ਨਵੀਂ ਦਿੱਲੀ— ਸੁਪਰੀਮ ਕੋਰਟ ਨੇ 21 ਸਾਲ ਤੋਂ ਚੱਲ ਰਹੇ ਪਤੀ-ਪਤਨੀ ਦਰਮਿਆਨ ਵਿਵਾਦ ਨੂੰ ਖ਼ਤਮ ਕਰ ਕੇ ਦੋਹਾਂ ਨੂੰ ਮਿਲਵਾ ਦਿੱਤਾ। ਦਰਅਸਲ ਸੁਪਰੀਮ ਕੋਰਟ ’ਚ ਆਂਧਰਾ ਪ੍ਰਦੇਸ਼ ਦੇ ਗੁੰਟੂਰ ਤੋਂ ਪਤੀ-ਪਤੀ ਦਰਮਿਆਨ ਵਿਵਾਦ ਦਾ ਮਾਮਲਾ ਪੁੱਜਾ ਸੀ। ਇਸ ਮਾਮਲੇ ਦੀ ਸੁਣਵਾਈ ਚੀਫ਼ ਜਸਟਿਸ ਐੱਨ. ਵੀ ਰਮੰਨਾ ਅਤੇ ਜਸਟਿਸ ਸੂਰਈਆਕਾਂਤ ਨੇ ਕੀਤੀ। ਇਸ ਕੇਸ ਵਿਚ ਪਤਨੀ ਨੇ ਦਾਜ ਦੇ ਮਾਮਲੇ ’ਚ ਪਤੀ ਨੂੰ ਸੁਣਵਾਈ ਗਈ ਜੇਲ੍ਹ ਦੀ ਸਜ਼ਾ ਵਧਾਉਣ ਲਈ ਸੁਪਰੀਮ ਕੋਰਟ ’ਚ ਪਟੀਸ਼ਨ ਲਾਈ ਸੀ। ਇਸ ਤੋਂ ਪਹਿਲਾਂ ਦੋਹਾਂ ਵਿਚਾਲੇ ਵਿਚੋਲਗੀ ਦੀਆਂ ਤਮਾਮ ਕੋਸ਼ਿਸ਼ਾਂ ਅਸਫ਼ਲ ਰਹੀਆਂ।
ਚੀਫ਼ ਜਸਟਿਸ ਰਮੰਨਾ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਪਤੀ ਅਤੇ ਪਤਨੀ ਦਾ ਵੀਡੀਓ ਕਾਨਫਰੰਸ ਜ਼ਰੀਏ ਆਪਣੇ ਸਾਹਮਣੇ ਗੱਲਬਾਤ ਕਰਾਉਣ ਦੀ ਵਿਸ਼ੇਸ਼ ਕੋਸ਼ਿਸ਼ ਕੀਤੀ ਸੀ। ਸੁਣਵਾਈ ਦੌਰਾਨ ਮਹਿਲਾ ਕੋਰਟ ਦੀ ਕਾਰਵਾਈ ਦੇ ਅੰਗਰੇਜ਼ੀ ’ਚ ਹੋਣ ਨੂੰ ਲੈ ਕੇ ਅਸਹਿਜ ਮਹਿਸੂਸ ਕਰ ਰਹੀ ਸੀ। ਚੀਫ਼ ਜਸਟਿਸ ਨੇ ਮਹਿਲਾ ਦੀ ਇਸ ਮੁਸ਼ਕਲ ਨੂੰ ਸਮਝਿਆ ਅਤੇ ਖੁਦ ਤੇਲਗੂ ਭਾਸ਼ਾ ’ਚ ਗੱਲਬਾਤ ਕੀਤੀ ਅਤੇ ਸਾਥੀ ਜਸਟਿਸ ਨੂੰ ਵੀ ਮਹਿਲਾ ਦੇ ਬਿਆਨ ਬਾਰੇ ਦੱਸਿਆ। ਮਹਿਲਾ ਨੇ ਪਤੀ ਨੂੰ ਸਜ਼ਾ ਦੇਣ ਦੀ ਮੰਗ ਕੀਤੀ। ਇਸ ’ਤੇ ਚੀਫ਼ ਜਸਟਿਸ ਨੇ ਉਸ ਨੂੰ ਸਮਝਾਇਆ ਕਿ ਉਸ ਦੇ ਪਤੀ ਦੇ ਜੇਲ੍ਹ ਜਾਣ ਦਾ ਮਤਲਬ ਹੈ ਕਿ ਉਸ ਦੀ ਨੌਕਰੀ ਚਲੀ ਜਾਵੇਗੀ ਅਤੇ ਇਸ ਤੋਂ ਬਾਅਦ ਉਹ ਗੁਜ਼ਾਰਾ ਭੱਤਾ ਦੇਣ ਦੀ ਸਥਿਤੀ ਵਿਚ ਵੀ ਨਹੀਂ ਰਹੇਗਾ। ਮਹਿਲਾ 20 ਸਾਲਾ ਤੋਂ ਗੁਜ਼ਾਰਾ ਭੱਤਾ ਲੈ ਰਹੀ ਸੀ। ਚੀਫ਼ ਜਸਟਿਸ ਨੇ ਮਹਿਲਾ ਨੂੰ ਤੇਲਗੂ ’ਚ ਕਾਨੂੰਨੀ ਸਥਿਤੀ ਦੱਸੀ ਅਤੇ ਸਪੱਸ਼ਟ ਕੀਤਾ ਕਿ ਇਸ ਨਾਲ ਪਤੀ-ਪਤਨੀ ਦੋਹਾਂ ਨੂੰ ਲਾਭ ਨਹੀਂ ਹੋਵੇਗਾ।
