ਸ਼੍ਰੀਨਗਰ– ਕਾਰਗਿਲ ਵਿਜੇ ਦਿਵਸ ਦੇ ਮੱਦੇਨਜ਼ਰ ਭਾਰਤੀ ਫੌਜ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਮੋਟਰਸਾਈਕਲ ਰੈਲੀਆਂ ਦਾ ਆਯੋਜਨ ਜਾਰੀ ਹੈ। ਰੱਖਿਆ ਮੰਤਰਾਲਾ ਦੇ ਬੁਲਾਰੇ ਕਰਨਲ ਐਮਰੋਨ ਮੁਸਾਵੀ ਨੇ ਵੀਰਵਾਰ ਨੂੰ ਸ਼੍ਰੀਨਗਰ ’ਚ ਦੱਸਿਆ ਕਿ 22ਵੇਂ ਕਾਰਗਿਲ ਵਿਜੇ ਦਿਵਸ ਦੇ ਮੱਦੇਨਜ਼ਰ ਵੀਰਵਾਰ ਨੂੰ ਕਾਰਾਕੋਰਮ ਤੋਂ ਕਾਰਗਿਲ ਸ਼ਰਧਾਂਜਲੀ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜਨਰਲ ਅਫਸਰ ਕਮਾਂਡਿੰਗ, ਫਾਇਰ ਐਂਡ ਫਿਊਰੀ ਕੋਰ ਵਲੋਂ ਲੇਹ ਤੋਂ ਰਵਾਨਾ ਕੀਤੀ ਗਈ ਮੋਟਰਸਾਈਕਲ ਰੈਲੀ ਨੇ ਦੌਲਤ ਬੇਗ ਓਲਡੀ ਤਕ ਆਪਣਾ ਪਹਿਲਾ ਪੜਾਅ ਪੂਰਾ ਕੀਤਾ ਅਤੇ ਇਸੇ ਦਿਨ ਵਾਪਸ ਲੇਹ ਪਰਦ ਆਇਆ। ਰੈਲੀ ਦਾ ਦੂਜਾ ਪੜਾਅ ਵੀਰਵਾਰ ਨੂੰ ਲੇਹ ਤੋਂ ਦ੍ਰਾਸ ਤਕ ਸ਼ੁਰੂ ਹੋਇਆ ਅਤੇ ਇਸ ਦੀ ਅਗਵਾਈ ਲੈਫਟਨੈਂਟ ਜਨਰਲ ਪੀ.ਜੀ.ਕੇ. ਮੇਨਨ, ਜਨਰਲ ਅਫਸਰ ਕਮਾਂਡਿੰਗ, ਫਾਇਰ ਐਂਡ ਫਿਊਰੀ ਕੋਰ ਕਰਨਗੇ।
22ਵੇਂ ਕਾਰਗਿਲ ਵਿਜੇ ਦਿਵਸ ਦੇ ਮੱਦੇਨਜ਼ਰ ਮੁੱਖ ਸਮਾਰੋਹ ਅੱਜ ਯਾਨੀ 23 ਜੁਲਾਈ ਤੋਂ ਲੱਦਾਖ ਦੇ ਕਾਰਗਿਲ ਖੇਤਰ ’ਚ ਸ਼ੁਰੂ ਹੋਣਗੇ। ਉਸ ਤੋਂ ਪਹਿਲਾਂ ਕਾਰਗਿਲ ਵਿਜੇ ਦਿਵਸ ਦੀ 22ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਉੱਤਰੀ ਕਮਾਨ ਦੇ ਜੀ.ਓ.ਸੀ.-ਇ-ਸੀ ਲੈਫਟੀਨੈਂਟ ਜਨਰਲ ਵਾਈ.ਕੇ. ਜੋਸ਼ੀ ਨੇ ਮੋਟਰਸਾਈਕਲ ਰੈਲੀ ਦੀ ਅਗਵਾਈ ਕੀਤੀ। ਲੈਫਟੀਨੈਂਟ ਕਰਨਲ ਅਭਿਨਵ ਨਵਨੀਤ ਨੇ ਇਸ ਬਾਈਕ ਰੈਲੀ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਅਸੀਂ ਬਾਈਕ ਰੈਲੀ ‘ਧਰੁਵ ਕਾਰਗਿਲ ਰਾਈਡ’ ਦਾ ਆਯੋਜਨ ਕੀਤਾ ਹੈ। 25 ਬਾਈਕਰਾਂ ਦੇ ਨਾਲ ਫੌਜ ਕਮਾਂਡਰ ਉਧਮਪੁਰ ਤੋਂ ਦ੍ਰਾਸ, ਕਾਰਗਿਲ ਤਕ ਇਸ ਰੈਲੀ ਦੀ ਅਗਵਾਈ ਕਰ ਰਹੇ ਹਨ।
ਦੱਸ ਦੇਈਏ ਕਿ ਅੱਜ ਤੋਂ 22 ਸਾਲ ਪਹਿਲਾਂ ਪਾਕਿਸਤਾਨ ਫੌਜ ਅਤੇ ਘੁਸਪੈਠੀਆਂ ਨੇ ਭਾਰਤ ਦੇ ਕਾਰਗਿਲ ਖੇਤਰ ਦੀਆਂ ਉੱਚੀਆਂ ਚੋਟੀਆਂ ’ਤੇ ਕਬਜ਼ਾ ਕਰ ਲਿਆ ਸੀ, ਜਿਸ ਨੂੰ ਮੁਕਤ ਕਰਵਾਉਣ ਲਈ ਭਾਰਤੀ ਫੌਜ ਨੇ ਮੁਹਿੰਮ ਚਲਾਈ ਸੀ। ਫੌਜ ਦੀ ਅਣਥੱਕ ਮਹਿਨਤ ਅਤੇ ਕੁਰਬਾਨੀਆਂ ਤੋਂ ਬਾਅਦ 26 ਜੁਲਾਈ 1999 ਨੂੰ ਭਾਰਤੀ ਫੌਜ ਨੇ ਪਾਕਿਸਤਾਨੀਆਂ ’ਤੇ ਜਿੱਤ ਪ੍ਰਾਪਤ ਕੀਤੀ ਸੀ। ਇਸ ਖਾਸ ਦਿਨ ਨੂੰ ਭਾਰਤੀ ਫੌਜ ਹਰ ਸਾਲ 26 ਜੁਲਾਈ ਨੂੰ ਕਾਰਗਿਲ ਵਿਜੇ ਦਿਵਸ ਦੇ ਰੂਪ ’ਚ ਮਨਾਉਂਦੀ ਹੈ।
ਜਾਸੂਸੀ ਮਾਮਲੇ 'ਤੇ ਬੋਲੇ ਰਾਹੁਲ- ਅਮਿਤ ਸ਼ਾਹ ਨੂੰ ਅਸਤੀਫ਼ਾ ਦੇਣਾ ਚਾਹੀਦਾ
NEXT STORY