ਬਿਹਾਰ ’ਚ ਕੀ ਚੱਲ ਰਿਹਾ ਹੈ ?
ਉੱਥੇ ਸਭ ਠੀਕ ਹੈ। ਜਿਸ ਢੰਗ ਨਾਲ ਮੌਜੂਦਾ ਗੱਠਜੋੜ ਮਜ਼ਬੂਤੀ ਨਾਲ ਅੱਗੇ ਵਧਣ ਦਾ ਕੰਮ ਕਰ ਰਿਹਾ ਹੈ, ਉਹ ਸਭ ਕੁਝ ਦੱਸ ਦਿੰਦਾ ਹੈ। ਬਿਹਾਰ ਵਿਚ ਚੋਣਾਂ ਹੁਣ ਨੇੜੇ ਹਨ। ਮੈਂ ਵਿਸ਼ਵਾਸ ਨਾਲ ਕਹਿ ਰਿਹਾ ਹਾਂ ਕਿ ਐੱਨ. ਡੀ. ਏ. ਪੂਰੀ ਮਜ਼ਬੂਤੀ ਨਾਲ ਇਤਿਹਾਸਕ ਜਿੱਤ ਵੱਲ ਵਧ ਰਿਹਾ ਹੈ।
ਇਤਿਹਾਸਕ ਜਿੱਤ ਦੀ ਉਮੀਦ ਪਿੱਛੇ ਜਾਤੀ ਮਰਦਮਸ਼ੁਮਾਰੀ ਕਿੰਨੀ ਅਹਿਮ ਹੋਵੇਗੀ ?
ਉਂਝ ਮੈਂ ਇਸ ਤਰ੍ਹਾਂ ਦੇ ਵਿਸ਼ਿਆਂ ਨੂੰ ਸਿਆਸਤ ਨਾਲ ਜੋੜ ਕੇ ਨਹੀਂ ਵੇਖਦਾ ਪਰ ਜਦੋਂ ਤੁਸੀਂ ਜਨ-ਭਾਵਨਾ ਦਾ ਸਨਮਾਨ ਕਰਦੇ ਹੋ ਤਾਂ ਯਕੀਨੀ ਤੌਰ ’ਤੇ ਜਨਤਾ ਦਾ ਸਾਥ ਵੀ ਤੁਹਾਨੂੰ ਮਿਲਦਾ ਹੈ। ਸਿਆਸੀ ਨਜ਼ਰੀਏ ਤੇ ਚੋਣ ਨਜ਼ਰੀਏ ਤੋਂ ਵੇਖਿਆ ਜਾਵੇ ਤਾਂ ਇਸ ਦਾ ਹਾਂ-ਪੱਖੀ ਅਸਰ ਪਵੇਗਾ ਅਤੇ ਲਾਭ ਹੋਵੇਗਾ। ਸਿਆਸੀ ਦੇ ਨਾਲ ਸਮਾਜਿਕ ਲਾਭ ਵੀ ਹੋਵੇਗਾ। ਸਮੁੱਚੇ ਵਿਕਾਸ ਦੀ ਗੱਲ ਅਸੀਂ ਲੋਕ ਕਰਦੇ ਆਏ ਹਾਂ। ਮੇਰੇ ਪਿਤਾ ਰਾਮਵਿਲਾਸ ਪਾਸਵਾਨ ਨੇ ਸੰਯੁਕਤ ਸੋਸ਼ਲਿਸਟ ਪਾਰਟੀ ਨਾਲ 60 ਦੇ ਦਹਾਕੇ ਵਿਚ ਸਿਆਸਤ ਦੀ ਸ਼ੁਰੂਆਤ ਕੀਤੀ ਸੀ। ਜਦੋਂ 1969 ’ਚ ਉਹ ਪਹਿਲੀ ਵਾਰ ਵਿਧਾਇਕ ਬਣੇ ਤਾਂ ਉਸ ਪਾਰਟੀ ਦਾ ਇਕ ਨਾਅਰਾ ਹੁੰਦਾ ਸੀ, ਜਿਸ ਨੂੰ ਉਨ੍ਹਾਂ ਸਦਨ ਵਿਚ ਕਈ ਵਾਰ ਦੁਹਰਾਇਆ। 1960 ਦੇ ਦਹਾਕੇ ਵਿਚ ਮੇਰੇ ਪਿਤਾ ਰਾਮਵਿਲਾਸ ਪਾਸਵਾਨ ਲੋਹੀਆ ਦੀ ਸੋਸ਼ਲਿਸਟ ਪਾਰਟੀ ’ਚੋਂ ਵਿਧਾਇਕ ਬਣੇ। ਉਨ੍ਹਾਂ ਦੀ ਪਾਰਟੀ ਦਾ ਨਾਅਰਾ ਸੀ–ਪਿਛੜਾ ਪਾਵੇ ਸੌ ਮੇਂ ਸਾਠ। ਇਸ ਗੱਲ ਨੂੰ ਅਮਲੀ ਰੂਪ ਦੇਣ, ਧਰਾਤਲ ’ਤੇ ਉਤਾਰਨ ਦਾ ਕੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਜਾਤੀਗਤ ਮਰਦਮਸ਼ੁਮਾਰੀ ਦੇ ਫੈਸਲੇ ਨੂੰ ਲੈ ਕੇ ਕੀਤਾ। ਮੇਰਾ ਮੰਨਣਾ ਹੈ ਕਿ ਇਸ ਨਾਲ ਮੇਰੇ ਪਿਤਾ ਵੀ ਖੁਸ਼ ਹੋਣਗੇ। ਨਾਲ ਹੀ ਦੇਸ਼ ਦੀ ਉਹ ਵੱਡੀ ਆਬਾਦੀ ਇਸ ਫੈਸਲੇ ਤੋਂ ਖੁਸ਼ ਹੈ, ਜੋ ਲੰਮੇ ਸਮੇਂ ਤੋਂ ਇਸ ਦੀ ਉਡੀਕ ਕਰ ਰਹੀ ਸੀ ਕਿਉਂਕਿ ਇਹ ਮਰਦਮਸ਼ੁਮਾਰੀ ਆਜ਼ਾਦੀ ਤੋਂ ਬਾਅਦ ਕਦੇ ਹੋਈ ਹੀ ਨਹੀਂ। ਜ਼ਰੂਰੀ ਹੋ ਗਿਆ ਸੀ ਕਿ ਇਸ ਨੂੰ ਹੁਣ ਕੀਤਾ ਜਾਵੇ।
ਜਾਤੀ ਮਰਦਮਸ਼ੁਮਾਰੀ ’ਤੇ ਐੱਨ. ਡੀ. ਏ. ਦਾ ਰਵੱਈਆ ਪਹਿਲਾਂ ਸਪਸ਼ਟ ਨਹੀਂ ਸੀ ?
