ਨੈਸ਼ਨਲ ਡੈਸਕ– ਕਰਨਾਟਕ ਦੇ ਉਪ ਮੁੱਖ ਮੰਤਰੀ ਡੀ. ਕੇ. ਸ਼ਿਵਕੁਮਾਰ ਤੇ ਗ੍ਰਹਿ ਮੰਤਰੀ ਜੀ. ਪਰਮੇਸ਼ਵਰ ਨੇ ਸ਼ੁੱਕਰਵਾਰ ਸ਼ਾਮ ਰਾਮੇਸ਼ਵਰਮ ਕੈਫੇ ’ਚ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਡੀ. ਕੇ. ਸ਼ਿਵਕੁਮਾਰ ਨੇ ਕਿਹਾ ਕਿ ਇਸ ਧਮਾਕੇ ਦੇ ਦੋਸ਼ੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਕੈਫੇ ਧਮਾਕੇ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ, ‘‘ਦੋਸ਼ੀ ਦੀ ਉਮਰ 28 ਤੋਂ 30 ਸਾਲ ਦੇ ਵਿਚਕਾਰ ਹੈ। ਸੀ. ਸੀ. ਟੀ. ਵੀ. ਫੁਟੇਜ ’ਚ ਦਿਖਾਇਆ ਗਿਆ ਹੈ ਕਿ ਉਹ ਕੈਫੇ ’ਚ ਆਇਆ ਤੇ ਕਾਊਂਟਰ ਤੋਂ ਕੂਪਨ ਲੈ ਗਿਆ। ਉਸ ਨੇ ਰਵਾ ਇਡਲੀ ਮੰਗਵਾਈ ਪਰ ਖਾਧੀ ਨਹੀਂ। ਉਸ ਨੇ ਬੰਬ ਵਾਲਾ ਬੈਗ ਰੱਖਿਆ ਤੇ ਬਾਹਰ ਚਲਾ ਗਿਆ।’’
ਕਰਨਾਟਕ ਦੇ ਉਪ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਸੀ. ਸੀ. ਟੀ. ਵੀ. ਤੋਂ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ। ਕੇਂਦਰੀ ਅਪਰਾਧ ਸ਼ਾਖਾ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਅਸੀਂ ਹੋਰ ਏਜੰਸੀਆਂ ਨੂੰ ਵੀ ਸੂਚਿਤ ਕਰ ਦਿੱਤਾ ਹੈ। ਸਾਨੂੰ ਭਰੋਸਾ ਹੈ ਕਿ ਪੁਲਸ ਕੁਝ ਘੰਟਿਆਂ ’ਚ ਇਸ ਮਾਮਲੇ ਦਾ ਪਰਦਾਫਾਸ਼ ਕਰ ਦੇਵੇਗੀ। ਧਮਾਕੇ ’ਚ ਕੋਈ ਵੀ ਗੰਭੀਰ ਰੂਪ ਨਾਲ ਜ਼ਖ਼ਮੀ ਨਹੀਂ ਹੋਇਆ ਹੈ। ਇਹ ਕੋਈ ਵੱਡਾ ਬੰਬ ਧਮਾਕਾ ਨਹੀਂ ਸੀ ਪਰ ਫਿਰ ਵੀ ਅਸੀਂ ਆਪਣਾ ਫਰਜ਼ ਨਿਭਾਅ ਰਹੇ ਹਾਂ।’’ ਰਾਜਪਾਲ ਥਾਵਰਚੰਦ ਗਹਿਲੋਤ ਸ਼ੁੱਕਰਵਾਰ ਰਾਤ ਵੈਦੇਹੀ ਹਸਪਤਾਲ ਤੇ ਬਰੁਕਫੀਲਡ ਮਲਟੀ-ਸਪੈਸ਼ਲਿਟੀ ਹਸਪਤਾਲ ਪਹੁੰਚੇ ਤੇ ਬੈਂਗਲੁਰੂ ਬੰਬ ਧਮਾਕੇ ਦੇ ਪੀੜਤਾਂ ਨਾਲ ਮੁਲਾਕਾਤ ਕੀਤੀ।
ਇਹ ਖ਼ਬਰ ਵੀ ਪੜ੍ਹੋ : ਗੂਗਲ ਨੇ ALT ਤੇ Kuku FM ਸਣੇ ਇਨ੍ਹਾਂ 10 ਮਸ਼ਹੂਰ ਐਪਸ ਨੂੰ Playstore ਤੋਂ ਹਟਾਇਆ, ਦੱਸਿਆ ਇਹ ਕਾਰਨ
ਧਮਾਕੇ ਦੇ ਸਬੰਧ ’ਚ ਬੈਂਗਲੁਰੂ ਦੇ ਐੱਚ. ਏ. ਐੱਲ. ਪੁਲਸ ਸਟੇਸ਼ਨ ’ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਧਾਮ) ਐਕਟ ਤੇ ਵਿਸਫੋਟਕ ਪਦਾਰਥ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਹ ਪੁੱਛੇ ਜਾਣ ’ਤੇ ਕਿ ਕੀ ਇਹ ਅੱਤਵਾਦੀ ਘਟਨਾ ਹੈ? ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ ਉਹ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਇਸ ਬਾਰੇ ਟਿੱਪਣੀ ਕਰ ਸਕਦੇ ਹਨ। ਫੋਰੈਂਸਿਕ ਵਿਭਾਗ ਨੇ ਮੌਕੇ ਤੋਂ ਸਬੂਤ ਇਕੱਠੇ ਕਰ ਲਏ ਹਨ। ਧਮਾਕੇ ’ਚ ਕਿਹੜੇ ਵਿਸਫੋਟਕ ਦੀ ਵਰਤੋਂ ਕੀਤੀ ਗਈ ਸੀ, ਇਹ ਲੈਬ ਟੈਸਟ ਤੋਂ ਬਾਅਦ ਪਤਾ ਲੱਗੇਗਾ।
ਦੱਸ ਦਈਏ ਕਿ 9 ਜ਼ਖ਼ਮੀਆਂ ’ਚੋਂ ਜ਼ਿਆਦਾਤਰ ਰਾਮੇਸ਼ਵਰਮ ਕੈਫੇ ਦੇ ਕਰਮਚਾਰੀ ਹਨ। ਇਕ ਔਰਤ ਗਾਹਕ ਹੈ। ਬਰੁਕਫੀਲਡ ਹਸਪਤਾਲ ’ਚ ਰਾਮੇਸ਼ਵਰਮ ਕੈਫੇ ਬੰਬ ਧਮਾਕੇ ਦੇ ਤਿੰਨ ਪੀੜਤਾਂ ਦਾ ਇਲਾਜ ਕਰ ਰਹੇ ਡਾਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਖ਼ੁਸ਼ਕਿਸਮਤੀ ਨਾਲ ਤਿੰਨਾਂ ਦੀ ਹਾਲਤ ਸਥਿਰ ਹੈ। ਇਕ ਔਰਤ ਦੇ ਗੰਭੀਰ ਸੱਟਾਂ ਲੱਗੀਆਂ ਹਨ ਤੇ ਉਹ 40 ਫ਼ੀਸਦੀ ਝੁਲਸ ਗਈ ਹੈ। ਉਸ ਦੀ ਸਰਜਰੀ ਹੋ ਰਹੀ ਹੈ। ਇਕ ਪੀੜਤ ਦੇ ਕੰਨ ਦੇ ਪਰਦੇ ’ਤੇ ਸੱਟ ਲੱਗੀ ਹੈ। ਧਮਾਕੇ ਦੀ ਆਵਾਜ਼ ਕਾਰਨ ਤਿੰਨੇ ਜ਼ਖ਼ਮੀ ਹੋ ਗਏ। ਕਿਸੇ ਵੀ ਪੀੜਤ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ।
ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਘਟਨਾ ’ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਬੈਂਗਲੁਰੂ ਦੱਖਣੀ ਦੇ ਸੰਸਦ ਮੈਂਬਰ ਤੇਜਸਵੀ ਸੂਰਿਆ ਨੇ ਮੁੱਖ ਮੰਤਰੀ ਸਿੱਧਰਮਈਆ ’ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਸ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਲਿਖਿਆ, ‘‘ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਹ ਧਮਾਕਾ ਕਿਸੇ ਗਾਹਕ ਵਲੋਂ ਛੱਡੇ ਗਏ ਬੈਗ ਕਾਰਨ ਹੋਇਆ ਸੀ ਨਾ ਕਿ ਕਿਸੇ ਸਿਲੰਡਰ ਦੇ ਧਮਾਕੇ ਕਾਰਨ। ਉਨ੍ਹਾਂ ਦਾ ਇਕ ਕਰਮਚਾਰੀ ਜ਼ਖ਼ਮੀ ਹੋ ਗਿਆ ਹੈ। ਇਹ ਸਪੱਸ਼ਟ ਤੌਰ ’ਤੇ ਬੰਬ ਧਮਾਕੇ ਦਾ ਮਾਮਲਾ ਜਾਪਦਾ ਹੈ। ਬੈਂਗਲੁਰੂ ਸੀ. ਐੱਮ. ਸਿਧਾਰਮਈਆ ਤੋਂ ਸਪੱਸ਼ਟ ਜਵਾਬ ਦੀ ਮੰਗ ਕਰਦਾ ਹੈ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
4 ਮਹੀਨਿਆਂ ਦੇ ਤਲਾਸ਼ੀ ਅਭਿਆਨ ਤੋਂ ਬਾਅਦ ਹਸਪਤਾਲ ਦੇ ਮੁਰਦਾਘਰ ’ਚੋਂ ਮਿਲੀ ਫੌਜੀ ਦੀ ਮਾਂ ਦੀ ਲਾਸ਼
NEXT STORY