ਦੇਹਰਾਦੂਨ- ਹਿਮਾਲਿਆ ਖੇਤਰ 'ਚ ਸਥਿਤ ਵਿਸ਼ਵ ਪ੍ਰਸਿੱਧ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ ਦੇ ਕਿਵਾੜ ਬੁੱਧਵਾਰ ਨੂੰ ਅਕਸ਼ੈ ਤ੍ਰਿਤੀਆ ਮੌਕੇ ਵੈਦਿਕ ਮੰਤਰਾਂ ਵਿਚਾਲੇ ਪੂਜਾ ਤੋਂ ਬਾਅਦ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਉੱਤਰਾਖੰਡ ਦੀ ਇਸ ਸਾਲ ਦੀ ਚਾਰ ਧਾਮ ਯਾਤਰਾ ਦੀ ਸ਼ੁਰੂਆਤ ਹੋ ਗਈ। ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਰਾਜ ਦੇ ਉੱਤਰਕਾਸ਼ੀ ਜ਼ਿਲ੍ਹੇ 'ਚ ਸਥਿਤ ਗੰਗੋਤਰੀ ਅਤੇ ਯਮੁਨੋਤਰੀ ਦੋਵਾਂ ਧਾਮਾਂ ਦੇ ਕਿਵਾੜ ਖੋਲ੍ਹਣ ਦੇ ਸਮਾਰੋਹ 'ਚ ਮੌਜੂਦ ਸਨ। ਉਨ੍ਹਾਂ ਨੇ ਦੋਵਾਂ ਧਾਮਾਂ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ 'ਤੇ ਪਹਿਲੀ ਪੂਜਾ ਕੀਤੀ ਅਤੇ ਚਾਰਧਾਮ ਯਾਤਰਾ ਦੇ ਸਫ਼ਲ ਆਯੋਜਨ ਅਤੇ ਦੇਸ਼ ਅਤੇ ਰਾਜ ਦੀ ਖੁਸ਼ੀ, ਖੁਸ਼ਹਾਲੀ ਅਤੇ ਤੰਦਰੁਸਤੀ ਲਈ ਪ੍ਰਾਰਥਨਾ ਕੀਤੀ। ਯਮੁਨੋਤਰੀ ਧਾਮ ਦੇ ਕਿਵਾੜ ਖੁੱਲ੍ਹਣ ਦੇ ਮੌਕੇ 'ਤੇ ਮੰਦਰ ਪਹੁੰਚਣ ਵਾਲੇ ਧਾਮੀ ਪਹਿਲੇ ਮੁੱਖ ਮੰਤਰੀ ਹਨ। ਮੰਦਰਾਂ ਦੇ ਕਿਵਾੜ ਖੁੱਲ੍ਹਣ ਦੇ ਮੌਕੇ ਗੰਗੋਤਰੀ ਅਤੇ ਯਮੁਨੋਤਰੀ ਮੰਦਰਾਂ 'ਤੇ ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ। ਧਾਰਮਿਕ ਪਰੰਪਰਾਵਾਂ ਅਨੁਸਾਰ, ਬੁੱਧਵਾਰ ਸਵੇਰੇ ਦੇਵੀ ਗੰਗਾ ਦੀ ਮੂਰਤੀ ਨੂੰ ਲੈ ਕੇ ਉਤਸਵ ਡੋਲੀ ਭੈਰਵ ਘਾਟੀ ਸਥਿਤ ਭੈਰਵ ਮੰਦਰ ਤੋਂ ਤੁਰ ਕੇ ਗੰਗੋਤਰੀ ਧਾਮ ਪਹੁੰਚੀ, ਜਿੱਥੇ ਵਿਸ਼ੇਸ਼ ਪੂਜਾ ਨਾਲ ਸਵੇਰੇ 10.30 ਵਜੇ ਮੰਦਰ ਦੇ ਕਿਵਾੜ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਇਸ ਤੋਂ ਬਾਅਦ ਸ਼ਨੀਦੇਵ ਮਹਾਰਾਜ ਦੀ ਅਗਵਾਈ 'ਚ ਸਰਦੀਆਂ ਦੇ ਨਿਵਾਸ ਸਥਾਨ ਖਰਸਲੀ ਤੋਂ ਯਮੁਨੋਤਰੀ ਧਾਮ ਪਹੁੰਚੀ ਅਤੇ ਧਾਰਮਿਕ ਰਸਮਾਂ ਨਾਲ ਯਮੁਨੋਤਰੀ ਮੰਦਰ ਦੇ ਕਿਵਾੜ ਸਵੇਰੇ 11:55 ਵਜੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ। ਪਵਿੱਤਰ ਸਥਾਨਾਂ ਦੇ ਦਰਵਾਜ਼ੇ ਖੁੱਲ੍ਹਣ ਦੇ ਮੌਕੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਸ਼ਰਧਾਲੂਆਂ ਨੇ ਅਖੰਡ ਜੋਤ ਦੇ ਦਰਸ਼ਨ ਕੀਤੇ ਅਤੇ ਗੰਗਾ ਤੇ ਯਮੁਨਾ 'ਚ ਇਸ਼ਨਾਨ ਕਰਕੇ ਪੁੰਨ ਪ੍ਰਾਪਤ ਕੀਤਾ।

