀਅਨ ਫ਼ੌਜੀਆਂ ਦੀ ਅਧਿਕਾਰਤ ਤਾਕਤ ਹੈ।
ਡੀ. ਐੱਸ. ਹੁੱਡਾ ਨੇ ਆਖੀ ਇਹ ਗੱਲ
ਓਧਰ ਉੱਤਰੀ ਫ਼ੌਜ ਦੇ ਸਾਬਕਾ ਕਮਾਂਡਰ ਲੈਫਟੀਨੈਂਟ ਜਨਰਲ ਡੀ. ਐੱਸ. ਹੁੱਡਾ (ਸੇਵਾਮੁਕਤ) ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਫ਼ੌਜ ਜਲਦੀ ਹੀ ਭਰਤੀ ਮੁੜ ਤੋਂ ਸ਼ੁਰੂ ਕਰੇਗੀ ਕਿਉਂਕਿ ਮਨੁੱਖੀ ਸ਼ਕਤੀ ਦੀ ਘਾਟ ਯੂਨਿਟਾਂ ਦੀ ਕਾਰਜਸ਼ੀਲ ਤਿਆਰੀ ਨੂੰ ਪ੍ਰਭਾਵਿਤ ਕਰ ਰਹੀ ਸੀ, ਖਾਸ ਕਰਕੇ ਮੋਹਰਲੇ ਖੇਤਰਾਂ ਵਿਚ ਤਾਇਨਾਤ। ਹੁੱਡਾ ਨੇ ਅੱਗੇ ਕਿਹਾ, "ਜਿੱਥੋਂ ਤੱਕ ‘ਟੂਰ ਆਫ਼ ਡਿਊਟੀ’ ਮਾਡਲ ਦੀ ਗੱਲ ਹੈ, ਮੈਂ ਮਹਿਸੂਸ ਕਰਦਾ ਹਾਂ ਕਿ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਥੋੜ੍ਹਾ ਹੋਰ ਸੋਚਣ ਦੀ ਲੋੜ ਹੈ।
ਜੰਮੂ ਕਸ਼ਮੀਰ ਦੇ ਸਾਬਕਾ CM ਮੁਫ਼ਤੀ ਮੁਹੰਮਦ ਸਈਅਦ ਦੀ ਧੀ ਰੂਬੀਆ ਨੂੰ ਸੰਮਨ ਜਾਰੀ, ਜਾਣੋ ਕੀ ਹੈ ਮਾਮਲਾ
NEXT STORY