ਵੈੱਬ ਡੈਸਕ : ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਫੀਲਡ ਮਾਰਸ਼ਲ ਸੈਯਦ ਆਸਿਮ ਮੁਨੀਰ ਨੂੰ ਦੇਸ਼ ਦਾ ਪਹਿਲਾ ਚੀਫ ਆਫ ਡਿਫੈਂਸ ਫੋਰਸਿਸ (CDF) ਨਿਯੁਕਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦਾ ਕਾਰਜਕਾਲ ਪੰਜ ਸਾਲਾਂ ਦਾ ਹੋਵੇਗਾ। ਇਸਦੇ ਨਾਲ ਹੀ ਉਹ ਚੀਫ ਆਫ ਆਰਮੀ ਸਟਾਫ (COAS) ਦਾ ਅਹੁਦਾ ਵੀ ਸੰਭਾਲਦੇ ਰਹਿਣਗੇ। ਸਰਕਾਰ ਵੱਲੋਂ ਭੇਜੀ ਗਈ ਨਿਯੁਕਤੀ ਸੰਬੰਧੀ ਫਾਈਲ ਨੂੰ ਰਾਸ਼ਟਰਪਤੀ ਨੇ ਪ੍ਰਵਾਨ ਕਰ ਲਿਆ।
ਕੀ ਹੈ ਨਵਾਂ ਅਹੁਦਾ ?
ਹਾਲ ਹੀ 'ਚ ਪਾਕਿਸਤਾਨ ਦੀ ਸੰਸਦ ਨੇ 27ਵੀਂ ਸੰਵਿਧਾਨਕ ਸੋਧ ਪਾਸ ਕੀਤੀ ਸੀ ਜਿਸ ਤੋਂ ਬਾਅਦ ਚੀਫ ਆਫ ਜੁਆਇੰਟ ਚੀਫਸ ਆਫ ਸਟਾਫ ਕਮੇਟੀ (CJCSC) ਦਾ ਅਹੁਦਾ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਅਤੇ ਉਸਦੀ ਜਗ੍ਹਾ CDF ਦਾ ਨਵਾਂ ਅਹੁਦਾ ਬਣਾਇਆ ਗਿਆ। ਹੁਣ CDF ਆਪਣੇ ਨਾਲ ਫੌਜ, ਹਵਾਈ ਫੌਜ ਅਤੇ ਨੇਵੀ- ਤਿੰਨਾਂ ਦਾ ਮੁਖੀ ਹੋਵੇਗਾ ਅਤੇ ਸੰਯੁਕਤ ਆਪ੍ਰੇਸ਼ਨ, ਰਣਨੀਤੀ ਤੇ ਇੰਟਰ ਸਰਵਿਸ ਤਾਲਮੇਲ ਦੀ ਪੂਰੀ ਕਮਾਨ ਸੰਭਾਲੇਗਾ।
ਨਵੰਬਰ 2030 ਤੱਕ ਵਧਿਆ ਕਾਰਜਕਾਲ
-ਨਵੇਂ ਕਾਨੂੰਨ ਅਨੁਸਾਰ CDF ਨਿਯੁਕਤ ਹੋਣ ਤੋਂ ਬਾਅਦ ਆਰਮੀ ਚੀਫ ਦਾ ਕਾਰਜਕਾਲ ਦੁਬਾਰਾ ਸ਼ੁਰੂ ਮੰਨਿਆ ਜਾਵੇਗਾ।
-ਮੁਨੀਰ ਨਵੰਬਰ 2022 'ਚ ਆਰਮੀ ਚੀਫ ਬਣੇ ਸਨ, ਹੁਣ ਉਹ 2030 ਤੱਕ ਇਸ ਅਹੁਦੇ 'ਤੇ ਰਹਿਣਗੇ।
-ਕਾਨੂੰਨ ਅੁਨਸਾਰ ਇਸਨੂੰ 5 ਸਾਲ ਤੱਕ ਅੱਗੇ ਵੀ ਵਧਾਇਆ ਜਾ ਸਕਦਾ ਹੈ।
ਏਅਰ ਚੀਫ ਦੇ ਕਾਰਜਕਾਲ 'ਚ 2 ਸਾਲ ਦਾ ਵਾਧਾ
ਰਾਸ਼ਟਰਪਤੀ ਨੇ ਏਅਰ ਚੀਫ ਮਾਰਸ਼ਲ ਜ਼ਹੀਰ ਅਹਿਮਦ ਬਾਬਰ ਸਿੱਧੂ ਦੇ ਕਾਰਜਕਾਲ 'ਚ 2 ਸਾਲ ਦਾ ਵਾਧਾ ਵੀ ਮਨਜ਼ੂਰ ਕੀਤਾ ਹੈ ਜਿਹੜਾ 19 ਮਾਰਚ 2026 ਤੋਂ ਲਾਗੂ ਹੋਵੇਗਾ।
ਰਾਜਨੀਤਿਕ ਵਿਵਾਦ
ਇਸ ਸੋਧ 'ਤੇ ਵਿਰੋਧੀ ਧਿਰ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸੈਨਾ ਪ੍ਰਮੁੱਖ ਦਾ ਅਧਿਕਾਰ ਵਧਣਗੇ ਅਤੇ ਜਵਾਬਦੇਹੀ ਘੱਟ ਹੋ ਸਕਦੀ ਹੈ।
ਸਰਕਾਰ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦਿਆਂ ਕਿਹਾ ਕਿ ਸੰਸਦ ਨੂੰ ਸੰਵਿਧਾਨ 'ਚ ਸੋਧ ਕਰਨ ਦਾ ਪੂਰਾ ਹੱਕ ਹੈ।
ਯੂਪੀ ਦੇ ਬਰੇਲੀ 'ਚ ਕਾਰ-ਟਰੈਕਟਰ ਟਰਾਲੀ ਦੀ ਟੱਕਰ 'ਚ ਦੋ ਲੋਕਾਂ ਦੀ ਮੌਤ, ਛੇ ਜ਼ਖਮੀ
NEXT STORY