ਮੈਨੂੰ ਲੱਗਦਾ ਹੈ ਕਿ ਹਰ ਫੈਸਲੇ ਦਾ ਢੁਕਵਾਂ ਸਮਾਂ ਹੁੰਦਾ ਹੈ ਅਤੇ ਸਹੀ ਸਮੇਂ ’ਤੇ ਸਹੀ ਫੈਸਲੇ ਲਏ ਜਾਣੇ ਹੁੰਦੇ ਹਨ। ਇਹ ਫੈਸਲਾ ਅਚਾਨਕ ਕੀਤਾ ਗਿਆ ਹੋਵੇ, ਅਜਿਹਾ ਨਹੀਂ ਹੈ। 1931 ਤੋਂ ਬਾਅਦ ਅਜਿਹਾ ਨਹੀਂ ਹੋਇਆ। ਲੰਮੇ ਸਮੇਂ ਤੋਂ ਗੱਠਜੋੜ ਅੰਦਰ ਇਸ ਗੱਲ ’ਤੇ ਚਰਚਾ ਹੋ ਰਹੀ ਸੀ। ਚਰਚਾ ਇਹ ਵੀ ਹੁੰਦੀ ਰਹੀ ਕਿ ਭਾਜਪਾ ਦਾ ਜਾਤੀਗਤ ਮਰਦਮਸ਼ੁਮਾਰੀ ਪ੍ਰਤੀ ਸਮਰਥਨ ਨਹੀਂ ਮਿਲ ਰਿਹਾ। ਭਾਜਪਾ ਕਦੇ ਵੀ ਇਸ ਦੇ ਵਿਰੋਧ ਵਿਚ ਨਹੀਂ ਸੀ। ਬਿਹਾਰ ਵਿਚ ਤਾਂ ਸਰਵੇਖਣ ਕਰਵਾਉਣ ਦੌਰਾਨ ਐੱਨ. ਡੀ. ਏ. ਗੱਠਜੋੜ ਦੇ ਨੇਤਾ ਇਸ ਦੇ ਲਈ ਲੋਕਾਂ ਵਿਚਕਾਰ ਵੀ ਗਏ। ਹੈਰਾਨੀ ਹੈ ਕਿ ਲੋਕ ਇਸ ਦਾ ਸਿਹਰਾ ਲੈਣ ਦੀ ਹੋੜ ਵਿਚ ਹਨ। ਰਾਹੁਲ ਗਾਂਧੀ ਤੇ ਵਿਰੋਧੀ ਧਿਰ ਦੇ ਹੋਰ ਨੇਤਾਵਾਂ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ, ਜਦੋਂਕਿ ਆਜ਼ਾਦੀ ਦੇ ਬਾਅਦ ਤੋਂ ਸਰਕਾਰ ਕਿਸ ਦੀ ਸੀ। ਅਖਿਲੇਸ਼ ਜਦੋਂ ਬੋਲਦੇ ਹਨ ਤਾਂ ਇਹ ਸਵਾਲ ਬਣਦਾ ਹੈ ਕਿ ਤੁਸੀਂ ਆਪਣੇ ਸਮੇਂ ’ਚ ਕੀ ਕੀਤਾ, ਤੁਸੀਂ ਤਾਂ ਖੁਦ ਮੁੱਖ ਮੰਤਰੀ ਸੀ।
ਅੱਗੇ ਕੀ ਰਣਨੀਤੀ ਹੋਵੇਗੀ ਤੁਹਾਡੀ ?
