ਨਵੀਂ ਦਿੱਲੀ/ ਜਲੰਧਰ (ਏਜੰਸੀਆਂ, ਸਲਵਾਣ)— ਬੇਂਗਲੁਰੂ ਵਿਖੇ 2 ਦਿਨ ਪਹਿਲਾਂ ਇਕ ਵੱਡਾ ਹਵਾਈ ਹਾਦਸਾ ਵਾਪਰਨੋਂ ਟਲ ਗਿਆ। ਇਸ ਸਬੰਧੀ ਵੀਰਵਾਰ ਮਿਲੀਆਂ ਰਿਪੋਰਟਾਂ ਮੁਤਾਬਕ ਇੰਡੀਗੋ ਦੇ 2 ਹਵਾਈ ਜਹਾਜ਼ ਆਸਮਾਨ 'ਚ ਇਕ-ਦੂਜੇ ਦੇ ਸਾਹਮਣੇ ਆ ਗਏ। ਇਨ੍ਹਾਂ ਵਿਚੋਂ ਇਕ ਹਵਾਈ ਜਹਾਜ਼ ਕੋਇੰਬਟੂਰ-ਹੈਦਰਾਬਾਦ ਦੀ ਉਡਾਨ 'ਤੇ ਸੀ, ਜਦਕਿ ਦੂਜਾ ਬੇਂਗਲੁਰੂ ਤੋਂ ਕੋਚੀ ਵਲ ਜਾ ਰਿਹਾ ਸੀ। ਖਬਰਾਂ ਮੁਤਾਬਕ 10 ਜੁਲਾਈ ਨੂੰ ਆਪਣੀ ਉਡਾਨ ਦੌਰਾਨ ਦੋਵੇਂ ਹਵਾਈ ਜਹਾਜ਼ ਆਸਮਾਨ ਵਿਚ ਇਕ-ਦੂਜੇ ਦੇ ਬਿਲਕੁਲ ਸਾਹਮਣੇ ਆ ਗਏ। ਭਾਵੇਂ ਇਹ ਸਾਹਮਣਾ ਇਕ ਸੈਕਿੰਡ ਲਈ ਹੀ ਹੋਇਆ ਪਰ ਦੋਵਾਂ ਹਵਾਈ ਜਹਾਜ਼ਾਂ ਦੇ ਪਾਇਲਟਾਂ ਵਲੋਂ ਵਰਤੀ ਗਈ ਬੇਹੱਦ ਚੌਕਸੀ ਕਾਰਨ ਵੱਡਾ ਦੁਖਾਂਤ ਵਾਪਰਨੋਂ ਟਲ ਗਿਆ।
ਦੱਸਿਆ ਜਾਂਦਾ ਹੈ ਕਿ ਏਅਰ ਟ੍ਰੈਫਿਕ ਕੰਟਰੋਲਰ ਨੇ ਕੋਇੰਬਟੂਰ ਤੋਂ ਹੈਦਰਾਬਾਦ ਜਾ ਰਹੇ ਹਵਾਈ ਜਹਾਜ਼ ਨੂੰ 36 ਹਜ਼ਾਰ ਫੁੱਟ ਦੀ ਉਚਾਈ 'ਤੇ ਉਡਾਨ ਭਰਨ ਲਈ ਕਿਹਾ ਸੀ ,ਜਦਕਿ ਦੂਜੇ ਹਵਾਈ ਜਹਾਜ਼ ਨੂੰ 28 ਹਜ਼ਾਰ ਫੁੱਟ ਦੀ ਉਚਾਈ 'ਤੇ ਉਡਣ ਦੀਆਂ ਹਦਾਇਤਾਂ ਸਨ। ਦੋਵੇਂ ਹਵਾਈ ਜਹਾਜ਼ ਉਸ ਸਮੇਂ ਅਚਾਨਕ ਆਹਮੋ-ਸਾਹਮਣੇ ਆ ਗਏ, ਜਦੋਂ ਇਕ ਹਵਾਈ ਜਹਾਜ਼ ਦੀ ਉਚਾਈ 27300 ਫੁੱਟ ਤੇ ਦੂਜੇ ਦੀ ਉਚਾਈ 27500 ਫੁੱਟ ਸੀ।
ਦੋਵਾਂ ਹਵਾਈ ਜਹਾਜ਼ਾਂ ਦਰਮਿਆਨ ਸਿਰਫ 4 ਮੀਲ ਦਾ ਫਾਸਲਾ ਰਹਿ ਗਿਆ ਸੀ। ਵਰਟੀਕਲ ਪੱਖੋਂ ਇਹ ਦੂਰੀ ਸਿਰਫ 200 ਫੁੱਟ ਦੀ ਸੀ, ਜੋ ਖਤਰਨਾਕ ਹੱਦ ਵਾਲੀ ਹੈ। ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਗਲਤੀ ਕਿਸ ਤਰ੍ਹਾਂ ਹੋਈ ਪਰ ਚੌਕਸੀ ਕਾਰਨ ਹਾਦਸਾ ਟਲ ਗਿਆ। ਇੰਡੀਗੋ ਹਵਾਈ ਕੰਪਨੀ ਨੇ ਵੀਰਵਾਰ ਰਾਤ ਤੱਕ ਇਸ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਸੀ।
ਬ੍ਰਿਟੇਨ ਦੇ 'ਵਿੰਡਰਸ਼' ਇੰਮੀਗ੍ਰੇਸ਼ਨ ਘੁਟਾਲੇ 'ਚ ਫਸੇ 93 ਭਾਰਤੀ
NEXT STORY