ਬੈਂਗਲੁਰੂ- ਬੈਂਗਲੁਰੂ ਪੁਲਸ ਦੀ ਵਿਸ਼ੇਸ਼ ਜਾਂਚ ਟੀਮ (SIT) ਅਤੇ ਡਰੱਗ ਕੰਟਰੋਲ ਵਿਭਾਗ ਨੇ ਇਕ ਸਾਂਝੀ ਕਾਰਵਾਈ 'ਚ ਕੈਂਸਰ ਅਤੇ ਗੰਭੀਰ ਬੀਮਾਰੀਆਂ ਦੀਆਂ ਨਕਲੀ ਦਵਾਈਆਂ ਦੇ ਵੱਡੇ ਰੈਕੇਟ ਦਾ ਖੁਲਾਸਾ ਕੀਤਾ ਹੈ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਸ਼ਹਿਰ ਦੇ 90 ਤੋਂ ਵੱਧ ਹਸਪਤਾਲਾਂ ਅਤੇ ਕਲੀਨਿਕਾਂ 'ਚ ਨਕਲੀ ਜਾਂ ਰੀਪੈਕੇਜ਼ਡ ਦਵਾਈਆਂ ਸਪਲਾਈ ਕੀਤੀਆਂ ਗਈਆਂ ਹਨ।
ਜਾਂਚ 'ਚ ਪਤਾ ਲੱਗਾ ਹੈ ਕਿ ਇਹ ਗਿਰੋਹ ਲਗਭਗ 50 ਫੀਸਦੀ ਛੋਟ 'ਤੇ ਹਸਪਤਾਲਾਂ ਅਤੇ ਮੈਡੀਕਲ ਦੁਕਾਨਾਂ ਨੂੰ ਨਕਲੀ ਕੈਂਸਰ ਦਵਾਈਆਂ, ਲਾਈਫ਼ ਸੇਵਿੰਗ ਦਵਾਈਆਂ ਅਤੇ ਆਈਸੀਯੂ ਟੀਕੇ ਵੇਚਦਾ ਸੀ। ਇਸ ਮਾਮਲੇ 'ਚ ਪੁਲਸ ਨੇ ਮਿਨਰਵਾ ਸਰਕਲ ਕੋਲ ਕ੍ਰਿਪਾ ਹੈਲਥਕੇਅਰ 'ਤੇ ਛਾਪੇ ਤੋਂ ਬਾਅਦ ਫਾਰਮੇਸੀ ਸੰਚਾਲਕ ਵੀਰੇਸ਼ ਕੁਮਾਰ ਜੈਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਜਾਂਚਕਰਤਾਵਾਂ ਦੇ ਅਨੁਸਾਰ, ਗਿਰੋਹ ਘੱਟ ਕੀਮਤ ਵਾਲੀਆਂ ਦਵਾਈਆਂ ਖਰੀਦਦਾ ਸੀ ਅਤੇ ਉਨ੍ਹਾਂ ਨੂੰ ਵੱਖ-ਵੱਖ ਲੇਬਲ ਲਗਾ ਕੇ ਵੱਧ ਕੀਮਤਾਂ 'ਤੇ ਵੇਚਦਾ ਸੀ। ਅਧਿਕਾਰੀਆਂ ਨੂੰ ਇਹ ਵੀ ਸ਼ੱਕ ਹੈ ਕਿ ਮਿਆਦ ਪੁੱਗ ਚੁੱਕੀਆਂ ਦਵਾਈਆਂ ਨੂੰ ਨਵੇਂ ਡੱਬਿਆਂ 'ਚ ਪੈਕ ਕੀਤਾ ਗਿਆ ਸੀ ਅਤੇ ਨਕਲੀ ਲੇਬਲ ਲਗਾਏ ਜਾਂਦੇ ਸਨ। ਇਹ ਨਕਲੀ ਲੇਬਲ ਮਸ਼ਹੂਰ ਫਾਰਮਾਸਿਊਟੀਕਲ ਕੰਪਨੀਆਂ ਦੀ ਬ੍ਰਾਂਡਿੰਗ ਨਾਲ ਮਿਲਦੇ-ਜੁਲਦੇ ਸਨ। ਮਿਨਰਵਾ ਸਰਕਲ ਵਿਖੇ ਸਥਿਤ ਕ੍ਰਿਪਾ ਹੈਲਥਕੇਅਰ, ਇਨ੍ਹਾਂ ਦਵਾਈਆਂ ਲਈ ਸਟੋਰੇਜ ਅਤੇ ਵੰਡ ਕੇਂਦਰ ਵਜੋਂ ਕੰਮ ਕਰਦਾ ਸੀ।
ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਰੈਕੇਟ ਦਾ ਨੈੱਟਵਰਕ ਕਈ ਰਾਜਾਂ 'ਚ ਫੈਲਿਆ ਹੋ ਸਕਦਾ ਹੈ। 