ਇਹ ਫੈਸਲਾ ਦੇਸ਼ ਦੀ ਵੱਡੀ ਆਬਾਦੀ ਦੀ ਭਾਵਨਾ ਨੂੰ ਵੇਖਦੇ ਹੋਏ ਲਿਆ ਗਿਆ ਹੈ। ਕਈ ਅਜਿਹੀਆਂ ਨੀਤੀਆਂ ਬਣਾਈਆਂ ਜਾਂਦੀਆਂ ਹਨ, ਜੋ ਵਿਸ਼ੇਸ਼ ਜਾਤੀ ਨੂੰ ਮੁੱਖ ਧਾਰਾ ਨਾਲ ਜੋੜਨ ਲਈ ਜ਼ਰੂਰੀ ਹੁੰਦੀਆਂ ਹਨ। ਜਦੋਂ ਤਕ ਜਾਤੀ ਮਰਦਮਸ਼ੁਮਾਰੀ ਦੇ ਅੰਕੜੇ ਨਹੀਂ ਹੋਣਗੇ ਤਾਂ ਉਨ੍ਹਾਂ ਨੂੰ ਲਾਭ ਕਿਵੇਂ ਦੇਵਾਂਗੇ ? ਜਨਤਾ ਨੂੰ ਪਤਾ ਹੈ ਕਿ ਇਸ ਫੈਸਲੇ ਦੇ ਪਿੱਛੇ ਪੀ. ਐੱਮ. ਮੋਦੀ ਹਨ ਅਤੇ ਉਨ੍ਹਾਂ ਨੂੰ ਹੀ ਇਸ ਦਾ ਸਿਹਰਾ ਜਾਂਦਾ ਹੈ। ਇਹ ਵਿਸ਼ਾ ਮੈਂ ਲਗਾਤਾਰ ਪੀ. ਐੱਮ. ਮੋਦੀ ਦੇ ਸਾਹਮਣੇ ਰੱਖਦਾ ਰਿਹਾ। ਜਦੋਂ ਉਨ੍ਹਾਂ ਨੂੰ ਲੱਗਾ ਕਿ ਇਹ ਫੈਸਲਾ ਲੈਣ ਦਾ ਸਹੀ ਸਮਾਂ ਹੈ ਤਾਂ ਉਨ੍ਹਾਂ ਇਹ ਫੈਸਲਾ ਲਿਆ। ਇਸ ਦਾ ਪੂਰਾ ਸਿਹਰਾ ਸਿਰਫ ਪੀ. ਐੱਮ. ਮੋਦੀ ਨੂੰ ਜਾਂਦਾ ਹੈ।
ਜਾਤੀ ਮਰਦਮਸ਼ੁਮਾਰੀ ’ਤੇ ਰਾਹੁਲ ਗਾਂਧੀ ਸਾਰੀਆਂ ਸ਼ਰਤਾਂ ਗਿਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤੁਹਾਡੀ ਕੀ ਰਣਨੀਤੀ ਹੋਵੇਗੀ ?
ਰਾਹੁਲ ਗਾਂਧੀ ਨੇ ਹੁਣ ਸਭ ਜਾਣਨਾ ਹੈ। ਮੋਦੀ ਸਰਕਾਰ ਹਰ ਕੰਮ ਪੁਖਤਾ ਢੰਗ ਨਾਲ ਕਰਦੀ ਹੈ। ਜਾਤੀ ਮਰਦਮਸ਼ੁਮਾਰੀ ਦਾ ਪੂਰਾ ਰੋਡਮੈਪ ਸਾਰਿਆਂ ਦੇ ਸਾਹਮਣੇ ਰੱਖਿਆ ਜਾਵੇਗਾ। ਕਾਫੀ ਕੰਮ ਹੋ ਚੁੱਕਾ ਹੈ, ਕਾਫੀ ਹੋਣਾ ਬਾਕੀ ਹੈ। ਇਸ ਨੂੰ ਟਾਈਮ ਬਾਊਂਡ ਰੱਖਿਆ ਜਾਵੇਗਾ। ਇਸ ਦਾ ਅਹਿਮ ਪਹਿਲੂ ਸਮਾਜ ਨੂੰ ਮਜ਼ਬੂਤ ਬਣਾਉਣਾ ਵੀ ਹੈ। ਪ੍ਰਾਈਵੇਟ ਸੈਕਟਰ ’ਚ ਰਾਖਵੇਂਕਰਨ ਦੀ ਮੰਗ ਵੀ ਹੈ ਸਾਡੀ। ਕਈ ਅਜਿਹੇ ਖੇਤਰ ਹਨ ਜਿੱਥੇ ਹੁਣ ਤਕ ਰਾਖਵੇਂਕਰਨ ਦਾ ਲਾਭ ਨਹੀਂ ਮਿਲਿਆ, ਉਨ੍ਹਾਂ ਨੂੰ ਲਾਭ ਦਿਵਾਉਣਾ ਹੈ।
ਔਰਤਾਂ ਤੇ ਦਲਿਤਾਂ ਨੂੰ ਵੱਡਾ ਹਿੱਸਾ ਮਿਲਣ ਦੀ ਸੰਭਾਵਨਾ ਹੈ, ਤੁਸੀਂ ਆਪਣੇ ਵੋਟ ਬੈਂਕ ਨੂੰ ਅੱਗੇ ਵਧਾਉਣ ਬਾਰੇ ਕਿਵੇਂ ਸੋਚੋਗੇ ?
ਮੈਂ ਜਾਤ-ਪਾਤ ਵਿਚ ਬਹੁਤ ਜ਼ਿਆਦਾ ਵਿਸ਼ਵਾਸ ਨਹੀਂ ਰੱਖਦਾ ਪਰ ਜਿਸ ਸੂਬੇ ਤੋਂ ਮੈਂ ਆਉਂਦਾ ਹੈ, ਉੱਥੋਂ ਦੀ ਸਿਆਸਤ ਜਾਤੀ ਦੇ ਹਿਸਾਬ ਨਾਲ ਹੁੰਦੀ ਹੈ। ਦਲਿਤਾਂ ਨੂੰ ਘੋੜੀ ’ਤੇ ਚੜ੍ਹਨ ਤੋਂ ਰੋਕਿਆ ਜਾਂਦਾ ਹੈ। ਦੇਸ਼ ਤੇ ਸਮਾਜ ਦੇ ਵਿਕਾਸ ਵਿਚ ਸਾਰਿਆਂ ਦੀ ਹਿੱਸੇਦਾਰੀ ਹੋਵੇ, ਇਸ ਦੇ ਲਈ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਕੌਣ ਕਿੱਥੇ ਹੈ। ਜਦੋਂ ਰਾਖਵੇਂਕਰਨ ਦੀ ਗੱਲ ਹੁੰਦੀ ਹੈ ਤਾਂ ਵੱਡੀਆਂ ਜਾਤੀਆਂ ਉਸ ਦਾ ਜ਼ਿਆਦਾ ਲਾਭ ਲੈ ਜਾਂਦੀਆਂ ਹਨ। ਲਾਭ ਸਾਰਿਆਂ ਨੂੰ ਮਿਲੇ, ਇਹ ਜ਼ਰੂਰੀ ਹੈ। ਵੋਟ ਬੈਂਕ ਦੀ ਸਿਆਸਤ ਤਾਂ ਕਦੇ ਸੋਚੀ ਹੀ ਨਹੀਂ।
ਨੀਤੀਆਂ ਤਾਂ ਬਣਦੀਆਂ ਰਹੀਆਂ ਪਰ ਲਾਭ ਕਿਸ ਨੂੰ ਕਿੰਨਾ ਮਿਲਿਆ ?
