ਕਾਠਮੰਡੂ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਆਂਢੀ ਦੇਸ਼ ਨੇਪਾਲ ਵਿਚ 'ਬੇਅ ਆਫ ਬੰਗਾਲ ਇਨੀਸ਼ੀਏਟਿਵ ਫੌਰ ਮਲਟੀ ਸੈਕਟੋਰਲ ਟੈਕਨੀਕਲ ਐਂਡ ਇਕਨੋਮਿਕ ਕਾਰਪੋਰੇਸ਼ਨ' (ਬਿਮਸਟੇਕ) ਦੀ ਬੈਠਕ ਵਿਚ ਹਿੱਸਾ ਲੈਣ ਪਹੁੰਚੇ। ਚੌਥੇ ਬਿਮਸਟੇਕ ਸੰਮੇਲਨ ਦੇ ਸੈਸ਼ਨ ਦੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਲਈ ਗੁਆਂਢੀ ਦੇਸ਼ ਸਭ ਤੋਂ ਪਹਿਲਾਂ ਹਨ। ਭਾਰਤ ਇਨ੍ਹਾਂ ਦੇਸ਼ਾਂ ਨਾਲ ਖੇਤਰੀ ਸਹਿਯੋਗ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਆਪਣੇ ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਅੱਤਵਾਦ, ਡਿਜੀਟਲ ਕਨੈਕਟੀਵਿਟੀ, ਸੱਭਿਆਚਾਰ, ਕਲਾ ਅਤੇ ਹੋਰ ਮੁੱਦਿਆਂ 'ਤੇ ਗੱਲਬਾਤ ਕੀਤੀ। ਉਨ੍ਹਾਂ ਦੇ ਸੰਬੋਧਨ ਦੀਆਂ ਮੁੱਖ ਗੱਲਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।
ਬੰਗਾਲ ਦੀ ਖਾੜੀ ਸੁਰੱਖਿਆ ਮਹੱਤਵਪੂਰਣ
ਪੀ.ਐੱਮ. ਮੋਦੀ ਨੇ ਕਿਹਾ ਕਿ ਬੰਗਾਲ ਦੀ ਖਾੜੀ ਦੀ ਸੁਰੱਖਿਆ ਅਤੇ ਵਿਕਾਸ ਸਾਡੇ ਸਾਰਿਆਂ ਲਈ ਮਹੱਤਵਪੂਰਣ ਹੈ। ਪੀ.ਐੱਮ. ਮੋਦੀ ਨੇ ਅੱਤਵਾਦ ਮੁੱਦੇ 'ਤੇ ਕਿਹਾ ਕਿ ਅੱਜ ਕੋਈ ਵੀ ਦੇਸ਼ ਅਜਿਹਾ ਨਹੀਂ ਹੈ ਜਿਸ ਨੇ ਅੱਤਵਾਦ ਅਤੇ ਉਸ ਦੇ ਨੈੱਟਵਰਕ ਨਾਲ ਜੁੜੇ ਟ੍ਰਾਂਸ-ਨੈਸ਼ਨਲ ਅਪਰਾਧਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕੀਤਾ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮੁੱਦਿਆਂ 'ਤੇ ਉਹ ਬਿਮਸਟੇਕ ਫ੍ਰੇਮਵਰਕ ਵਿਚ ਕਾਨਫਰੰਸ ਦਾ ਆਯੋਜਨ ਕਰਨ ਲਈ ਤਿਆਰ ਹਨ।
