ਬਦਾਊਂ- ਉੱਤਰ ਪ੍ਰਦੇਸ਼ ਦੇ ਬਦਾਊਂ ਜ਼ਿਲ੍ਹੇ ਦੇ ਉਝਾਨੀ ਕੋਤਵਾਲੀ ਖੇਤਰ ਸਥਿਤ ਕਛਲਾ ਗੰਗਾ ਘਾਟ 'ਤੇ ਸ਼ਨੀਵਾਰ ਨੂੰ ਇਸ਼ਨਾਨ ਕਰਦੇ ਸਮੇਂ MBBS ਦੇ 5 ਵਿਦਿਆਰਥੀ ਗੰਗਾ ਨਦੀ 'ਚ ਡੂੰਘੇ ਪਾਣੀ 'ਚ ਡੁੱਬ ਗਏ। ਇਨ੍ਹਾਂ 'ਚੋਂ 2 ਵਿਦਿਆਰਥੀਆਂ ਨੂੰ ਬਚਾਅ ਲਇਆ ਗਿਆ ਪਰ 3 ਦੀਆਂ ਲਾਸ਼ਾਂ ਐਤਵਾਰ ਨੂੰ NDRF ਦੀ ਟੀਮ ਅਤੇ ਗੋਤਾਖ਼ੋਰਾਂ ਨੇ ਬਰਾਮਦ ਕੀਤੀਆਂ।
ਇਕ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਦੇਰ ਸ਼ਾਮ NDRF ਟੀਮ ਵੀ ਕਛਲਾ ਘਾਟ ਪਹੁੰਚ ਗਈ ਸੀ ਪਰ ਵਿਦਿਆਰਥੀਆਂ ਦੀ ਭਾਲ ਰਾਤ ਦੇ ਸਮੇਂ ਹਨ੍ਹੇਰਾਂ ਹੋਣ ਕਰ ਕੇ ਰੋਕ ਦਿੱਤੀ ਗਈ ਸੀ। NDRF ਨੇ ਐਤਵਾਰ ਦੀ ਸਵੇਰ ਨੂੰ ਤਲਾਸ਼ੀ ਮੁਹਿੰਮ ਮੁੜ ਸ਼ੁਰੂ ਕੀਤੀ ਤਾਂ ਦੁਪਹਿਰ 12 ਵਜੇ ਸਭ ਤੋਂ ਪਹਿਲਾਂ ਜੈ ਮੌਰਿਆ ਦੀ ਲਾਸ਼ ਮਿਲੀ, ਉਸ ਤੋਂ ਬਾਅਦ ਪਵਨ ਅਤੇ ਅਖ਼ੀਰ ਵਿਚ ਨਵੀਨ ਸੇਂਗਰ ਦੀ ਲਾਸ਼ ਘਾਟ ਤੋਂ 500 ਮੀਟਰ ਦੂਰ ਮਿਲੀ। ਤਿੰਨੋਂ ਵਿਦਿਆਰਥੀਆਂ ਦੀ ਉਮਰ 22 ਤੋਂ 26 ਸਾਲ ਦਰਮਿਆਨ ਹੈ।
ਸਰਕਾਰੀ ਮੈਡੀਕਲ ਕਾਲਜ, ਬਦਾਊਂ ਦੇ ਪ੍ਰਿੰਸੀਪਲ ਡਾ. ਧਰਮਿੰਦਰ ਗੁਪਤਾ ਨੇ ਦੱਸਿਆ ਸੀ ਕਿ 2019 ਬੈਂਚ ਦੇ 5 ਵਿਦਿਆਰਥੀ ਜੈ ਮੌਰਿਆ (ਵਾਸੀ-ਜੌਨਪੁਰ), ਪਵਨ ਪ੍ਰਕਾਸ਼ (ਵਾਸੀ-ਬਲੀਆ), ਨਵੀਨ ਸੇਂਗਰ (ਵਾਸੀ-ਹਾਥਰਸ), ਪ੍ਰਮੋਦ ਯਾਦਵ (ਵਾਸੀ-ਗੋਰਖਪੁਰ) ਅਤੇ ਅੰਕੁਸ਼ ਗਹਿਲੋਤ (ਭਰਤਪੁਰ-ਰਾਜਸਥਾਨ) ਬਿਨਾਂ ਕੋਈ ਸੂਚਨਾ ਦਿੱਤੇ ਕਛਲਾ ਘਾਟ 'ਤੇ ਗੰਗਾ ਇਸ਼ਨਾਨ ਕਰਨ ਲਈ ਗਏ ਸਨ। ਨਹਾਉਂਦੇ ਸਮੇਂ ਡੂੰਘੇ ਪਾਣੀ 'ਚ ਚਲੇ ਜਾਣ ਕਾਰਨ ਪੰਜੋਂ ਡੁੱਬਣ ਲੱਗੇ, ਜਿਸ 'ਚ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਅੰਕੁਸ਼ ਗਹਿਲੋਤ ਅਤੇ ਪ੍ਰਮੋਦ ਯਾਦਵ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜ਼ਿਲ੍ਹਾ ਮੈਜਿਸਟਰੇਟ ਮਨੋਜ ਕੁਮਾਰ ਨੇ ਐਤਵਾਰ ਨੂੰ ਦੱਸਿਆ ਕਿ NDRF ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਤੱਕ ਵਿਦਿਆਰਥੀਆਂ ਦੀ ਭਾਲ ਕੀਤੀ ਪਰ ਹਨ੍ਹੇਰਾ ਹੋਣ ਕਾਰਨ ਉਨ੍ਹਾਂ ਨੂੰ ਮੁਹਿੰਮ ਨੂੰ ਰੋਕਣਾ ਪਿਆ ਅਤੇ ਐਤਵਾਰ ਸਵੇਰੇ ਮੁੜ ਖੋਜ ਮੁਹਿੰਮ ਸ਼ੁਰੂ ਕੀਤੀ ਗਈ। ਕਰੀਬ 8 ਘੰਟੇ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਤਿੰਨਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਘਟਨਾ ਸਥਾਨ ਤੋਂ ਕਰੀਬ 500 ਮੀਟਰ ਦੂਰ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
CBI ਵਲੋਂ ਪੁੱਛ-ਗਿੱਛ ਲਈ ਬੁਲਾਉਣ 'ਤੇ ਸਿਸੋਦੀਆ ਦਾ ਜਵਾਬ, ਅਜੇ ਮੈਂ ਬਜਟ 'ਚ ਰੁੱਝਿਆ ਹਾਂ
NEXT STORY