ਮੁੱਖ ਮੰਤਰੀ ਨੇ ਦੇਵੀ ਗੰਗਾ ਅਤੇ ਯਮੁਨਾ ਦੇ ਮੰਦਰਾਂ 'ਚ ਵਿਸ਼ੇਸ਼ ਪੂਜਾ ਕੀਤੀ ਅਤੇ ਉੱਥੇ ਪਹੁੰਚੀਆਂ ਲੋਕ ਦੇਵਤਿਆਂ ਦੀਆਂ ਪਾਲਕੀਆਂ ਤੋਂ ਵੀ ਆਸ਼ੀਰਵਾਦ ਪ੍ਰਾਪਤ ਕੀਤਾ। ਧਾਮੀ ਨੇ ਇਸ ਮੌਕੇ ਕਿਹਾ ਕਿ ਚਾਰਧਾਮ ਯਾਤਰਾ ਰਸਮੀ ਤੌਰ 'ਤੇ ਅਕਸ਼ੈ ਤ੍ਰਿਤੀਆ ਦੇ ਸ਼ੁਭ ਤਿਉਹਾਰ 'ਤੇ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਉੱਤਰਾਖੰਡ ਦੇ ਚਾਰਧਾਮ ਦੇਸ਼-ਵਿਦੇਸ਼ ਦੇ ਸ਼ਰਧਾਲੂਆਂ ਲਈ ਆਸਥਾ ਦੇ ਪ੍ਰਮੁੱਖ ਕੇਂਦਰ ਹਨ ਅਤੇ ਹਰ ਸ਼ਰਧਾਲੂ ਦੀ ਇੱਛਾ ਹੁੰਦੀ ਹੈ ਕਿ ਉਸ ਨੂੰ ਇਨ੍ਹਾਂ ਧਾਮਾਂ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇ। ਮੁੱਖ ਮੰਤਰੀ ਨੇ ਕਿਹਾ,"ਰਾਜ 'ਚ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਆਯੋਜਿਤ ਚਾਰਧਾਮ ਯਾਤਰਾ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਰਧਾਲੂਆਂ ਦੀ ਸਹੂਲਤ ਅਤੇ ਸੌਖ ਨੂੰ ਧਿਆਨ 'ਚ ਰੱਖਦੇ ਹੋਏ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਦੇ ਯਤਨ ਕੀਤੇ ਗਏ ਹਨ। ਇਸ ਦੇ ਨਾਲ ਹੀ, ਆਵਾਜਾਈ ਪ੍ਰਬੰਧਨ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਸਾਰੇ ਲੋਕਾਂ ਨੂੰ 'ਗ੍ਰੀਨ ਅਤੇ ਕਲੀਨ ਚਾਰਧਾਮ ਯਾਤਰਾ' ਦੇ ਆਯੋਜਨ 'ਚ ਸਹਿਯੋਗ ਦੀ ਅਪੀਲ ਵੀ ਕੀਤੀ। ਉੱਤਰਾਖੰਡ ਦੇ ਚਾਰ ਧਾਮ 'ਚ ਸ਼ਾਮਲ 2 ਹੋਰ ਧਾਮ -ਕੇਦਾਰਨਾਥ ਅਤੇ ਬਦਰੀਨਾਥ ਦੇ ਕਿਵਾੜ ਕ੍ਰਮਵਾਰ 2 ਮਈ ਅਤੇ 4 ਮਈ ਨੂੰ ਖੁੱਲ੍ਹਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਾਤੀ ਜਨਗਣਨਾ ਕਰਵਾਏਗੀ ਮੋਦੀ ਸਰਕਾਰ, ਕੈਬਨਿਟ ਬੈਠਕ 'ਚ ਵੱਡਾ ਫ਼ੈਸਲਾ
NEXT STORY