ਕੁਦਰਤੀ ਮੁਸੀਬਤ ਸਮੇ ਸਹਿਯੋਗ ਦੀ ਕੀਤੀ ਅਪੀਲ
ਪੀ.ਐੱਮ. ਮੋਦੀ ਨੇ ਕਿਹਾ ਕਿ ਬਿਮਸਟੇਕ ਦੇ ਮੈਂਬਰ ਦੇਸ਼ ਹਿਮਾਲਿਆ ਅਤੇ ਬੰਗਾਲ ਦੀ ਖਾੜੀ ਦੇ ਮੱਧ ਵਿਚ ਸਥਿਤ ਹਨ। ਇਹ ਦੇਸ਼ ਬਾਰ-ਬਾਰ ਹੜ੍ਹ, ਚੱਕਰਵਾਤ ਅਤੇ ਭੂਚਾਲ ਜਿਹੀਆਂ ਕੁਦਰਤੀ ਆਫਤਾਂ ਨਾਲ ਜੂਝਦੇ ਹਨ। ਉਨ੍ਹਾਂ ਨੇ ਮਨੁੱਖੀ ਮਦਦ ਅਤੇ ਆਫਤ ਰਾਹਤ ਕੰਮਾਂ ਵਿਚ ਸਹਿਯੋਗ ਅਤੇ ਤਾਲਮੇਲ ਵਧਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਆਪਣੇ ਸਾਂਝੇ ਫਾਇਦੇ ਲਈ ਵਪਾਰ, ਆਰਥਿਕ, ਆਵਾਜਾਈ, ਡਿਜੀਟਲ ਅਤੇ ਲੋਕਾਂ ਦਾ ਲੋਕਾਂ ਨਾਲ ਸੰਪਰਕ ਵਧਾਉਣ ਦੇ ਖੇਤਰਾਂ ਵਿਚ ਕੰਮ ਕਰਨ ਦੀ ਲੋੜ ਹੈ।
ਖੇਤੀਬਾੜੀ ਵਿਚ ਸਟਾਰਟਅੱਪ ਦਾ ਪ੍ਰਸਤਾਵ
ਪੀ.ਐੱਮ. ਮੋਦੀ ਨੇ ਮੈਂਬਰਾਂ ਦੇਸ਼ਾਂ ਦੇ ਸਾਂਝੇ ਫਾਇਦੇ ਲਈ ਖੇਤੀਬਾੜੀ ਦੇ ਖੇਤਰਾਂ ਵਿਚ ਸੈਮੀਨਾਰ ਦੀ ਮੇਜ਼ਬਾਨੀ ਕਰਨ ਅਤੇ ਸਟਾਰਟਅੱਪ ਸਮੇਤ ਕਈ ਮੁਹਿੰਮਾਂ ਸ਼ੁਰੂ ਕਰਨ ਦਾ ਵੀ ਪ੍ਰਸਤਾਵ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਲਾ, ਸੱਭਿਆਚਾਰ ਅਤੇ ਹੋਰ ਮੁੱਦਿਆਂ ਵਿਚ ਸ਼ੋਧ ਲਈ ਭਾਰਤ ਨਾਲੰਦਾ ਯੂਨੀਵਰਸਿਟੀ ਵਿਚ ਸੈਂਟਰ ਫੌਰ ਬੇਅ ਆਫ ਬੰਗਾਲ ਸਟੱਡੀਜ਼ ਸਥਾਪਿਤ ਕਰੇਗਾ।
ਸਾਲ 2020 ਵਿਚ ਅੰਤਰਾਰਾਸ਼ਟਰੀ ਬੌਧ ਸਭਾ ਦਾ ਆਯੋਜਨ
