ਜੈਪੁਰ (ਭਾਸ਼ਾ)- 5 ਜਨਵਰੀ ਨੂੰ ਰਾਜਸਥਾਨ ਦੀ ਕਰਨਪੁਰ ਵਿਧਾਨ ਸਭਾ ਸੀਟ ਲਈ ਹੋਈ ਪੋਲਿੰਗ ਦੇ ਸੋਮਵਾਰ ਆਏ ਨਤੀਜੇ ’ਚ ਸੱਤਾਧਾਰੀ ਪਾਰਟੀ ਨੂੰ ਉਸ ਸਮੇ ਵੱਡਾ ਝਟਕਾ ਲੱਗਾ ਜਦੋਂ ਵਿਰੋਧੀ ਧਿਰ ਕਾਂਗਰਸ ਦੇ ਉਮੀਦਵਾਰ ਰੁਪਿੰਦਰ ਸਿੰਘ ਕੁੰਨਰ ਨੇ ਸੂਬਾ ਸਰਕਾਰ ਦੇ ਮੰਤਰੀ ਅਤੇ ਕਰਨਪੁਰ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਸੁਰਿੰਦਰਪਾਲ ਸਿੰਘ ਟੀ. ਟੀ. ਨੂੰ 11283 ਵੋਟਾਂ ਨਾਲ ਹਰਾ ਦਿੱਤਾ। ਚੋਣ ਕਮਿਸ਼ਨ ਨੇ ਇਹ ਜਾਣਕਾਰੀ ਦਿੱਤੀ। ਕਰਨਪੁਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਵਿਧਾਇਕ ਗੁਰਮੀਤ ਸਿੰਘ ਕੁੰਨਰ ਦੀ ਮੌਤ ਕਾਰਨ ਇਸ ਸੀਟ ’ਤੇ ਪਿਛਲੇ ਮਹੀਨੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ। ਚੋਣ ਵਿਭਾਗ ਦੀ ਵੈੱਬਸਾਈਟ ’ਤੇ ਉਪਲਬਧ ਜਾਣਕਾਰੀ ਅਨੁਸਾਰ ਕਾਂਗਰਸ ਦੇ ਰੁਪਿੰਦਰ ਸਿੰਘ ਨੂੰ 94,950 ਤੇ ਭਾਜਪਾ ਟੀ.ਟੀ. ਨੂੰ 83,667 ਵੋਟਾਂ ਮਿਲੀਆਂ। ਤੀਜੇ ਨੰਬਰ ’ਤੇ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪ੍ਰਿਥੀਪਾਲ ਸਿੰਘ ਨੂੰ 11940 ਵੋਟਾਂ ਪਈਆਂ। ਇਸ ਜਿੱਤ ਨਾਲ ਸੂਬੇ ਦੀ 200 ਮੈਂਬਰੀ ਵਿਧਾਨ ਸਭਾ ’ਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ ਹੁਣ 70 ਹੋ ਗਈ ਹੈ। ਸੱਤਾਧਾਰੀ ਭਾਜਪਾ ਦੇ 115 ਵਿਧਾਇਕ ਹਨ। ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ 30 ਦਸੰਬਰ ਨੂੰ ਕਰਨਪੁਰ ਸੀਟ ਤੋਂ ਚੋਣ ਲੜ ਰਹੇ ਸੁਰਿੰਦਰਪਾਲ ਸਿੰਘ ਟੀ.ਟੀ. ਨੂੰ ਮੰਤਰੀ ਮੰਡਲ ਵਿੱਚ ਰਾਜ ਮੰਤਰੀ (ਸੁਤੰਤਰ ਚਾਰਜ) ਵਜੋਂ ਸ਼ਾਮਲ ਕੀਤਾ ਸੀ। ਉਨ੍ਹਾਂ ਨੂੰ ਖੇਤੀਬਾੜੀ, ਮੰਡੀਕਰਨ, ਇੰਦਰਾ ਗਾਂਧੀ ਨਹਿਰੀ ਵਿਭਾਗ, ਘੱਟ ਗਿਣਤੀ ਮਾਮਲੇ ਅਤੇ ਵਕਫ਼ ਵਿਭਾਗ ਦਿੱਤਾ ਗਿਆ ਸੀ। ਟੀ.ਟੀ. ਦੀ ਇਹ ਲਗਾਤਾਰ ਦੂਜੀ ਹਾਰ ਹੈ। 2018 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਤੀਜੇ ਨੰਬਰ ’ਤੇ ਰਹੇ ਸਨ।