ਮੈਂ ਬਾਕੀ ਸਰਕਾਰਾਂ ਦੀ ਗੱਲ ਨਹੀਂ ਕਰਾਂਗਾ, ਬਾਕੀ ਸਰਕਾਰਾਂ ਨੇ ਕਿਸ ਸੋਚ ਦੇ ਨਾਲ ਕਿਸ ਨੂੰ ਕਿੰਨਾ ਲਾਭ ਦਿੱਤਾ। ਕਿਸ ਤਰ੍ਹਾਂ ਨੀਤੀਆਂ ਦਾ ਨਿਰਮਾਣ ਕੀਤਾ ਅਤੇ ਕਿਸ ਨੂੰ ਲਾਭ ਦਿੱਤਾ। ਆਪਣੀ ਸਰਕਾਰ ਦੀ ਗੱਲ ਕਰਾਂ ਤਾਂ ਪਿਛਲੇ 11 ਸਾਲਾਂ ਤੋਂ ਐੱਨ. ਡੀ. ਏ. ਸਰਕਾਰ ਗਰੀਬਾਂ ਦੀ ਭਲਾਈ ਲਈ ਵੱਡੇ ਪੱਧਰ ’ਤੇ ਕੰਮ ਕਰ ਰਹੀ ਹੈ। ਟਾਇਲਟ ਯੋਜਨਾ ਤੇ ਉੱਜਵਲਾ ਯੋਜਨਾ ਦਾ ਲਾਭ ਹਰ ਉਸ ਔਰਤ ਨੂੰ ਮਿਲ ਰਿਹਾ ਹੈ ਜੋ ਪਿੰਡ ਵਿਚ ਰਹਿ ਰਹੀ ਹੈ। ਆਖਰੀ ਕਤਾਰ ਦੀਆਂ ਔਰਤਾਂ ਨੂੰ ਵੀ ਲਾਭ ਮਿਲਿਆ ਹੈ। ਇਸੇ ਤਰ੍ਹਾਂ ਆਯੁਸ਼ਮਾਨ ਯੋਜਨਾ ਦੁਨੀਆ ਦੀ ਸਭ ਤੋਂ ਵੱਡੀ ਪ੍ਰਧਾਨ ਮੰਤਰੀ ਜਨ ਕਲਿਆਣ ਅੰਨ ਯੋਜਨਾ ਹੈ, ਜਿਸ ਦਾ ਲਾਭ ਪੂਰੇ ਦੇਸ਼ ਨੂੰ ਮਿਲ ਰਿਹਾ ਹੈ। ਅੰਨ ਯੋਜਨਾ ਦਾ ਸਿਹਰਾ ਤਾਂ ਮੈਂ ਆਪਣੇ ਪਿਤਾ ਰਾਮਵਿਲਾਸ ਪਾਸਵਾਨ ਨੂੰ ਵੀ ਦਿੰਦਾ ਹਾਂ। ਜਦੋਂ ਉਹ ਖੁਰਾਕ ਮੰਤਰੀ ਸਨ ਤਾਂ ਉਨ੍ਹਾਂ ਕੋਵਿਡ ਕਾਲ ਵਿਚ ਲੋਕਾਂ ਤਕ ਭੋਜਨ ਪਹੁੰਚਾਇਆ ਅਤੇ ਅੱਜ ਵੀ ਦੇਸ਼ ਦੇ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦਿੱਤਾ ਜਾ ਰਿਹਾ ਹੈ। ਦੇਸ਼ ਵਿਚ ਅਜਿਹੇ ਲੋਕਾਂ ਨੂੰ ਆਰਥਿਕ ਮਜ਼ਬੂਤੀ ਮਿਲੀ ਹੈ।
‘ਬਿਹਾਰੀ ਪ੍ਰਥਮ ਔਰ ਬਿਹਾਰ ਪ੍ਰਥਮ’ ਨਾਅਰਾ ਹੁਣ ਕਿੰਨਾ ਕੰਮ ਕਰ ਰਿਹਾ ਹੈ ?
