ਨਵੀਂ ਦਿੱਲੀ: ਏਅਰ ਇੰਡੀਆ ਨੇ ਸੁਰੱਖਿਆ ਅਤੇ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਇੱਕ ਮੁੱਖ ਪਾਇਲਟ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਜਾਂਚ ਦੌਰਾਨ ਇਹ ਸਾਬਤ ਹੋਇਆ ਹੈ ਕਿ ਪਾਇਲਟ ਫੁਕੇਤ ਤੋਂ ਦਿੱਲੀ ਆ ਰਹੀ ਫਲਾਈਟ ਨੂੰ ਨਸ਼ੇ (ਗਾਂਜੇ) ਦੀ ਹਾਲਤ ਵਿੱਚ ਉਡਾ ਰਿਹਾ ਸੀ। ਇਸ ਅਣਗਹਿਲੀ ਕਾਰਨ ਹਵਾ ਵਿੱਚ ਜਹਾਜ਼ ਅਚਾਨਕ 300 ਫੁੱਟ ਹੇਠਾਂ ਡਿੱਗ ਗਿਆ ਸੀ, ਜਿਸ ਨਾਲ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਸਨ।
ਏਅਰ ਇੰਡੀਆ ਦੇ ਬੁਲਾਰੇ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੁਕੇਤ-ਦਿੱਲੀ ਫਲਾਈਟ ਦੇ 'ਪਾਇਲਟ-ਇਨ-ਕਮਾਂਡ' ਦੀ ਜਾਂਚ ਵਿੱਚ ਸਾਈਕੋਐਕਟਿਵ ਪਦਾਰਥ ਪਾਇਆ ਗਿਆ ਹੈ। ਏਅਰਲਾਈਨ ਨੇ ਆਪਣੀ ਸੁਰੱਖਿਆ, ਫਿਟਨੈੱਸ ਅਤੇ ਨਿਯਮਾਂ ਦੀ ਉਲੰਘਣਾ ਸੰਬੰਧੀ 'ਜ਼ੀਰੋ-ਟਾਲਰੈਂਸ' ਨੀਤੀ ਦੇ ਤਹਿਤ ਕਾਰਵਾਈ ਕਰਦੇ ਹੋਏ ਪਾਇਲਟ ਦੀ ਨੌਕਰੀ ਤੁਰੰਤ ਪ੍ਰਭਾਵ ਨਾਲ ਖ਼ਤਮ ਕਰ ਦਿੱਤੀ ਹੈ।
ਹਾਦਸੇ ਦੌਰਾਨ 24 ਯਾਤਰੀ ਹੋਏ ਸਨ ਜ਼ਖ਼ਮੀ
ਇਹ ਖ਼ੌਫ਼ਨਾਕ ਘਟਨਾ ਬੀਤੀ 4 ਅਗਸਤ ਨੂੰ ਵਾਪਰੀ ਸੀ, ਜਦੋਂ ਫੁਕੇਤ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ AI 2379 ਅਚਾਨਕ ਇੱਕ ਝਟਕੇ ਨਾਲ 300 ਫੁੱਟ ਹੇਠਾਂ ਆ ਗਈ ਸੀ। ਇਸ ਏਅਰਬੱਸ A320-251N (ਰਜਿਸਟ੍ਰੇਸ਼ਨ ਨੰਬਰ VT-EXO) ਜਹਾਜ਼ ਵਿੱਚ 2 ਪਾਇਲਟਾਂ ਅਤੇ 6 ਕਰੂ ਮੈਂਬਰਾਂ ਸਮੇਤ ਕੁੱਲ 145 ਲੋਕ ਸਵਾਰ ਸਨ। ਜਹਾਜ਼ ਦੇ ਦਿੱਲੀ ਹਵਾਈ ਅੱਡੇ 'ਤੇ ਉਤਰਨ ਤੋਂ ਬਾਅਦ 24 ਲੋਕਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ 4 ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਵਿਮਾਨ ਹਾਦਸਾ ਜਾਂਚ ਬਿਊਰੋ (AAIB) ਅਨੁਸਾਰ ਸ਼ੁਰੂ ਵਿੱਚ ਇਹ ਰਿਪੋਰਟ ਮਿਲੀ ਸੀ ਕਿ ਜਹਾਜ਼ ਨੂੰ ਹਵਾ ਦੇ ਦਬਾਅ (ਟੁਰਬੂਲੈਂਸ) ਦਾ ਸਾਹਮਣਾ ਕਰਨਾ ਪਿਆ ਸੀ। ਪਰ ਇਕੱਠੇ ਕੀਤੇ ਗਏ ਸਬੂਤਾਂ ਅਤੇ ਯਾਤਰੀਆਂ ਨੂੰ ਲੱਗੀਆਂ ਸੱਟਾਂ ਦੇ ਮੁਲਾਂਕਣ ਦੇ ਅਧਾਰ 'ਤੇ ਹੁਣ ਇਸ ਘਟਨਾ ਨੂੰ 'ਹਾਦਸੇ' ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। AAIB ਨੇ ਸਪੱਸ਼ਟ ਕੀਤਾ ਕਿ ਮੁੱਖ ਪਾਇਲਟ ਦੀ ਸਾਈਕੋਐਕਟਿਵ ਪਦਾਰਥ ਸੰਬੰਧੀ ਰਿਪੋਰਟ 'ਨੈਗੇਟਿਵ ਨਹੀਂ' ਆਈ ਹੈ। ਜਾਂਚ ਏਜੰਸੀ ਨੇ ਇਸ ਨੂੰ ਗੰਭੀਰ ਚਿੰਤਾ ਦਾ ਵਿਸ਼ਾ ਦੱਸਦਿਆਂ ਹਵਾਬਾਜ਼ੀ ਰੈਗੂਲੇਟਰ DGCA ਨੂੰ ਪਹਿਲ ਦੇ ਅਧਾਰ 'ਤੇ ਉਚਿਤ ਕਾਰਵਾਈ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਮਾਮਲੇ ਦੀ ਤਹਿ ਤੱਕ ਜਾਣ ਲਈ ਜਾਂਚ ਟੀਮ ਨੇ ਹਵਾਈ ਅੱਡੇ 'ਤੇ ਉਡਾਣ ਦਲ ਦੇ ਦੋਵਾਂ ਮੈਂਬਰਾਂ ਅਤੇ ਚਾਲਕ ਦਲ ਤੋਂ ਵੱਖੋ-ਵੱਖਰੀ ਪੁੱਛਗਿੱਛ ਵੀ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
...ਜਦੋਂ ਅਚਾਨਕ ਉੱਠ ਕੇ ਬੈਠ ਗਈ 'ਲਾਸ਼' ! ਅੰਤਿਮ ਸਸਕਾਰ ਦੀਆਂ ਤਿਆਰੀਆਂ ਕਰ ਰਹੇ ਪਰਿਵਾਰ ਦੇ ਉੱਡੇ ਹੋਸ਼
NEXT STORY