ਈਟਾਨਗਰ- ਅਰੁਣਾਚਲ ਪ੍ਰਦੇਸ਼ 'ਚ ਲੋਂਗਡਿੰਗ ਜ਼ਿਲ੍ਹਾ ਪ੍ਰਸ਼ਾਸਨ ਨੇ ਅੱਖਾਂ 'ਚ ਇਨਫੈਕਸ਼ਨ ਦੀ ਬੀਮਾਰੀ 'ਕੰਨਜਕਟਿਵਾਇਟਿਸ' ਫੈਲਣ ਮਗਰੋਂ ਕੰਨੂਬਾੜੀ ਸਬ-ਡਿਵੀਜ਼ਨ 'ਚ ਸਕੂਲ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦਾ ਹੁਕਮ ਦਿੱਤਾ ਹੈ। ਲੋਂਗਡਿੰਗ ਦੇ ਡਿਪਟੀ ਕਮਿਸ਼ਨਰ (ਡੀ. ਸੀ.) ਬਾਨੀ ਲੇਗੋ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਕਨੂੰਬਾੜੀ ਅਤੇ ਲਾਨੂੰ ਦੇ ਵਿੱਦਿਅਕ ਵਿਕਾਸ ਬਲਾਕ ਅਧੀਨ ਪੈਂਦੇ ਸਾਰੇ ਸਕੂਲਾਂ ਦੇ ਮੁਖੀਆਂ ਨੂੰ 29 ਜੁਲਾਈ ਤੱਕ ਆਪਣੇ-ਆਪਣੇ ਅਦਾਰੇ ਅਸਥਾਈ ਤੌਰ 'ਤੇ ਬੰਦ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਇਸ ਬੀਮਾਰੀ ਦੀ ਚੇਨ ਨੂੰ ਤੋੜਿਆ ਜਾ ਸਕੇ।
ਡੀ. ਸੀ. ਨੇ ਸਰਕੂਲਰ 'ਚ ਕਿਹਾ ਕਿ ਡਾਕਟਰਾਂ ਅਨੁਸਾਰ ਇਹ ਬੀਮਾਰੀ ਬਹੁਤ ਜ਼ਿਆਦਾ ਛੂਤ ਵਾਲੀ ਹੈ ਅਤੇ ਇਕ ਸੰਕਰਮਿਤ ਵਿਅਕਤੀ ਤੋਂ ਦੂਜੇ 'ਚ ਫੈਲ ਸਕਦੀ ਹੈ। 'ਕੰਨਜਕਟਿਵਾਇਟਿਸ' ਰੋਗ ਕਾਰਨ ਅੱਖਾਂ ਵਿਚ ਲਾਲੀ, ਖੁਜਲੀ, ਜਲਨ ਹੁੰਦੀ ਹੈ ਅਤੇ ਹੰਝੂ ਆਉਂਦੇ ਹਨ। ਇਹ ਇਨਫੈਕਸ਼ਨ ਕਿਸੇ ਸੰਕਰਮਿਤ ਵਿਅਕਤੀ ਦੀਆਂ ਅੱਖਾਂ 'ਚ ਪਾਣੀ ਆਉਣ, ਦੂਸ਼ਿਤ ਵਸਤੂਆਂ ਜਾਂ ਸਾਹ ਰਾਹੀ ਸਿੱਧੇ ਜਾਂ ਅਸਿੱਧੇ ਰੂਪ ਨਾਲ ਸੰਪਰਕ 'ਚ ਆਸਾਨੀ ਨਾਲ ਫੈਲ ਸਕਦਾ ਹੈ।
ਸਿਹਤ ਅਧਿਕਾਰੀਆਂ ਨੇ ਬੀਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਵਾਰ-ਵਾਰ ਹੱਥ ਧੋਣ, ਅੱਖਾਂ ਨੂੰ ਛੂਹਣ ਤੋਂ ਪਰਹੇਜ਼, ਨਿੱਜੀ ਸਫ਼ਾਈ, ਸਤ੍ਹਾ ਨੂੰ ਰੋਗਾਣੂ ਮੁਕਤ ਕਰਨ ਅਤੇ ਸੰਕਰਮਿਤ ਵਿਅਕਤੀਆਂ ਨੂੰ ਠੀਕ ਹੋਣ ਤੱਕ ਅਲੱਗ ਕਰਨ ਦੀ ਸਿਫਾਰਸ਼ ਕੀਤੀ ਹੈ। ਇਸ ਦੌਰਾਨ ਲੋਂਗਡਿੰਗ ਡੀ. ਡੀ. ਐੱਸ. ਈ. ਤਾਜ਼ੇ ਜਿਲੇਨ ਨੇ ਦੱਸਿਆ ਕਿ ਸਕੂਲਾਂ ਨੂੰ ਬੰਦ ਕਰਨ ਸਬੰਧੀ ਸਰਕੂਲਰ ਜਾਰੀ ਕੀਤਾ ਗਿਆ ਹੈ।
ਜੰਮੂ : ਡਿਵਾਈਡਰ ਨਾਲ ਟਕਰਾ ਕੇ ਖੱਡ 'ਚ ਡਿੱਗਾ ਟਰੱਕ, 2 ਦੀ ਮੌਤ
NEXT STORY