ਲੋਕਾਂ ਵਿਚ ਇਹ ਹੁਣ ਵੀ ਸਫਲ ਹੈ ਪਰ ਇਹ ਹੋਰ ਮਜ਼ਬੂਤੀ ਨਾਲ ਕੰਮ ਕਰੇ, ਇਸ ਦੇ ਲਈ ਮੈਂ ਜਲਦ ਬਿਹਾਰ ਵਾਪਸ ਜਾਣਾ ਚਾਹੁੰਦਾ ਹਾਂ। ਮੇਰਾ ਸਿਆਸਤ ਵਿਚ ਆਉਣ ਦਾ ਕਾਰਨ ਵੀ ਇਹੀ ਰਿਹਾ, ਮੈਂ ਇਸੇ ਸੋਚ ਨਾਲ ਕੰਮ ਕੀਤਾ। ਹੁਣ ਬਿਹਾਰੀ ਜੋ ਦੂਜੇ ਸੂਬਿਆਂ ਜਾਂ ਦੇਸ਼ਾਂ ਵਿਚ ਹਨ, ਉਨ੍ਹਾਂ ਦੀ ਪੀੜਾ ਮੈਂ ਵੇਖੀ ਹੈ ਕਿਉਂਕਿ ਸੂਬੇ ਵਿਚ ਓਨਾ ਵਿਕਾਸ, ਈਕੋ ਸਿਸਟਮ ’ਤੇ ਕੰਮ ਨਹੀਂ ਹੋਇਆ। ਅੱਜ ਵੀ ਮੇਰੇ ਬੱਚੇ ਪੜ੍ਹਨ ਲਈ ਕੋਟਾ ਜਾਂਦੇ ਹਨ। ਉੱਥੇ ਪੜ੍ਹਾਉਣ ਵਾਲੇ ਟੀਚਰ ਬਿਹਾਰੀ, ਪੜ੍ਹਨ ਵਾਲੇ ਵਿਦਿਆਰਥੀ ਬਿਹਾਰੀ ਅਤੇ ਜ਼ਿਆਦਾਤਰ ਵਿੱਦਿਅਕ ਸੰਸਥਾਵਾਂ ਵੀ ਬਿਹਾਰ ਦੇ ਲੋਕਾਂ ਦੀਆਂ ਹਨ ਪਰ ਵਿਵਸਥਾ ਰਾਜਸਥਾਨੀ ਹੈ। ਇਹ ਵਿਵਸਥਾ ਬਿਹਾਰ ਦੇ ਵੱਖ-ਵੱਖ ਜ਼ਿਲਿਆਂ ਵਿਚ ਹੋ ਸਕਦੀ ਹੈ ਪਰ ਇਸ ਨੂੰ ਸਹੀ ਢੰਗ ਨਾਲ ਅਪਨਾਉਣ ਅਤੇ ਪਾਲਣਾ ਕਰਨ ਲਈ ਬਿਹਾਰ ਵਿਚ ਹੀ ਰਹਿਣਾ ਪਵੇਗਾ।
ਲੋਕ ਕਹਿ ਰਹੇ ਹਨ ਕਿ ਚਿਰਾਗ ਪਾਸਵਾਨ ਬਿਹਾਰ ਲਈ ਕਦੋਂ ਕੰਮ ਕਰਨਗੇ?
ਇਹ ਇਕ ਤ੍ਰਾਸਦੀ ਹੀ ਰਹੀ ਕਿ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ ਪਾਸਵਾਨ) ਬਹੁਤ ਥੋੜ੍ਹਾ ਸਮਾਂ ਛੱਡ ਕੇ ਕਦੇ ਵੀ ਸੂਬਾ ਸਰਕਾਰ ਦਾ ਹਿੱਸਾ ਵੱਖ-ਵੱਖ ਕਾਰਨਾਂ ਕਰ ਕੇ ਬਣ ਹੀ ਨਹੀਂ ਸਕੀ। ਅੱਜ ਦੀ ਤਰੀਕ ’ਚ ਮੈਂ ਕੇਂਦਰ ਸਰਕਾਰ ’ਚ ਹਾਂ ਪਰ ਬਿਹਾਰ ’ਚ ਸਰਕਾਰ ਦਾ ਸਮਰਥਨ ਕਰ ਰਿਹਾ ਹਾਂ, ਸਰਕਾਰ ਦਾ ਹਿੱਸਾ ਨਹੀਂ ਹਾਂ। ਫੈਸਲਾ ਲੈਣ ਵਾਲੇ ਹਿੱਸੇ ’ਚ ਮੈਂ ਸ਼ਾਮਲ ਨਹੀਂ ਹਾਂ। ਅਜਿਹੀ ਸਥਿਤੀ ’ਚ ਮੈਂ ਆਪਣੇ ਆਪ ਨੂੰ ਉਸ ਭੂਮਿਕਾ ’ਚ ਜ਼ਰੂਰ ਦੇਖਣਾ ਚਾਹੁੰਦਾ ਹਾਂ, ਜਿਸ ’ਚ ਸਰਕਾਰੀ ਏਜੰਡੇ ਦਾ ਹਿੱਸਾ, ਬਿਹਾਰੀ ਪ੍ਰਥਮ ਤੇ ਬਿਹਾਰ ਫਸਟ ਬਣੇ ਅਤੇ ਜਿਸ ਵਿਕਸਿਤ ਭਾਰਤ ਦੀ ਕਲਪਨਾ ਪ੍ਰਧਾਨ ਮੰਤਰੀ ਮੋਦੀ ਕਰਦੇ ਹਨ, ਉਹ ਵੀ ਪੂਰੀ ਹੋਵੇਗੀ, ਜਦੋਂ ਬਿਹਾਰ ਵਿਕਸਿਤ ਹੋਵੇਗਾ।
ਪਾਰਟੀ ਦਾ ਆਲ ਇੰਡੀਆ ਐਕਸਟੈਂਸ਼ਨ ਮੋਡ ਹੈ ਕੀ?