ਮਹਿਲਾ ਨੇ ਚੀਫ਼ ਜਸਟਿਸ ਦੀ ਸਲਾਹ ਸ਼ਾਂਤੀ ਨਾਲ ਸੁਣੀ ਅਤੇ ਇਸ ਤੋਂ ਬਾਅਦ ਪਤੀ ਨਾਲ ਰਹਿਣ ਨੂੰ ਸਹਿਮਤ ਹੋ ਗਈ। ਹਾਲਾਂਕਿ ਮਹਿਲਾ ਨੇ ਸ਼ਰਤ ਰੱਖੀ ਕਿ ਪਤੀ, ਉਸ ਦਾ ਅਤੇ ਉਸ ਦੇ ਇਕਲੌਤੇ ਪੁੱਤਰ ਦੀ ਠੀਕ ਤਰ੍ਹਾਂ ਨਾਲ ਦੇਖਭਾਲ ਕਰੇਗਾ। ਅਦਾਲਤ ਨੇ ਪਤੀ-ਪਤਨੀ ਨੂੰ ਦੋ ਹਫ਼ਤਿਆਂ ’ਤ ਵੱਖ-ਵੱਖ ਹਲਫ਼ਨਾਮਾ ਦਾਇਰ ਕਰਨ ਨੂੰ ਕਿਹਾ ਹੈ, ਜਿਸ ’ਚ ਜ਼ਿਕਰ ਹੋਵੇ ਕਿ ਉਹ ਇਕੱਠੇ ਰਹਿਣਾ ਚਾਹੁੰਦੇ ਹਨ। ਪਤਨੀ ਹਾਈਕੋਰਟ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ’ਚ ਦਾਇਰ ਅਪੀਲ ਵਾਪਸ ਲੈਣ ’ਤੇ ਸਹਿਮਤ ਹੋ ਗਈ। ਉਸ ਨੇ ਪਤੀ ਖ਼ਿਲਾਫ਼ ਦਾਜ ਦਾ ਮੁਕੱਦਮਾ ਖ਼ਤਮ ਕਰਨ ਦੀ ਅਰਜ਼ੀ ਦੇਣ ’ਤੇ ਸਹਿਮਤੀ ਜਤਾਈ। ਉੱਥੇ ਹੀ ਪਤੀ ਵੀ ਤਲਾਕ ਦੀ ਅਰਜ਼ੀ ਵੀ ਵਾਪਸ ਲੈਣ ’ਤੇ ਰਾਜ਼ੀ ਹੋ ਗਿਆ।
ਦੋਵਾਂ ਦਾ ਵਿਆਹ 1998 ਵਿੱਚ ਹੋਇਆ ਸੀ। ਇਕ ਸਾਲ ਬਾਅਦ, ਦੋਵਾਂ ਦੇ ਇੱਕ ਬੱਚਾ ਹੋਇਆ। ਕੁਝ ਦਿਨਾਂ ਬਾਅਦ ਪਤਨੀ ਨੇ ਪਤੀ ਅਤੇ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਇਆ। ਹੇਠਲੀ ਅਦਾਲਤ ਨੇ ਇਸ ਮਾਮਲੇ ਵਿਚ ਪਤੀ ਨੂੰ ਇਕ ਸਾਲ ਦੀ ਸਜ਼ਾ ਅਤੇ ਜੁਰਮਾਨਾ ਲਾਇਆ, ਜਦੋਂ ਕਿ ਬਾਕੀ ਮੁਲਜ਼ਮ ਬਰੀ ਹੋ ਗਏ। ਇਸ ਫੈਸਲੇ ਦੇ ਖਿਲਾਫ਼ ਪਤੀ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ। ਕੋਰਟ ਨੇ ਪਤੀ-ਪਤਨੀ ਦੇ ਵਿਵਾਦ ਨੂੰ ਸੁਲਝਾਉਣ ਲਈ ਵਿਚੋਲਗੀ ਦੀ ਸਲਾਹ ਦਿੱਤੀ ਸੀ ਪਰ ਕੋਈ ਹੱਲ ਨਹੀਂ ਨਿਕਲ ਸਕਿਆ।
ਮਸ਼ਰੂਮ ਦੀ ਖੇਤੀ ਨੇ ਬਦਲੀ ਓਡੀਸ਼ਾ ਦੇ ਇਸ ਪਿੰਡ ਦੀ ਨੁਹਾਰ, ਆਦਿਵਾਸੀ ਔਰਤ ਨੂੰ ਲੋਕ ਬੁਲਾਉਂਦੇ ਨੇ ‘ਮਸ਼ਰੂਮ ਮਾਂ’
NEXT STORY