ਨੈਸ਼ਨਲ ਡੈਸਕ : ਕੈਬ ਰਾਹੀਂ ਸਫਰ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਸਰੋਤਾਂ ਅਨੁਸਾਰ ਹੁਣ ਓਲਾ, ਉਬਰ ਅਤੇ ਰੈਪਿਡੋ ਵਰਗੇ ਕੈਬ ਐਗਰੀਗੇਟਰ ਪਲੇਟਫਾਰਮਾਂ 'ਤੇ ਮਹਿਲਾ ਯਾਤਰੀ ਆਪਣੀ ਸਵਾਰੀ ਬੁੱਕ ਕਰਦੇ ਸਮੇਂ ਮਹਿਲਾ ਡਰਾਈਵਰ ਦੀ ਚੋਣ ਕਰ ਸਕਣਗੀਆਂ। ਇਸ ਦੇ ਲਈ ਐਪਸ ਵਿੱਚ 'ਸੇਮ ਜੈਂਡਰ ਡਰਾਈਵਰ' ਦਾ ਵਿਕਲਪ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ।
ਨਵੀਂ ਗਾਈਡਲਾਈਨਜ਼ ਅਤੇ ਸਖ਼ਤ ਨਿਯਮ
ਇਹ ਨਵਾਂ ਪ੍ਰਬੰਧ 'ਮੋਟਰ ਵਹੀਕਲ ਐਗਰੀਗੇਟਰਸ ਗਾਈਡਲਾਈਨਜ਼, 2025' ਵਿੱਚ ਕੀਤੇ ਗਏ ਤਾਜ਼ਾ ਸੋਧਾਂ ਤਹਿਤ ਲਿਆਂਦਾ ਗਿਆ ਹੈ। ਸਰਕਾਰੀ ਨੋਟੀਫਿਕੇਸ਼ਨ ਮੁਤਾਬਕ, ਇਨ੍ਹਾਂ ਬਦਲਾਅ ਦਾ ਮੁੱਖ ਮਕਸਦ ਯਾਤਰੀਆਂ, ਖਾਸ ਕਰਕੇ ਔਰਤਾਂ ਦੀ ਸੁਰੱਖਿਆ ਨੂੰ ਵਧਾਉਣਾ ਅਤੇ ਕੈਬ ਸੇਵਾਵਾਂ ਵਿੱਚ ਪਾਰਦਰਸ਼ਤਾ ਲਿਆਉਣਾ ਹੈ। ਸਾਰੀਆਂ ਕੈਬ ਕੰਪਨੀਆਂ ਨੂੰ ਆਪਣੇ ਐਪ ਵਿੱਚ ਤਕਨੀਕੀ ਬਦਲਾਅ ਕਰਕੇ ਜੈਂਡਰ ਚੁਣਨ ਦਾ ਵਿਕਲਪ ਦੇਣਾ ਹੋਵੇਗਾ। ਜੇਕਰ ਕੋਈ ਕੰਪਨੀ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਦੀ, ਤਾਂ ਉਸ ਦਾ ਲਾਇਸੈਂਸ ਮੁਅੱਤਲ ਜਾਂ ਰੱਦ ਵੀ ਕੀਤਾ ਜਾ ਸਕਦਾ ਹੈ।
ਟਿਪਿੰਗ ਸਿਸਟਮ ਵਿੱਚ ਵੀ ਹੋਇਆ ਬਦਲਾਅ
ਨਵੀਆਂ ਹਦਾਇਤਾਂ ਵਿੱਚ ਡਰਾਈਵਰਾਂ ਦੀ ਆਮਦਨ ਨੂੰ ਲੈ ਕੇ ਵੀ ਸਪੱਸ਼ਟ ਨਿਯਮ ਬਣਾਏ ਗਏ ਹਨ। ਹੁਣ ਯਾਤਰੀ ਯਾਤਰਾ ਪੂਰੀ ਹੋਣ ਤੋਂ ਬਾਅਦ ਆਪਣੀ ਮਰਜ਼ੀ ਨਾਲ ਡਰਾਈਵਰ ਨੂੰ ਟਿਪ (Tip) ਦੇ ਸਕਣਗੇ। ਇਹ ਟਿਪ ਪੂਰੀ ਤਰ੍ਹਾਂ ਡਰਾਈਵਰ ਨੂੰ ਮਿਲੇਗੀ ਅਤੇ ਕੰਪਨੀਆਂ ਇਸ ਵਿੱਚੋਂ ਕੋਈ ਕਟੌਤੀ ਨਹੀਂ ਕਰ ਸਕਣਗੀਆਂ। ਖ਼ਾਸ ਗੱਲ ਇਹ ਹੈ ਕਿ ਬੁਕਿੰਗ ਦੌਰਾਨ ਟਿਪ ਦਾ ਵਿਕਲਪ ਨਹੀਂ ਦਿਖਾਇਆ ਜਾਵੇਗਾ ਤਾਂ ਜੋ ਯਾਤਰੀਆਂ 'ਤੇ ਕੋਈ ਵਾਧੂ ਦਬਾਅ ਨਾ ਪਵੇ।
ਮਹਿਲਾ ਡਰਾਈਵਰਾਂ ਦੀ ਘਾਟ ਬਣੀ ਚੁਣੌਤੀ
ਹਾਲਾਂਕਿ ਇਸ ਫੈਸਲੇ ਨੂੰ ਲਾਗੂ ਕਰਨਾ ਇੰਨਾ ਸੌਖਾ ਨਹੀਂ ਹੋਵੇਗਾ। ਸਰੋਤ ਦੱਸਦੇ ਹਨ ਕਿ ਫਿਲਹਾਲ ਦੇਸ਼ ਵਿੱਚ ਕੈਬ ਡਰਾਈਵਰਾਂ ਵਿੱਚ ਮਹਿਲਾਵਾਂ ਦੀ ਹਿੱਸੇਦਾਰੀ 5 ਫੀਸਦੀ ਤੋਂ ਵੀ ਘੱਟ ਹੈ। ਅਜਿਹੀ ਸਥਿਤੀ ਵਿੱਚ, ਖਾਸ ਕਰਕੇ ਦੇਰ ਰਾਤ ਜਾਂ ਭੀੜ ਵਾਲੇ ਸਮੇਂ ਵਿੱਚ ਮਹਿਲਾ ਡਰਾਈਵਰਾਂ ਦੀ ਉਪਲਬਧਤਾ ਘੱਟ ਹੋਣ ਕਾਰਨ ਯਾਤਰੀਆਂ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ। ਰਾਜ ਸਰਕਾਰਾਂ ਨੂੰ ਹੁਣ ਇਨ੍ਹਾਂ ਨਿਯਮਾਂ ਨੂੰ ਆਪਣੀ ਲਾਇਸੈਂਸਿੰਗ ਵਿਵਸਥਾ ਵਿੱਚ ਸ਼ਾਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
'ਆਪ' ਦੇ 3 ਵੱਡੇ ਨੇਤਾਵਾਂ 'ਤੇ FIR ਦਰਜ, ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼
NEXT STORY