ਮੈਨੂੰ ਖੁਸ਼ੀ ਹੈ ਕਿ ਪਾਰਟੀ ਨੇ ਪਿਛਲੇ ਸਾਲਾਂ ’ਚ ਆਪਣੇ ਦਾਇਰੇ ਨੂੰ ਵਧਾਇਆ ਹੈ ਤੇ ਅਸੀਂ ਉੱਤਰ-ਪੂਰਬੀ ਸੂਬਿਆਂ ’ਚ ਪਹੁੰਚ ਕੀਤੀ ਹੈ। ਅੱਜ ਦੀ ਤਰੀਕ ’ਚ ਮੇਰੇ 2 ਵਿਧਾਇਕ ਨਾਗਾਲੈਂਡ ’ਚ ਹਨ। ਕਈ ਵਾਰ ਅਸੀਂ ਝਾਰਖੰਡ ’ਚ ਚੋਣਾਂ ਲੜੀਆਂ, ਅਸਫਲ ਰਹੇ ਪਰ ਪਿਛਲੀਆਂ ਚੋਣਾਂ ’ਚ ਸਾਡਾ ਇਕ ਵਿਧਾਇਕ ਝਾਰਖੰਡ ਤੋਂ ਵੀ ਜਿੱਤਿਆ। ਹੌਲੀ-ਹੌਲੀ ਪਾਰਟੀ ਦਾ ਵਿਸਥਾਰ ਹੋਇਆ। ਆਉਣ ਵਾਲੇ ਦਿਨਾਂ ਵਿਚ ਪਾਰਟੀ ਦਾ ਹੋਰ ਵਿਸਥਾਰ ਖਾਸ ਤੌਰ ’ਤੇ ਉੱਤਰ ਪ੍ਰਦੇਸ਼ ਅਤੇ ਪੰਜਾਬ ਵਰਗੇ ਸੂਬਿਆਂ ’ਚ ਕੀਤਾ ਜਾਵੇਗਾ।
ਦਲਿਤਾਂ ਨੂੰ ਲੈ ਕੇ ਬਿਹਾਰ ’ਚ ਮਹਾਦਲਿਤ ਤੇ ਹੋਰ ਕਈ ਤਰ੍ਹਾਂ ਦੀ ਸਿਆਸਤ ਹੋਈ, ਤੁਸੀਂ ਕਿਵੇਂ ਇਸ ਨੂੰ ਆਪਣੇ ਪੱਖ ’ਚ ਕੀਤਾ ?
ਇਹ ਇਕ ਮਾਨਸਿਕ ਵਿਚਾਰ ਹੈ ਹੋਰ ਕੁਝ ਨਹੀਂ। ਜਦੋਂ ਤੁਸੀਂ ਇਸ ਸੋਚ ਨੂੰ ਬਦਲਦੇ ਹੋ ਤਾਂ ਹੌਲੀ-ਹੌਲੀ ਚੀਜ਼ਾਂ ਆਪਣੇ ਆਪ ਬਦਲਣ ਲੱਗ ਪੈਂਦੀਆਂ ਹਨ। ਪਹਿਲੀ ਗੱਲ ਤਾਂ ਇਹ ਹੈ ਕਿ ਦਲਿਤ ਅਤੇ ਮਹਾਦਲਿਤ ਇਨ੍ਹਾਂ ਚੀਜ਼ਾਂ ਨੂੰ ਮੈਂ ਮੰਨਦਾ ਹੀ ਨਹੀਂ। ਅਨੁਸੂਚਿਤ ਜਾਤੀ, ਜੋ ਸੰਵਿਧਾਨ ਟਰਮਨੋਲਾਜੀ ’ਚ ਸ਼ਾਮਲ ਹੈ, ਇਸ ’ਚ ਉਨ੍ਹਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਦਾ ਆਧਾਰ ਛੂਤ-ਛਾਤ ਰਿਹਾ ਹੈ। ਜਿਨ੍ਹਾਂ ਨਾਲ ਵਿਤਕਰਾ ਕੀਤਾ ਗਿਆ। ਸਿਆਸੀ ਲਾਭ ਹਾਸਲ ਕਰਨ ਲਈ ਉਨ੍ਹਾਂ ਨੂੰ ਵੱਖ-ਵੱਖ ਸਮੂਹਾਂ ਵਿਚ ਵੰਡਣ ਦੀ ਕੋਸ਼ਿਸ਼ ਕੀਤੀ ਗਈ ਪਰ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਾਂਗੇ ਤਾਂ ਹੀ ਉਸ ਵਰਗ ਦਾ ਵਿਕਾਸ ਹੋ ਸਕਦਾ ਹੈ ਅਤੇ ਇਹੀ ਮੈਂ ਕਰ ਰਿਹਾ ਹਾਂ।
ਮੈਂ ਚਾਹੁੰਦਾ ਹਾਂ ਕਿ ਬਿਹਾਰ ’ਚ 14 ਕਰੋੜ ਬਿਹਾਰੀਆਂ ਦੀ ਗੱਲ ਹੋਵੇ। ਜਦੋਂ ਮੈਂ ਸਿਆਸਤ ’ਚ ਆਇਆ ਤਾਂ ਮੈਨੂੰ ਮੁਸਲਮਾਨਾਂ ਅਤੇ ਬ੍ਰਾਹਮਣਾਂ ਸਮੇਤ ਹੋਰ ਭਾਈਚਾਰਿਆਂ ਦੇ ਲੋਕ ਮਿਲਦੇ ਸਨ ਪਰ ਬਿਹਾਰੀ ਨਹੀਂ ਮਿਲਦੇ ਸਨ। ਮੈਂ ਇਹ ਬਦਲਣਾ ਚਾਹੁੰਦਾ ਹਾਂ। ਜਾਤਾਂ ਦੇ ਜਾਲ ਤੋਂ ਤੁਸੀਂ ਵੀ ਅਣਛੋਹ ਨਹੀਂ ਹੋ। ਕੀ ਨੇੜਲੇ ਭਵਿੱਖ ’ਚ ਬਿਨਾਂ ਜਾਤੀਆਂ ਦੇ ਆਧਾਰ ’ਤੇ ਗੱਲ ਹੋ ਸਕਦੀ ਹੈ?