ਇਹ ਵੀ ਪੜ੍ਹੋ : ਕੜਾਕੇ ਦੀ ਠੰਡ ਦੇ ਬਾਵਜੂਦ ਕਰਨਪੁਰ ਵਿਧਾਨ ਸਭਾ ਸੀਟ 'ਤੇ 81.38 ਫ਼ੀਸਦੀ ਹੋਈ ਵੋਟਿੰਗ
ਲੋਕਾਂ ਨੇ ਭਾਜਪਾ ਨੂੰ ਸਬਕ ਸਿਖਾ ਦਿੱਤਾ : ਗਹਿਲੋਤ
ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਲੋਕਾਂ ਨੇ ਭਾਜਪਾ ਨੂੰ ਸਬਕ ਸਿਖਾ ਦਿੱਤਾ ਹੈ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਕਰਨਪੁਰ ਦੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਹੰਕਾਰ ਨੂੰ ਹਰਾ ਦਿੱਤਾ ਹੈ। ਲੋਕਾਂ ਨੇ ਉਸ ਭਾਜਪਾ ਨੂੰ ਸਬਕ ਸਿਖਾਇਆ ਹੈ, ਜਿਸ ਨੇ ਚੋਣਾਂ ਦੌਰਾਨ ਹੀ ਆਪਣੇ ਉਮੀਦਵਾਰ ਨੂੰ ਮੰਤਰੀ ਬਣਾ ਕੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ।
ਕਰਨਪੁਰ ਦੇ ਸਵੈਮਾਣ ਵਾਲੇ ਲੋਕਾਂ ਨੂੰ ਸਲਾਮ : ਗੋਵਿੰਦ ਸਿੰਘ
ਸੂਬਾ ਕਾਂਗਰਸ ਦੇ ਪ੍ਰਧਾਨ ਗੋਵਿੰਦ ਸਿੰਘ ਨੇ ਕਿਹਾ ਕਿ ਇਹ ਫਤਵਾ ਭਾਜਪਾ ਦੀ ਤਾਨਾਸ਼ਾਹੀ ਅਤੇ ਗੈਰ-ਲੋਕਤੰਤਰੀ ਨੀਤੀ ’ਤੇ ਕਰਾਰੀ ਚੁਪੇੜ ਹੈ। ਉਨ੍ਹਾਂ ‘ਐਕਸ’ ’ਤੇ ਲਿਖਿਆ ਕਿ ਜਦੋਂ ਦੇਸ਼ ਦੇ ਸੰਵਿਧਾਨਕ ਅਦਾਰੇ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਂਦੇ ਹਨ ਤਾਂ ਲੋਕਾਂ ਦੀ ਕਚਹਿਰੀ ’ਚ ਨਿਆਂ ਹੁੰਦਾ ਹੈ। ਕਰਨਪੁਰ ਦੇ ਸਵੈਮਾਣ ਵਾਲੇ ਲੋਕਾਂ ਨੂੰ ਸਲਾਮ।
ਇਹ ਵੀ ਪੜ੍ਹੋ : ਠੰਡ ਕਾਰਨ ਸਕੂਲਾਂ 'ਚ ਮੁੜ ਛੁੱਟੀਆਂ ਦਾ ਐਲਾਨ, ਇਸ ਤਾਰੀਖ਼ ਤੱਕ ਰਹਿਣਗੇ ਬੰਦ
ਸਚਿਨ ਪਾਇਲਟ ਵਲੋਂ ਧੰਨਵਾਦ
ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਕਾਂਗਰਸੀ ਉਮੀਦਵਾਰ ਨੂੰ ਜੇਤੂ ਬਣਾਉਣ ਲਈ ਇਲਾਕੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਮੈਨੂੰ ਖੁਸ਼ੀ ਹੈ ਕਿ ਕਰਨਪੁਰ ਦੇ ਸਵੈਮਾਣ ਵਾਲੇ ਲੋਕਾਂ ਨੇ ਕਾਂਗਰਸ ਦੇ ਰੀਤੀ-ਰਿਵਾਜਾਂ ਅਤੇ ਵਿਚਾਰਧਾਰਾ ’ਤੇ ਭਰੋਸਾ ਪ੍ਰਗਟ ਕੀਤਾ ਹੈ।'
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਗਵਾਨ ਰਾਮ ਦੇ ਰੰਗ 'ਚ ਰੰਗਿਆ ਸੋਸ਼ਲ ਮੀਡੀਆ, ਪੰਜਾਬੀ 'ਚ ਰਾਮ ਭਜਨ ਦੀ ਵੀਡੀਓ ਵਾਇਰਲ
NEXT STORY