15 ਤੋਂ ਵੱਧ ਮੈਡੀਕਲ ਪ੍ਰਤੀਨਿਧੀਆਂ 'ਤੇ ਇਨ੍ਹਾਂ ਦਵਾਈਆਂ ਦੀ ਢੋਆ-ਢੁਆਈ ਅਤੇ ਵੰਡ 'ਚ ਸਹਾਇਤਾ ਕਰਨ ਦਾ ਸ਼ੱਕ ਹੈ। ਐੱਸਆਈਟੀ ਮੁਖੀ ਅਤੇ ਸੰਯੁਕਤ ਪੁਲਸ ਕਮਿਸ਼ਨਰ (ਪੱਛਮੀ) ਵਮਸੀ ਕ੍ਰਿਸ਼ਨਾ ਨੇ ਕਿਹਾ ਕਿ ਪੂਰੇ ਨੈੱਟਵਰਕ ਦੇ ਦਾਇਰੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਬੈਂਕ ਲੈਣ-ਦੇਣ, ਖਰੀਦ-ਵੇਚ ਦੇ ਰਿਕਾਰਡਾਂ ਅਤੇ ਜ਼ਬਤ ਦਸਤਾਵੇਜ਼ਾਂ ਦੀ ਜਾਂਚ ਕਰ ਰਹੀ ਹੈ।
ਪੁਲਸ ਨੂੰ ਸ਼ੱਕ ਹੈ ਕਿ ਗ੍ਰਿਫ਼ਤਾਰ ਕੀਤਾ ਗਿਆ ਵੀਰੇਸ਼ ਕੁਮਾਰ ਪਿਛਲੇ ਪੰਜ ਸਾਲਾਂ ਤੋਂ ਇਸ ਫਰਮ ਨੂੰ ਚਲਾ ਰਿਹਾ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਪ੍ਰਸ਼ਾਂਤ ਨਾਲ ਜੁੜਿਆ ਹੋਇਆ ਸੀ, ਜੋ ਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਅਤੇ ਕਥਿਤ ਮਾਸਟਰਮਾਈਂਡ ਹੈ। ਪ੍ਰਸ਼ਾਂਤ ਇਸ ਸਮੇਂ ਫਰਾਰ ਹੈ ਅਤੇ ਪੁਲਸ ਟੀਮਾਂ ਉਸ ਦੀ ਭਾਲ ਲਈ ਛਾਪੇਮਾਰੀ ਕਰ ਰਹੀਆਂ ਹਨ। ਵੀਰੇਸ਼ ਕੁਮਾਰ ਇਸ ਮਾਮਲੇ 'ਚ ਹੁਣ ਤੱਕ ਕੀਤੀ ਗਈ ਇਕਲੌਤੀ ਗ੍ਰਿਫ਼ਤਾਰੀ ਹੈ।
ਪਹਿਲਾਂ 5 ਕਰੋੜ ਰੁਪਏ ਦੀਆਂ ਦਵਾਈਆਂ ਜ਼ਬਤ ਕੀਤੀਆਂ ਗਈਆਂ ਸਨ
ਮਿਲੀ ਜਾਣਕਾਰੀ ਦੇ ਅਨੁਸਾਰ, ਇਹ ਮਾਮਲਾ 18 ਅਗਸਤ ਨੂੰ ਬੈਂਗਲੁਰੂ ਦੱਖਣੀ ਜ਼ਿਲ੍ਹੇ ਦੇ ਬਿਦਾਦੀ ਅਤੇ ਡੋਡੇਰੀ ਖੇਤਰਾਂ 'ਚ ਇਕ ਫਾਰਮ ਹਾਊਸ 'ਤੇ ਕੀਤੀ ਗਈ ਛਾਪੇਮਾਰੀ ਨਾਲ ਜੁੜਿਆ ਹੋਇਆ ਹੈ। ਉੱਥੇ ਲਗਭਗ 5 ਕਰੋੜ ਰੁਪਏ ਦੀਆਂ ਸ਼ੱਕੀ ਨਕਲੀ ਦਵਾਈਆਂ, ਜਾਅਲੀ ਇਨਵੌਇਸ, ਟੀਕਾ ਭਰਨ ਵਾਲੇ ਉਪਕਰਣ ਅਤੇ ਜਾਅਲੀ ਲੇਬਲ ਜ਼ਬਤ ਕੀਤੇ ਗਏ ਸਨ। ਇਸ ਤੋਂ ਬਾਅਦ ਕਰਨਾਟਕ, ਹਰਿਆਣਾ, ਹਿਮਾਚਲ ਪ੍ਰਦੇਸ਼, ਤਾਮਿਲਨਾਡੂ ਅਤੇ ਮਹਾਰਾਸ਼ਟਰ 'ਚ 10 ਥਾਵਾਂ 'ਤੇ ਤਲਾਸ਼ੀ ਲਈ ਗਈ, ਜਿਸ ਨਾਲ ਜਾਂਚ ਦਾ ਧਿਆਨ ਕ੍ਰਿਪਾ ਹੈਲਥਕੇਅਰ 'ਤੇ ਕੇਂਦਰਿਤ ਹੋ ਗਿਆ। ਐੱਸਆਈਟੀ ਹੁਣ ਪ੍ਰਭਾਵਿਤ ਹਸਪਤਾਲਾਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਗਣੇਸ਼ ਚਤੁਰਥੀ ਮੌਕੇ 200 ਸਾਲ ਬਾਅਦ ਬਣ ਰਿਹਾ ਖ਼ਾਸ ਯੋਗ ! ਇਨ੍ਹਾਂ ਰਾਸ਼ੀਆਂ ਵਾਲੇ ਲੋਕਾਂ ਦੀ ਚਮਕ ਜਾਏਗੀ ਕਿਸਮਤ
NEXT STORY