ਇਸ ਲਈ ਸਾਰਿਆਂ ਦਾ ਵਿਸ਼ਵਾਸ ਜ਼ਰੂਰੀ ਹੈ। ਇਸ ਉਦੇਸ਼ ’ਤੇ ਮੇਰੀ ਸਰਕਾਰ ਕੰਮ ਵੀ ਕਰ ਰਹੀ ਹੈ, ‘ਸਬਕਾ ਸਾਥ, ਸਬਕਾ ਵਿਸ਼ਵਾਸ’ ਪਰ ਕਈ ਸਿਆਸੀ ਪਾਰਟੀਆਂ ਹਨ, ਜੋ ਧਰਮ ਅਤੇ ਜਾਤ ਦੇ ਨਾਂ ’ਤੇ ਵੰਡਣ ਦੀ ਸਿਆਸਤ ਕਰਦੀਆਂ ਹਨ। ਰਾਸ਼ਟਰੀ ਜਨਤਾ ਦਲ ਵੀ ਇਸ ਦਾ ਬਹੁਤ ਜ਼ੋਰਦਾਰ ਪ੍ਰਚਾਰ ਕਰਦਾ ਹੈ। ਜ਼ਰੂਰੀ ਹੈ ਲੋਕਾਂ ਦਾ ਵਿਸ਼ਵਾਸ ਜਿੱਤਿਆ ਜਾਵੇ।
ਮਨ ਕਿਸ ਦੇ ਨਾਲ ਹਲਕਾ ਕਰਦੇ ਹੋ, ਗੱਲਾਂ ਮਾਰਨ ਲਈ ਵਿਹਲ ਮਿਲਦੀ ਹੈ ਕੀ ?
ਮਾਂ ਮੇਰੀ ਸਭ ਤੋਂ ਚੰਗੀ ਦੋਸਤ ਹੈ। ਉਸ ਨਾਲ ਮੈਂ ਬਹੁਤ ਸਮਾਂ ਬਿਤਾਉਂਦਾ ਹਾਂ, ਉਸ ਨਾਲ ਬਹੁਤ ਗੱਲਾਂ ਕਰਦਾ ਹਾਂ। ਉਸ ਕੋਲੋਂ ਪੁਰਾਣੀਆਂ ਗੱਲਾਂ ਸੁਣਦਾ ਹਾਂ ਤੇ ਆਪਣੇ ਬਾਰੇ ਦੱਸਦਾ ਹਾਂ। ਉਨ੍ਹਾਂ ਕੋਲੋਂ ਬਹੁਤ ਊਰਜਾ ਮਿਲਦੀ ਹੈ। ਮੈਂ ਰਸੋਈ ’ਚ ਬਹੁਤਾ ਕੁਝ ਨਹੀਂ ਬਣਾ ਸਕਦਾ। ਮੇਰੇ ਪਿਤਾ ਜੀ ਬਹੁਤ ਕੁਝ ਬਣਾ ਲੈਂਦੇ ਸਨ ਅਤੇ ਉਨ੍ਹਾਂ ਨੂੰ ਖੁਆਉਣ ਦਾ ਬਹੁਤ ਸ਼ੌਕ ਸੀ। ਮੈਂ ਇਸ ਮਾਮਲੇ ਵਿਚ ਕਮਜ਼ੋਰ ਹਾਂ।
ਪ੍ਰਫਾਰਮਿੰਗ ਆਰਟ ਹਰ ਵਿਅਕਤੀ ਨੂੰ ਆਉਣੀ ਚਾਹੀਦੀ, ਤੁਹਾਡੀ ਕੀ ਰਾਏ ਹੈ ?
ਮੇਰਾ ਮੰਨਣਾ ਹੈ ਕਿ ਤੁਹਾਨੂੰ ਚੀਜ਼ਾਂ ਬਾਰੇ ਕੁਝ ਗਿਆਨ ਹੋਣਾ ਚਾਹੀਦਾ ਹੈ। ਮੈਨੂੰ ਸੰਗੀਤ ’ਚ ਦਿਲਚਸਪੀ ਹੈ ਅਤੇ ਮੈਂ ਫਿਲਮਾਂ ਨਾਲ ਜੁੜਿਆ ਹੋਇਆ ਹਾਂ। ਮੈਂ ਸੰਪਰਕ ਬਣਾਈ ਰੱਖਣ ਦੀ ਕੋਸ਼ਿਸ਼ ਕਰਦਾ ਹਾਂ, ਜਦੋਂ ਵੀ ਮੈਨੂੰ ਮੌਕਾ ਮਿਲਦਾ ਹੈ ਮੈਂ ਓ.ਟੀ.ਟੀ. ’ਤੇ ਸੀਰੀਜ਼ ਦੇਖਦਾ ਹਾਂ। ਇਸ ਨਾਲ ਮਨ ਵੀ ਤਰੋਤਾਜ਼ਾ ਹੁੰਦਾ ਹੈ। ਮੈਂ ਫਿਟਨੈੱਸ ’ਤੇ ਪੂਰਾ ਧਿਆਨ ਦਿੰਦਾ ਹਾਂ। ਮੈਂ ਨਿਯਮਿਤ ਤੌਰ ’ਤੇ ਸਾਈਕਲ ਚਲਾਉਂਦਾ ਹਾਂ ਅਤੇ ਸਵਿਮਿੰਗ ਕਰਦਾ ਹਾਂ।
ਰਾਮਵਿਲਾਸ ਪਾਸਵਾਨ ਨੇ 6 ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ, ਪਿਤਾ ਤੋਂ ਤੁਸੀਂ ਕੀ-ਕੀ ਸਿੱਖਿਆ ਹੈ ?
