ਕੋਲਕਾਤਾ (ਏਜੰਸੀ)- ਸਤਿਆਜੀਤ ਰੇਅ ਫਿਲਮ ਅਤੇ ਟੈਲੀਵਿਜ਼ਨ ਇੰਸਟੀਚਿਊਟ (ਐੱਸ. ਆਰ. ਐੱਫ. ਟੀ. ਆਈ.) ਦੇ ਬਾਹਰ ਐਤਵਾਰ ਨੂੰ ‘ਬੰਗੀਯ ਹਿੰਦੂ ਜਾਗਰਣ ਮੰਚ’ ਦੇ ਮੈਂਬਰਾਂ ਦੇ ਵਿਰੋਧ-ਪ੍ਰਦਰਸ਼ਨ ਦੌਰਾਨ ਹਫੜਾ-ਦਫੜੀ ਮਚ ਗਈ, ਕਿਉਂਕਿ ਪੁਲਸ ਨੇ ਉਨ੍ਹਾਂ ਨੂੰ ਕੰਪਲੈਕਸ ਅੰਦਰ ਵੜਨ ਤੋਂ ਰੋਕ ਦਿੱਤਾ। ਇਹ ਪ੍ਰਦਰਸ਼ਨ 27 ਸਤੰਬਰ ਨੂੰ ਕੰਪਲੈਕਸ ’ਚ ਵਿਦਿਆਰਥੀਆਂ ਦੇ ਇਕ ਧੜੇ ਅਤੇ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਨਾਲ ਸਬੰਧਤ ਖਪਤਕਾਰ ਜਾਗਰੂਕਤਾ ਸਮੂਹ ਅਖਿਲ ਭਾਰਤੀ ਗ੍ਰਾਹਕ ਪੰਚਾਇਤ (ਏ. ਬੀ. ਜੀ. ਪੀ.) ਦੇ ਮੈਂਬਰਾਂ ਵਿਚਾਲੇ ਹੋਈ ਝੜਪ ਦੇ ਵਿਰੋਧ ’ਚ ਕੀਤਾ ਗਿਆ।
ਇਕ ਅਧਿਕਾਰੀ ਨੇ ਕਿਹਾ, ‘‘ਪ੍ਰਦਰਸ਼ਨਕਾਰੀ ਅੱਜ ਦੁਪਹਿਰ ਵੇਲੇ ਇੰਸਟੀਚਿਊਟ ਦੇ ਮੁੱਖ ਗੇਟ ’ਤੇ ਪਹੁੰਚੇ, ਪਰ ਉੱਥੇ ਤਾਇਨਾਤ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਕੰਪਲੈਕਸ ਅੰਦਰ ਵੜਨ ਤੋਂ ਰੋਕ ਦਿੱਤਾ।’’ ਉਨ੍ਹਾਂ ਦੱਸਿਆ ਕਿ ਕੁਝ ਪ੍ਰਦਰਸ਼ਨਕਾਰੀਆਂ ਨੇ ਇੰਸਟੀਚਿਊਟ ਦੇ ਮੁੱਖ ਗੇਟ ਨੂੰ ਜ਼ਬਰਦਸਤੀ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ ਅਤੇ ਇਸ ਦੌਰਾਨ ਧੱਕਾਮੁੱਕੀ ਵੀ ਹੋਈ। ਕੰਪਲੈਕਸ ਦੇ ਅੰਦਰ ਮੌਜੂਦ ਕਈ ਵਿਦਿਆਰਥੀਆਂ ਅਤੇ ਅਧਿਆਪਕਾਂ, ਜਿਨ੍ਹਾਂ ’ਚੋਂ ਕੁਝ ਹੈਲਮੇਟ ਪਹਿਨੇ ਹੋਏ ਸਨ, ਨੇ ਦੋਸ਼ ਲਗਾਇਆ ਕਿ ਬਾਹਰੋਂ ਕੰਪਲੈਕਸ ਦੇ ਅੰਦਰ ਪੱਥਰ ਅਤੇ ਪਾਣੀ ਦੀਆਂ ਬੋਤਲਾਂ ਸੁੱਟੀਆਂ ਗਈਆਂ।
ਪੁਲਸ ਦੇ ਇਕ ਹੋਰ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਲਾਤ ’ਤੇ ਬਾਰੀਕੀ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਥਿਤੀ ਨੂੰ ਹੋਰ ਵਿਗੜਨ ਤੋਂ ਰੋਕਣ ਲਈ ਲੋੜੀਂਦੀ ਗਿਣਤੀ ’ਚ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਬੰਗੀਯ ਹਿੰਦੂ ਜਾਗਰਣ ਮੰਚ ਦੇ ਇਕ ਮੈਂਬਰ ਨੇ ਕਿਹਾ ਕਿ ਸੰਗਠਨ ਨੇ ਇਸ ਵਿਰੋਧ-ਪ੍ਰਦਰਸ਼ਨ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ।
ਪੱਛਮੀ ਬੰਗਾਲ ’ਚ ਵੀ ਉੱਤਰਾਖੰਡ ਤੇ ਗੁਜਰਾਤ ਵਾਂਗ ਲਾਗੂ ਹੋਵੇਗਾ UCC : CM ਸ਼ੁਭੇਂਦੂ ਅਧਿਕਾਰੀ
NEXT STORY