ਪੀ.ਐੱਮ. ਮੋਦੀ ਨੇ ਕਿਹਾ ਭਾਰਤ ਅਗਸਤ 2020 ਵਿਚ ਅੰਤਰਰਾਸ਼ਟਰੀ ਬੌਧ ਸਭਾ ਦਾ ਆਯੋਜਨ ਕਰੇਗਾ। ਇਸ ਸੰਮੇਲਨ ਵਿਚ ਮੋਦੀ ਨੇ ਸਾਰੇ ਬਿਮਸਟੇਕ ਦੇਸ਼ਾਂ ਨੂੰ ਆਉਣ ਦਾ ਸੱਦਾ ਦਿੱਤਾ। ਮੋਦੀ ਨੇ ਕਿਹਾ ਕਿ ਭਾਰਤ ਡਿਜੀਟਲ ਸੰਪਰਕ ਦੇ ਖੇਤਰ ਵਿਚ ਸ਼੍ਰੀਲੰਕਾ, ਬੰਗਲਾਦੇਸ਼, ਭੂਟਾਨ ਅਤੇ ਨੇਪਾਲ ਨਾਲ ਰਾਸ਼ਟਰੀ ਗਿਆਨ ਨੈੱਟਵਰਕ ਦਾ ਵਿਸਥਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਬਿਮਸਟੇਕ ਮਹਿਲਾ ਸੰਸਦ ਮੈਂਬਰਾਂ ਲਈ ਵਿਸ਼ੇਸ਼ ਫੋਰਮ ਗਠਿਤ ਕਰਨ ਦਾ ਵੀ ਪ੍ਰਸਤਾਵ ਦਿੱਤਾ। ਇਸ ਦੇ ਨਾਲ ਹੀ ਬਿਮਸਟੇਕ ਨੌਜਵਾਨ ਸੰਮੇਲਨ ਅਤੇ ਬੈਕਿੰਗ ਸੰਮੇਲਨ ਨੂੰ ਸ਼ੁਰੂ ਕਰਨ ਦਾ ਪ੍ਰਸਤਾਵ ਵੀ ਰੱਖਿਆ। ਉਨ੍ਹਾਂ ਨੇ ਭਾਰਤ ਵਿਚ ਅਗਲੇ ਮਹੀਨੇ ਹੋਣ ਵਾਲੇ ਬਿਮਸਟੇਕ ਬਹੁਕੌਮੀ ਫੌਜੀ ਅਭਿਆਸ ਦੀ ਪ੍ਰਸ਼ੰਸਾ ਕੀਤੀ।
ਸੰਬੋਧਨ ਦੌਰਾਨ ਪੀ.ਐੱਮ. ਮੋਦੀ ਨੇ ਕਿਹਾ ਕਿ ਦੋ ਦਹਾਕਿਆਂ ਵਿਚ ਬਿਮਸਟੇਕ ਨੇ ਸ਼ਾਨਦਾਰ ਤਰੱਕੀ ਕੀਤੀ ਪਰ ਲੰਬੀ ਯਾਤਰਾ ਬਾਕੀ ਹੈ। ਨਾਲ ਹੀ ਇਨ੍ਹਾਂ ਦੇਸ਼ਾਂ ਵਿਚ ਸਿੱਖਿਆ ਅਤੇ ਵਿਕਾਸ ਲਈ ਆਪਸੀ ਸਹਿਯੋਗ ਜ਼ਰੂਰੀ ਹੈ। ਜ਼ਿਕਰਯੋਗ ਹੈ ਕਿ 7 ਦੇਸ਼ਾਂ ਦੇ ਇਸ ਸਮੂਹ ਵਿਚ ਸਾਰਕ ਦੇ 5 ਦੇਸ਼ ਬੰਗਲਾਦੇਸ਼, ਭੂਟਾਨ, ਭਾਰਤ ਅਤੇ ਸ਼੍ਰੀਲੰਕਾ ਸ਼ਾਮਲ ਹਨ। ਇਸ ਦੇ ਇਲਾਵਾ ਆਸੀਆਨ ਦੇ ਦੋ ਦੇਸ਼ ਮਿਆਂਮਾਰ ਅਤੇ ਥਾਈਲੈਂਡ ਵੀ ਇਸ ਦੇ ਮੈਂਬਰ ਹਨ।
ਜੰਮੂ ਕਸ਼ਮੀਰ: ਅੱਤਵਾਦੀਆਂ ਨੇ ਛੱਡਿਆ DSP ਦਾ ਭਰਾ, ਹੁਣ ਵੀ ਅੱਤਵਾਦੀਆਂ ਦੇ ਕਬਜ਼ੇ 'ਚ ਹਨ 9 ਲੋਕ
NEXT STORY