ਜਿਨ੍ਹਾਂ ਨੇ ਦੇਸ਼ ਦੇ 6 ਪ੍ਰਧਾਨ ਮੰਤਰੀਆਂ ਨਾਲ ਕੰਮ ਕੀਤਾ, ਉਨ੍ਹਾਂ ਦੇ ਤਜਰਬੇ ਦਾ ਦਾਇਰਾ ਕਿੰਨਾ ਵਿਸ਼ਾਲ ਹੋਵੇਗਾ। ਮੇਰੇ ਆਦਰਸ਼ ਹਨ ਮੇਰੇ ਪਿਤਾ। ਜੋ ਕੁਝ ਵੀ ਮੇਰੇ ਕੋਲ ਹੈ, ਉਨ੍ਹਾਂ ਵੱਲੋਂ ਹੀ ਦਿੱਤਾ ਗਿਆ ਹੈ ਪਰ ਇਹੀ ਸਵਾਲ ਮੇਰੇ ਪਿਤਾ ਤੋਂ ਪੁੱਛਦੇ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਕਿ ਮੱਛੀ ਦੇ ਬੱਚੇ ਨੂੰ ਤੈਰਨਾ ਨਹੀਂ ਸਿਖਾਇਆ ਜਾਂਦਾ।
ਫੂਡ ਪ੍ਰੋਸੈਸਿੰਗ ਮੰਤਰਾਲੇ ’ਚ ਕੰਮ ਕਿਵੇਂ ਚੱਲ ਰਿਹਾ ਹੈ ?
ਇਹ ਮੰਤਰਾਲਾ ਸਭ ਤੋਂ ਮਹੱਤਵਪੂਰਨ ਹੈ ਪਰ ਸਭ ਤੋਂ ਵੱਧ ਇਸ ਦੀ ਅਣਦੇਖੀ ਕੀਤੀ ਗਈ ਹੈ। ਜਿੰਨੀ ਸੰਭਾਵਨਾ ਹੈ ਉਸ ’ਚ ਅਜੇ ਬਹੁਤ ਕੁਝ ਕਰਨਾ ਬਾਕੀ ਹੈ। ਪ੍ਰਧਾਨ ਮੰਤਰੀ ਦਾ ਵਿਜ਼ਨ ਭਾਰਤ ਨੂੰ ਦੁਨੀਆ ਦੇ ਸਾਹਮਣੇ ਇਕ ਗਲੋਬਲ ਫੂਡ ਬਾਸਕੇਟ ਵਜੋਂ ਪੇਸ਼ ਕਰਨਾ ਹੈ, ਇਹ ਸਾਡੀ ਤਾਕਤ ਹੈ। ਸਾਡਾ ਦੇਸ਼ ਇਕ ਖੇਤੀਬਾੜੀ ਪ੍ਰਧਾਨ ਦੇਸ਼ ਹੈ। ਅਸੀਂ ਨਾ ਸਿਰਫ਼ ਆਪਣੇ ਦੇਸ਼ ਨੂੰ ਸਗੋਂ ਵਿਦੇਸ਼ਾਂ ਦੇ ਉਨ੍ਹਾਂ ਦੇਸ਼ਾਂ ਨੂੰ ਵੀ ਭੋਜਨ ਸਪਲਾਈ ਕਰ ਸਕਦੇ ਹਾਂ ਜਿੱਥੇ ਭੋਜਨ ਪਦਾਰਥਾਂ ਦੀ ਘਾਟ ਹੈ। ਕਈ ਦੇਸ਼ਾਂ ਨਾਲ ਫੂਡ ਸਕਿਓਰਿਟੀ ਸਿਸਟਮ ਕਾਰੀਡੋਰ ਵੀ ਤਿਆਰ ਕੀਤਾ ਜਾ ਰਿਹਾ ਹੈ, ਸਾਡੀ ਗੱਲਬਾਤ ਚੱਲ ਰਹੀ ਹੈ। ਇਹ ਫੂਡ ਪ੍ਰੋਸੈਸਿੰਗ ਰਾਹੀਂ ਸੰਭਵ ਹੋਵੇਗਾ। ਦੇਸ਼ ਤੇ ਬਿਹਾਰ ਵਿਚ ਵਿਦੇਸ਼ਾਂ ਤੋਂ ਵੀ ਨਿਵੇਸ਼ ਕੀਤਾ ਗਿਆ। ਲੋਕ ਹੁਨਰਮੰਦ ਬਣ ਕੇ ਫੂਡ ਪ੍ਰੋਸੈਸਿੰਗ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ। ਹੁਣ ਤੱਕ ਸਿਰਫ਼ 2 ਅਜਿਹੇ ਸੰਸਥਾਨ ਹਨ, ਤੀਜਾ ਸੰਸਥਾਨ ਬਿਹਾਰ ’ਚ ਖੁੱਲ੍ਹਣ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਕਿੰਗਜ਼ ਨੂੰ ਲੱਗਾ ਵੱਡਾ ਝਟਕਾ ! ਟੀਮ ਨੇ ਖ਼ੁਦ ਪੋਸਟ ਕਰ ਦਿੱਤੀ ਜਾਣਕਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੋਹਲੇਧਾਰ ਮੀਂਹ ਕਾਰਨ ਕਈ ਹਿੱਸਿਆਂ 'ਚ ਭਰਿਆ ਪਾਣੀ, ਆਵਾਜਾਈ ਠੱਪ
NEXT STORY